ਬਿਜਲੀ ਦੀਆਂ ਨੀਵੀਆਂ ਤਾਰਾਂ ਦੀ ਸਪਾਰਕਿੰਗ ਨਾਲ ਟਰੈਕਟਰ, ਤੂੜੀ ਵਾਲੀ ਮਸ਼ੀਨ ਤੇ ਟਾਂਗਰ ਸੜਿਆ
ਪੰਡ ਲੰਡੇ ਦੇ ਲੋਕਾਂ ਨੇ ਆ ਕੇ ਅੱਗ 'ਤੇ ਕਾਬੂ ਪਾਇਆ।
ਬਾਘਾ ਪੁਰਾਣਾ, 26 ਅਪ੍ਰੈਲ (ਸੰਦੀਪ ਬਾਘੇਵਾਲੀਆ): ਅੱਜ ਇਥੇ ਸ਼ਾਮ ਪੰਜ ਕੁ ਵਜੇ ਖੇਤਾਂ ਵਿਚ ਤੂੜੀ ਬਣਾ ਰਹੇ ਕਿਸਾਨ ਦਾ ਟਰੈਕਟਰ ਅਤੇ ਤੂੜੀ ਰੀਪਰ ਦਾ ਬਿਜਲੀ ਦੀਆਂ ਨੀਵੀਆਂ ਤਾਰਾਂ ਨਾਲ ਟਕਰਾਉਣ ਨਾਲ ਟਰੈਕਟਰ, ਤੂੜੀ ਬਨਾਉਣ ਵਾਲੀ ਮਸ਼ੀਨ ਅਤੇ ਪੰਜ ਕਿਲੇ ਟਾਂਗਰ ਸੜ ਗਿਆ। ਪੰਡ ਲੰਡੇ ਦੇ ਲੋਕਾਂ ਨੇ ਆ ਕੇ ਅੱਗ 'ਤੇ ਕਾਬੂ ਪਾਇਆ। ਕਿਸਾਨਾਂ ਤੋਂ ਲਈ ਜਾਣਕਾਰੀ ਅਨੁਸਾਰ ਸਮਾਲਸਰ ਤੋਂ ਲੰਡੇ ਪਿੰਡ ਵਲ ਪੈਂਦੀਆਂ ਟੇਲਾਂ 'ਤੇ ਸਮਾਲਸਰ ਦਾ ਕਿਸਾਨ ਸ਼ਿੰਗਾਰਾ ਸਿੰਘ ਪੁੱਤਰ ਜੰਗ ਸਿੰਘ ਵਾਸੀ ਸਮਾਲਸਰ ਅਪਣੇ ਨਿਊ ਹਾਲੈਂਡ ਟਰੈਕਟਰ ਨਾਲ ਲੰਡੇ ਪਿੰਡ ਦੇ ਕਿਸਾਨ ਵਰਿੰਦਰ ਸਿੰਘ ਤੋਂ ਠੇਕੇ 'ਤੇ ਲਈ ਜ਼ਮੀਨ ਵਿਚ ਤੂੜੀ ਬਣਾ ਰਿਹਾ ਸੀ ਤਾਂ ਖੇਤਾਂ ਵਿਚੋਂ ਲੰਘਦੀਆਂ ਬਿਜਲੀਆਂ ਦੀਆਂ ਨੀਵੀਆਂ ਤਾਰਾਂ ਨਾਲ ਟਰਕਰਾਉਣ ਕਾਰਨ ਸਪਾਰਕਿੰਗ ਪੈਦਾ ਹੋ ਗਈ।
ਮੌਕੇ 'ਤੇ ਹੀ ਚੰਗਿਆੜੀ ਅੱਗ ਦਾ ਰੂਪ ਧਾਰਨ ਕਰ ਗਈ ਅਤੇ ਮਿੰਟਾਂ ਵਿਚ ਹੀ ਅੱਗ ਨੇ ਟਰੈਕਟਰ, ਤੂੜੀ ਬਨਾਉਣ ਵਾਲੀ ਮਸ਼ੀਨ, ਤੂੜੀ ਦੀ ਭਰੀ ਟਰਾਲੀ ਅਤੇ ਪੰਜ ਕਿੱਲੇ ਟਾਂਗਰ ਨੂੰ ਅਪਣੀ ਲਪੇਟ ਵਿਚ ਲੈ ਲਿਆ। ਅੱਗ ਲੱਗਣ ਸਾਰ ਹੀ ਨੇੜਲੇ ਘਰਾਂ ਨੇ ਸੂਚਨਾ ਦੋ ਪਿੰਡਾਂ ਵਿਚ ਸਪੀਕਰ ਨਾਲ ਪਹੁੰਚਾਈ। ਲੋਕਾਂ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਇਆ ਪਰ ਤਦ ਤਕ ਉਕਤ ਮਸ਼ੀਨਰੀ ਸੜ ਕੇ ਸਵਾਹ ਹੋ ਗਈ। ਇਸ ਸਬੰਧੀ ਹਲਕਾ ਪਟਵਾਰੀ ਗੁਰਚਰਨ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾ ਕਿਹਾ ਕਿ ਉਹ ਬਾਹਰ ਡਿਊਟੀ 'ਤੇ ਹਨ ਅਤੇ ਕਲ ਮੌਕਾ ਵੇਖ ਕੇ ਰੀਪੋਰਟ ਕਰਨਗੇ। ਇਸ ਸਬੰਧੀ ਐਸ.ਡੀ.ਓ. ਪਾਵਰਕਾਮ ਸਬ ਡਿਵੀਜ਼ਨ ਸਮਾਲਸਰ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਹੋ ਨਹੀਂ ਸਕੀ।