ਭਿੰਡੀ ਦੀ ਸਫ਼ਲ ਕਾਸ਼ਤ ਦੇ ਉਨਤ ਢੰਗ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਸਹਾਇਕ ਧੰਦੇ

ਇਸ ਕਿਸਮ ਦੇ ਪੱਤੇ ਡੂੰਘੇ, ਕੱਟਵੇਂ, ਗੂੜ੍ਹੇ ਹਰੇ ਰੰਗ ਦੇ ਅਤੇ ਕਿਨਾਰੇ ਦੰਦਿਆਂ ਵਾਲੇ ਹੁੰਦੇ ਹਨ।

ladies finger

ਭਿੰਡੀ ਹਰ ਤਰ੍ਹਾਂ ਦੀ ਜ਼ਮੀਨ ਵਿਚ ਪੈਦਾ ਕੀਤੀ ਜਾ ਸਕਦੀ ਹੈ। ਭਿੰਡੀ ਹਲਕੀ ਤੇਜ਼ਾਬੀ ਜ਼ਮੀਨ ਨੂੰ ਸਹਿਣ ਦੀ ਸਮਰੱਥਾ ਰਖਦੀ ਹੈ। ਇਸ ਕਿਸਮ ਦੇ ਬੂਟੇ ਦਰਮਿਆਨੇ ਉਚੇ ਅਤੇ ਇਸ ਦੀ ਡੰਡੀ ਉਤੇ ਜਾਮਣੀ ਰੰਗ ਦੇ ਡੱਬ ਹੁੰਦੇ ਹਨ। ਇਸ ਕਿਸਮ ਦੇ ਪੱਤੇ ਡੂੰਘੇ, ਕੱਟਵੇਂ, ਗੂੜ੍ਹੇ ਹਰੇ ਰੰਗ ਦੇ ਅਤੇ ਕਿਨਾਰੇ ਦੰਦਿਆਂ ਵਾਲੇ ਹੁੰਦੇ ਹਨ। ਇਸ ਕਿਸਮ ਦੇ ਪੱਤਿਆਂ, ਤਣੇ ਅਤੇ ਡੰਡੀ ਉਤੇ ਲੂੰ ਹੁੰਦੇ ਹਨ। ਇਸ ਦੇ ਫੱਲ ਦਰਮਿਆਨੇ ਲੰਮੇ, ਗੂੜ੍ਹੇ ਹਰੇ ਰੰਗ ਨਰਮ ਅਤੇ ਪੰਜ ਧਾਰੀਆਂ ਵਾਲੇ ਹੁੰਦੇ ਹਨ। 

ਉਤਰ ਭਾਰਤ ਦੇ ਮੈਦਾਨੀ ਇਲਾਕਿਆਂ ਵਿਚ ਬਹਾਰ ਰੁੱਤ ਵਿਚ ਭਿੰਡੀ ਦੀ ਬਿਜਾਈ ਫ਼ਰਵਰੀ-ਮਾਰਚ ਦੇ ਮਹੀਨੇ ਵਿਚ ਵੱਟਾਂ ਉਪਰ ਕਰਨੀ ਚਾਹੀਦੀ ਹੈ। ਪੰਦਰਾਂ ਤੋਂ ਅਠਾਰਾਂ ਕਿਲੋ ਬੀਜ ਪ੍ਰਤੀ ਏਕੜ ਅੱਧ ਫ਼ਰਵਰੀ ਦੀ ਬਿਜਾਈ ਵਾਸਤੇ, 8-10 ਕਿਲੋ ਬੀਜ ਮਾਰਚ ਦੀ ਬੀਜਾਈ ਵਾਸਤੇ ਕਾਫ਼ੀ ਹੈ। ਕਤਾਰ ਤੋਂ ਕਤਾਰ ਦਾ ਫ਼ਾਸਲਾ 45 ਸੈਂਟੀਮੀਟਰ ਅਤੇ ਬੂਟਿਆਂ ਵਿਚਕਾਰ ਫ਼ਾਸਲਾ 15 ਸੈਂਟੀਮੀਟਰ ਹੋਣਾ ਚਾਹੀਦਾ ਹੈ। ਜੇ ਬੀਜ ਨੂੰ ਬਿਜਾਈ ਤੋਂ ਪਹਿਲਾਂ 24 ਘੰਟੇ ਲਈ ਪਾਣੀ ’ਚ ਭਿਉਂ ਲਿਆ ਜਾਵੇ ਤਾਂ ਬੀਜ ਅਗੇਤਾ ਅਤੇ ਇਕਸਾਰ ਉਗਦਾ ਹੈ।

ਬੀਜਾਈ ਤੋਂ ਪਹਿਲਾਂ ਜ਼ਮੀਨ ਦੀ ਮਿੱਟੀ ਦੀ ਪਰਖ ਕਰਵਾ ਲੈਣੀ ਚਾਹੀਦੀ ਹੈ। ਖੇਤ ਦੀ ਤਿਆਰੀ ਵੇਲੇ 15-20 ਟਨ ਗਲੀ-ਸੜੀ ਰੂੜੀ ਖੇਤ ਵਿਚ ਪਾ ਦਿਉ। ਭਰਪੂਰ ਫ਼ਸਲ ਲਈ 36 ਕਿਲੋ ਨਾਈਟਰੋਜਨ (80 ਕਿਲੋ ਯੂਰੀਆ) ਪ੍ਰਤੀ ਏਕੜ ਆਮ ਜ਼ਮੀਨਾਂ ਵਾਸਤੇ ਬੀਜਾਈ ਵੇਲੇ ਅਤੇ ਅੱਧੀ ਪਹਿਲੀ ਤੁੜਾਈ ਤੋਂ ਬਾਅਦ ਪਾਉ। ਨਦੀਨ ਫ਼ਸਲ ਦਾ ਕਾਫ਼ੀ ਨੁਕਸਾਨ ਕਰਦੇ ਹਨ। ਇਸ ਲਈ 3-4 ਗੋਡੀਆਂ ਜ਼ਰੂਰੀ ਹਨ। ਪਹਿਲੀ ਗੋਡੀ ਬੀਜ ਉਗਣ ਤੋਂ 2 ਹਫ਼ਤੇ ਬਾਅਦ ਕਰੋ। ਫ਼ਸਲ ਬੀਜਣ ਤੋਂ 4 ਦਿਨ ਪਹਿਲਾਂ 800 ਮਿਲੀਲੀਟਰ ਨੂੰ ਇਕ ਲੀਟਰ ਬਾਸਾਲਿਨ 45 ਈ.ਸੀ. ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕੋ ਤੇ ਇਸ ਪਿੱਛੋਂ ਖੇਤ ਵਿਚ ਹੈਰੋ ਜ਼ਰੂਰ ਫੇਰੋ। ਜੇ ਉਪਰ ਦਸੀ ਦਵਾਈ ਨਾ ਮਿਲੇ ਤਾਂ 2 ਲੀਟਰ ਲਾਸੋ ਪ੍ਰਤੀ ਏਕੜ ਦੇ ਹਿਸਾਬ ਨਾਲ ਬੀਜਾਈ ਤੋਂ ਇਕ ਦਿਨ ਬਾਅਦ ਛਿੜਕੋ। 

ਦਵਾਈ ਨੂੰ 200-225 ਲੀਟਰ ਪਾਣੀ ਵਿਚ ਘੋਲ ਕੇ ਇਕਸਾਰ ਸਪਰੇਅ ਕਰੋ। ਜੇਕਰ ਇਸ ਪਿੱਛੋਂ ਖੇਤ ਵਿਚ ਕਾਫ਼ੀ ਨਦੀਨ ਦਿਸਣ ਤਾਂ ਬੀਜਾਈ ਤੋਂ 60 ਦਿਨਾਂ ਬਾਅਦ ਇਕ ਗੋਡੀ ਕਰੋ। ਸਟੌਂਪ 30 ਈ.ਸੀ. ਇਕ ਲੀਟਰ ਪ੍ਰਤੀ ਏਕੜ ਜਾਂ 750 ਮਿਲੀਲੀਟਰ ਪ੍ਰਤੀ ਏਕੜ (ਬੀਜਾਈ ਤੋਂ ਇਕ ਦਿਨ ਪਿੱਛੋਂ) ਇਕ ਗੋਡੀ ਨਦੀਨਾਂ ਦੀ ਰੋਕਥਾਮ ਕਰਨ ਵਿਚ ਬਰਾਬਰ ਕਾਮਯਾਬ ਹਨ। ਕਿਸਮ ਅਤੇ ਮੌਸਮ ਮੁਤਾਬਕ ਫ਼ਸਲ 45-50 ਦਿਨਾਂ ਵਿਚ ਤੋੜਨ ਲਈ ਤਿਆਰ ਹੋ ਜਾਂਦੀ ਹੈ। ਛੋਟੀ ਤੇ ਨਰਮ ਭਿੰਡੀ ਵੱਡੀ ਭਿੰਡੀ ਦੇ ਮੁਕਾਬਲੇ ਜ਼ਿਆਦਾ ਮਹਿੰਗੀ ਵਿਕਦੀ ਹੈ। ਇਸ ਲਈ ਜਦੋਂ ਭਿੰਡੀ ਤਕਰੀਬਨ 10 ਸੈਂਟੀਮੀਟਰ ਲੰਮੀ ਹੋਵੇ ਤਾਂ ਤੋੜ ਲੈਣੀ ਚਾਹੀਦੀ ਹੈ। ਆਮ ਤੌਰ ’ਤੇ 10-12 ਤੁੜਾਈਆਂ ਕੀਤੀਆਂ ਜਾ ਸਕਦੀਆਂ ਹਨ।