Farming News: ਪੰਜਾਬ ’ਚ ਚੌਲਾਂ ਨਾਲ ਨੱਕੋ-ਨੱਕ ਭਰੇ ਐਫ਼.ਸੀ.ਆਈ. ਦੇ ਗੋਦਾਮ
ਪਿਛਲੇ ਸਾਲ ਦੇ ਚੌਲਾਂ ਦਾ ਭੁਗਤਾਨ ਅਜੇ ਬਾਕੀ, ਇਸ ਸਾਲ ਵੀ ਕਿਸਾਨਾਂ ਦਾ ਝੋਨਾ ਮੰਡੀਆਂ ਵਿਚ ਰੁਲਣ ਦੇ ਆਸਾਰ
FCI godowns in Punjab overflowing with rice : ਪਿਛਲੇ ਸਾਲ ਵਾਂਗ ਇਸ ਸਾਲ ਵੀ ਭਾਰਤੀ ਖਾਦ ਨਿਗਮ (ਐਫ਼.ਸੀ.ਆਈ.) ਦੇ ਗੋਦਾਮ ਚੌਲਾਂ ਨਾਲ ਨੱਕੋ-ਨੱਕ ਭਰੇ ਪਏ ਹਨ ਤੇ ਪਿਛਲੇ ਸਾਲ ਦੇ ਝੋਨੇ ਦੀ ਕਸਟਮ ਮਿਲਿੰਗ ਦਾ ਭੁਗਤਾਨ ਅਜੇ ਵੀ ਬਾਕੀ ਹੈ ਤੇ ਜੇਕਰ ਕੇਂਦਰ ਸਰਕਾਰ ਵਲੋਂ ਪਹਿਲ ਦੇ ਅਧਾਰ ’ਤੇ ਪੰਜਾਬ ਦੇ ਗੋਦਾਮਾਂ ਵਿਚੋਂ ਚੌਲਾਂ ਦੀ ਢੋਆ-ਢੁਆਈ ਦੂਜੇ ਰਾਜਾਂ ਨੂੰ ਕਰਨ ਲਈ ਸਪੈਸ਼ਲ ਰੇਲਵੇ ਵੈਗਨਾਂ ਦਾ ਪ੍ਰਬੰਧ ਨਾ ਕੀਤਾ ਗਿਆ ਤਾਂ ਇਸ ਵਾਰ ਵੀ ਕਿਸਾਨਾਂ ਨੂੰ ਮੰਡੀਆਂ ਵਿਚ ਅਪਣੀ ਫ਼ਸਲ ਵੇਚਣ ਲਈ ਰੁਲਣਾ ਪੈ ਸਕਦਾ ਹੈ ।
ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ’ਚ ਲਗਭਗ 26 ਹਜ਼ਾਰ ਚੌਲਾਂ ਦੀਆਂ ਕਸਟਮ ਮਿਲਿੰਗ ਦੀਆਂ ਗੱਡੀਆਂ ਹਾਲੇ ਵੀ ਬਕਾਇਆ ਰਹਿੰਦੀਆਂ ਹਨ ਜੋ ਐਫ਼.ਸੀ.ਆਈ. ਦੇ ਗੋਦਾਮਾਂ ਵਿਚ ਜਗ੍ਹਾ ਨਾ ਹੋਣ ਕਾਰਨ ਸ਼ੈਲਰਾਂ ਵਿਚ ਪਈਆਂ ਹਨ। ਐਫ਼.ਸੀ.ਆਈ. ਦੇ ਸੂਤਰਾਂ ਅਨੁਸਾਰ ਲਗਭਗ 7 ਲੱਖ 67,603 ਮੀਟਰਕ ਟਨ ਚੌਲਾਂ ਦਾ ਭੁਗਤਾਨ ਹਾਲੇ ਸ਼ੈਲਰ ਮਾਲਕਾਂ ਵਲੋਂ ਕੀਤਾ ਜਾਣਾ ਹੈ। ਪੰਜਾਬ ਦੇ ਬਹੁਤੇ ਜ਼ਿਲ੍ਹੇ ਗੋਦਾਮਾਂ ਵਿਚ ਜਗ੍ਹਾ ਦੀ ਘਾਟ ਕਾਰਨ ਕਾਫ਼ੀ ਪੱਛੜ ਗਏ ਹਨ, ਜਿਨ੍ਹਾਂ ਵਿਚੋਂ ਮੋਗਾ ਜ਼ਿਲ੍ਹੇ ਦੇ ਸ਼ੈਲਰ ਮਾਲਕਾਂ ਵਲ ਲਗਭਗ 6300 ਗੱਡੀਆਂ, ਲੁਧਿਆਣਾ ਵੈਸਟ ਵਲ 2700, ਸੰਗਰੂਰ ਵਲ 2400, ਪਟਿਆਲਾ ਵਲ 850, ਮਾਨਸਾ ਵਲ 1450, ਕਪੂਰਥਲਾ ਵਲ 2000, ਬਰਨਾਲਾ 1500, ਬਠਿੰਡਾ ਵਲ 1770 ਤੇ ਜਲੰਧਰ ਦੇ ਸ਼ੈਲਰ ਮਾਲਕਾਂ ਵਲ ਲਗਭਗ 1000 ਗੱਡੀਆਂ ਬਕਾਇਆ ਪਈਆਂ ਹਨ।
ਇਸ ਤੋਂ ਇਲਾਵਾ ਪੰਜਾਬ ਦੇ ਦੂਜੇ ਜ਼ਿਲ੍ਹਿਆਂ ਵਿਚ ਵੀ ਕਸਟਮ ਮਿਲਿੰਗ ਦੇ ਚੌਲਾਂ ਦਾ ਭੁਗਤਾਨ ਅਜੇ ਬਕਾਇਆ ਹੈ। ਪੰਜਾਬ ਦੀਆਂ ਖ਼ਰੀਦ ਏਜੰਸੀਆਂ ਨਾਲ ਸ਼ੈਲਰ ਮਾਲਕਾਂ ਵਲੋਂ ਕੀਤੇ ਗਏ ਇਕਰਾਰਨਾਮੇ ਅਨੁਸਾਰ ਸ਼ੈਲਰਾਂ ਵਿਚ ਸਟੋਰ ਕੀਤੇ ਗਏ ਝੋਨੇ ਵਿਚੋਂ ਚੌਲਾਂ ਦੀ ਕਸਟਮ ਮਿਲਿੰਗ ਦਾ ਕੰਮ 31 ਮਾਰਚ ਤਕ ਨਿਬੇੜਨਾ ਹੁੰਦਾ ਹੈ ਪਰ ਗੋਦਾਮਾਂ ਵਿਚ ਜਗ੍ਹਾ ਦੀ ਘਾਟ ਕਾਰਨ ਕੇਂਦਰ ਸਰਕਾਰ ਕੋਲੋਂ ਪੰਜਾਬ ਸਰਕਾਰ ਕਸਟਮ ਮਿਲਿੰਗ ਦੀ ਤਰੀਕ ਹਰ ਮਹੀਨੇ ਵਧਾ ਲੈਂਦੀ ਹੈ ਪਰ ਹੁਣ ਜੁਲਾਈ ਦਾ ਮਹੀਨਾ ਵੀ ਖ਼ਤਮ ਹੋਣ ’ਤੇ ਹੈ। ਜੇਕਰ ਅਗੱਸਤ ਮਹੀਨੇ ਵਿਚ ਵੀ ਗੋਦਾਮਾਂ ਵਿਚ ਜਗ੍ਹਾ ਨਾ ਬਣ ਸਕੀ ਤੇ ਚੌਲਾਂ ਦਾ ਭੁਗਤਾਨ ਨਾ ਹੋ ਸਕਿਆ ਤਾਂ 15 ਸਤੰਬਰ ਤੋਂ ਨਵਾਂ ਝੋਨਾ ਆਉਣਾ ਸ਼ੁਰੂ ਹੋ ਜਾਵੇਗਾ। ਇਸ ਤਰ੍ਹਾਂ ਸ਼ੈਲਰ ਮਾਲਕ ਨਵੇਂ ਝੋਨੇ ਨੂੰ ਅਪਣੇ ਸ਼ੈਲਰਾਂ ਵਿਚ ਸਟੋਰ ਕਰਵਾਉਣ ਤੋਂ ਘੇਸਲ ਵੱਟ ਸਕਦੇ ਹਨ ਜਿਸ ਕਾਰਨ ਕਿਸਾਨਾਂ ਦਾ ਝੋਨਾ ਮੰਡੀਆਂ ਵਿਚ ਰੁਲ ਸਕਦਾ ਹੈ।
ਪਿਛਲੇ ਵਰ੍ਹੇ ਵੀ ਮੰਡੀਆਂ ਵਿਚ ਝੋਨੇ ਦੇ ਰੇਟਾਂ ਵਿਚ ਕੱਟ ਲਗਾ ਕੇ ਅੰਨ੍ਹੀ ਲੁੱਟ ਕੀਤੀ ਗਈ ਸੀ ਕਿਉਂਕਿ ਝੋਨੇ ਦਾ ਸੀਜ਼ਨ ਸ਼ੁਰੂ ਹੁੰਦੇ ਹੀ ਗੋਦਾਮਾਂ ਵਿਚ ਜਗ੍ਹਾ ਨਾ ਹੋਣ ਦਾ ਮੁੱਦਾ ਲੈ ਕੇ ਸ਼ੈਲਰ ਮਾਲਕ ਹੜਤਾਲ ’ਤੇ ਚਲੇ ਗਏ ਸੀ ਪਰ ਪੰਜਾਬ ਸਰਕਾਰ ਵਲੋਂ ਪਹਿਲ ਦੇ ਅਧਾਰ ’ਤੇ ਗੋਦਾਮਾਂ ਵਿਚ ਜਗ੍ਹਾ ਬਣਾਉਣ ਦੇ ਦਿਤੇ ਭਰੋਸੇ ਤੋਂ ਬਾਅਦ ਸ਼ੈਲਰ ਮਾਲਕਾਂ ਨੇ ਹੜਤਾਲ ਖੋਲ੍ਹ ਦਿਤੀ ਸੀ ਤੇ ਝੋਨਾ ਸ਼ੈਲਰਾਂ ਵਿਚ ਲੱਗਣਾ ਸ਼ੁਰੂ ਹੋ ਗਿਆ ਸੀ।
ਪਿਛਲੇ ਸਾਲ ਦੇ ਵਰਤਾਰੇ ਨੂੰ ਦੇਖਦਿਆਂ ਪੰਜਾਬ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਸ ਵਾਰੀ ਅਗੇਤੇ ਹੀ ਇਸ ਸਮੱਸਿਆ ਦਾ ਹੱਲ ਕੱਢਣ ਲਈ ਕੇਂਦਰ ਸਰਕਾਰ ਵਿਚ ਖ਼ੁਰਾਕ ਤੇ ਸਪਲਾਈ ਮੰਤਰੀ ਪ੍ਰਹਿਲਾਦ ਜੋਸ਼ੀ ਨਾਲ ਪਿਛਲੇ ਦਿਨੀ ਦਿੱਲੀ ਵਿਚ ਮੀਟਿੰਗ ਕੀਤੀ ਹੈ ਤੇ ਉਨ੍ਹਾਂ ਨੇ ਮੰਗ ਕੀਤੀ ਹੈ ਕਿ ਐਫ਼.ਸੀ.ਆਈ. ਦੇ ਗੋਦਾਮਾਂ ਵਿਚੋਂ ਚੌਲਾਂ ਦੀ ਨਿਕਾਸੀ ਦੂਜੇ ਰਾਜਾਂ ਨੂੰ ਤੇਜ਼ ਕੀਤੀ ਜਾਵੇ ਤਾਂ ਜੋ ਪਿਛਲੇ ਸਾਲ ਦੀ ਤਰ੍ਹਾਂ ਮੰਡੀਆਂ ਵਿਚ ਜਿਵੇਂ ਕਿਸਾਨ ਰੁਲਣ ਲਈ ਮਜਬੂਰ ਹੋਏ ਸੀ, ਉਸ ਤੋਂ ਬਚਿਆ ਜਾ ਸਕੇ। ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਭਰੋਸਾ ਦਿਤਾ ਹੈ ਕਿ ਉਹ ਛੇਤੀ ਹੀ ਪੰਜਾਬ ਵਿਚੋਂ ਚੌਲਾਂ ਦੀ ਨਿਕਾਸੀ ਲਈ ਸਪੈਸ਼ਲ ਰੇਲਵੇ ਵੈਗਨਾਂ ਦਾ ਪ੍ਰਬੰਧ ਕਰੇਗੀ। ਹੁਣ ਸਮਾਂ ਦੱਸੇਗਾ ਕਿ ਕੇਂਦਰ ਸਰਕਾਰ ਪੰਜਾਬ ਸਰਕਾਰ ਨੂੰ ਦਿਤੇ ਭਰੋਸੇ ’ਤੇ ਕਿੰਨਾ ਕੁ ਖਰਾ ਉਤਰਦੀ ਹੈ।
ਸ੍ਰੀ ਫ਼ਤਿਹਗੜ੍ਹ ਸਾਹਿਬ ਤੋਂ ਸੁਰਜੀਤ ਸਿੰਘ ਸਾਹੀ ਦੀ ਰਿਪੋਰਟ
"(For more news apart from “FCI godowns in Punjab overflowing with rice, ” stay tuned to Rozana Spokesman.)