ਕੜਾਕੇ ਦੀ ਠੰਡ ਵਿਚ ਕਿਸ ਤਰ੍ਹਾਂ ਰੱਖੀਏ ਪਸ਼ੂਆਂ ਅਤੇ ਜਾਨਵਰਾਂ ਦਾ ਧਿਆਨ? ਪੜ੍ਹੋ ਵੇਰਵਾ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਸਹਾਇਕ ਧੰਦੇ

ਇਨ੍ਹਾਂ ਤਰੀਕਿਆਂ ਦਾ ਪਾਲਣ ਕਰ ਕੇ ਪਸ਼ੂਆਂ ਤੋਂ ਦੂਰ ਰੱਖ ਸਕਦੇ ਹੋ ਕਈ ਬਿਮਾਰੀਆਂ 

animals


ਚੰਡੀਗੜ੍ਹ: ਸਰਦੀਆਂ ਵਿਚ ਪਸ਼ੂਆਂ ਨੂੰ ਆਮ ਦਿਨਾਂ ਨਾਲੋਂ ਜ਼ਿਆਦਾ ਦੇਖਭਾਲ ਦੀ ਲੋੜ ਹੁੰਦੀ ਹੈ। ਤਾਪਮਾਨ ਵਿਚ ਗਿਰਾਵਟ ਕਾਰਨ ਪਸ਼ੂਆਂ ਵਿਚ ਇਨਫੈਕਸ਼ਨ ਹੋਣ ਕਾਰਨ ਬਿਮਾਰ ਹੋਣ ਦਾ ਖਤਰਾ ਵੱਧ ਜਾਂਦਾ ਹੈ।  ਅਜਿਹੇ 'ਚ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਕੜਾਕੇ ਦੀ ਠੰਡ ਵਿਚ ਜਾਨਵਰਾਂ ਦੀ ਦੇਖਭਾਲ ਕਿਵੇਂ ਕਰ ਸਕਦੇ ਹੋ ਅਤੇ ਸਰਦੀਆਂ ਵਿਚ ਉਨ੍ਹਾਂ ਨੂੰ ਸੁਰੱਖਿਅਤ ਕਿਵੇਂ ਰੱਖ ਸਕਦੇ ਹੋ। 

ਪਸ਼ੂਆਂ ਨੂੰ ਠੰਡ ਤੋਂ ਬਚਾਉਣ ਦੇ ਤਰੀਕੇ:
- ਜੇ ਤੁਸੀਂ ਆਪਣੇ ਪਸ਼ੂਆਂ ਨੂੰ ਠੰਡੀਆਂ ਹਵਾਵਾਂ ਤੋਂ ਬਚਾਉਣਾ ਚਾਹੁੰਦੇ ਹੋ ਤਾਂ ਉਨ੍ਹਾਂ ਨੂੰ ਜੂਟ ਦੀਆਂ ਬਣੀਆਂ ਬੋਰੀਆਂ ਪਾਓ। ਤੁਸੀਂ ਜਾਨਵਰਾਂ ਦੇ ਆਕਾਰ ਦਾ ਬਣਿਆ ਜੂਟ ਕੱਪੜਾ ਬਣਵਾ ਸਕਦੇ ਹੋ।
-ਇਸ ਗੱਲ ਦਾ ਖ਼ਾਸ ਧਿਆਨ ਰੱਖੋ ਕਿ ਜਿਸ ਘੇਰੇ ਵਿਚ ਤੁਸੀਂ ਪਸ਼ੂ ਰੱਖੇ ਹਨ, ਉੱਥੇ ਨਮੀ ਨਹੀਂ ਹੋਣੀ ਚਾਹੀਦੀ। ਜੇਕਰ ਪਸ਼ੂ ਜ਼ਿਆਦਾ ਦੇਰ ਤੱਕ ਗਿੱਲੀ ਥਾਂ 'ਤੇ ਰਹਿੰਦਾ ਹੈ ਤਾਂ ਉਸ ਦੇ ਬਿਮਾਰ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ।

- ਜਿਸ ਥਾਂ 'ਤੇ ਪਸ਼ੂਆਂ ਦੇ ਰਹਿਣ ਦਾ ਇੰਤਜ਼ਾਮ ਕੀਤਾ ਗਿਆ ਹੈ ਉੱਥੇ ਫਰਸ਼ 'ਤੇ ਹਮੇਸ਼ਾ ਇੱਕ ਬੋਰੀ ਜਾਂ ਤੂੜੀ ਰੱਖੋ ਤਾਂ ਜੋ ਜਾਨਵਰ ਨੂੰ ਠੰਡ ਵਿਚ ਸੁਰੱਖਿਅਤ ਰੱਖਿਆ ਜਾ ਸਕੇ। ਉਂਝ ਤਾਂ ਤੂੜੀ ਬੋਰੀਆਂ ਨਾਲੋਂ ਵੀ ਵਧੀਆ ਹੱਲ ਹੋ ਸਕਦਾ ਹੈ।
-ਸਰਦੀਆਂ ਦੌਰਾਨ ਪਸ਼ੂਆਂ ਨੂੰ ਤਾਜ਼ੀ ਅਤੇ ਸੰਤੁਲਿਤ ਖੁਰਾਕ ਦਿਓ। ਅਜਿਹਾ ਕਰਨ ਨਾਲ ਉਨ੍ਹਾਂ ਦੀ ਇਮਿਊਨਿਟੀ ਵਧੇਗੀ ਅਤੇ ਉਨ੍ਹਾਂ 'ਤੇ ਠੰਡ ਦਾ ਅਸਰ ਘੱਟ ਹੋਵੇਗਾ।

-ਆਪਣੇ ਪਸ਼ੂਆਂ ਨੂੰ ਹਰੇ ਅਤੇ ਮੁੱਖ ਚਾਰੇ ਨੂੰ 1:3 ਦੇ ਅਨੁਪਾਤ ਵਿਚ ਮਿਲਾ ਕੇ ਖੁਆਓ।
-ਜੇਕਰ ਹੋ ਸਕੇ ਤਾਂ ਪਸ਼ੂਆਂ ਦੇ ਪੀਣ ਲਈ ਕੋਸੇ ਪਾਣੀ ਦਾ ਪ੍ਰਬੰਧ ਕਰੋ ਤਾਂ ਜੋ ਉਨ੍ਹਾਂ ਦਾ ਸਰੀਰ ਗਰਮ ਪਾਣੀ ਨਾਲ ਗਰਮ ਹੋ ਸਕੇ।
-ਸਰਦੀਆਂ ਦੇ ਮੌਸਮ ਵਿਚ ਇਸ ਗੱਲ ਦਾ ਖਾਸ ਧਿਆਨ ਰੱਖੋ ਕਿ ਪਸ਼ੂ ਖੁੱਲ੍ਹੇ ਵਿੱਚ ਨਾ ਰਹਿਣ।

ਜਦੋਂ ਧੁੱਪ ਤੇਜ਼ ਹੋਵੇ ਤਾਂ ਜਾਨਵਰਾਂ ਨੂੰ ਸੂਰਜ ਦੀ ਰੌਸ਼ਨੀ ਵਿਚ ਬੰਨ੍ਹੋ ਕਿਉਂਕਿ ਸੂਰਜ ਦੀਆਂ ਕਿਰਨਾਂ ਕਈ ਤਰ੍ਹਾਂ ਦੇ ਕੀਟਾਣੂਆਂ ਨੂੰ ਨਸ਼ਟ ਕਰਨ ਦੀ ਸਮਰੱਥਾ ਰੱਖਦੀਆਂ ਹਨ। ਜਿਸ ਥਾਂ 'ਤੇ ਜਾਨਵਰਾਂ ਨੂੰ ਰੱਖਿਆ ਗਿਆ ਹੈ, ਉਥੋਂ ਦੀਆਂ ਖਿੜਕੀਆਂ ਅਤੇ ਦਰਵਾਜ਼ਿਆਂ 'ਤੇ ਮੋਟੀਆਂ ਬੋਰੀਆਂ ਪਾ ਦਿਓ ਤਾਂ ਜੋ ਸਰਦੀਆਂ ਦੇ ਮੌਸਮ ਵਿਚ ਹਵਾ ਚੱਲਣ 'ਤੇ ਪਸ਼ੂ ਸੁਰੱਖਿਅਤ ਰਹਿ ਸਕਣ। ਸਰਦੀ ਦੇ ਮੌਸਮ ਵਿਚ ਪਸ਼ੂ ਕਈ ਬਿਮਾਰੀਆਂ ਜਿਵੇਂ ਕਿ ਦਸਤ, ਨਿਮੋਨੀਆ, ਜ਼ੁਕਾਮ, ਖੁਜਲੀ ਅਤੇ ਮੂੰਹ ਦੀ ਬਿਮਾਰੀ ਆਦਿ ਦਾ ਸ਼ਿਕਾਰ ਹੋ ਜਾਂਦੇ ਹਨ। ਤੁਸੀਂ ਇਨ੍ਹਾਂ ਤਰੀਕਿਆਂ ਦੀ ਪਾਲਣਾ ਕਰ ਕੇ ਆਪਣੇ ਪਸ਼ੂਆਂ ਨੂੰ ਠੰਡ ਵਿੱਚ ਸੁਰੱਖਿਅਤ ਰੱਖ ਸਕਦੇ ਹੋ।