ਚਾਰ ਹੈਕਟੇਅਰ ਰਕਬੇ ਵਿੱਚ ਫਸਲੀ ਵਿਭਿੰਨਤਾ ਅਪਣਾ ਕੇ ਪੂਰੀ ਸਫਲਤਾ ਨਾਲ ਖੇਤੀ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਸਹਾਇਕ ਧੰਦੇ

ਆਪਣੇ ਮਿਥੇ ਗਏ ਟੀਚੇ ਦੀ ਪ੍ਰਾਪਤੀ ਲਈ ਪੂਰੀ ਇਮਾਨਦਾਰੀ ਤੇ ਸਮਰਪਣ ਦੀ ਭਾਵਨਾਂ ਨਾਲ ਕੀਤੀ ਗਈ ਮਿਹਨਤ ਹਮੇਸ਼ਾਂ ਸਫਲ ਹੁੰਦੀ ਹੈ। 

farming

ਫਤਹਿਗੜ੍ਹ ਸਾਹਿਬ, 30 ਅਪ੍ਰੈਲ (ਸੁਰਜੀਤ ਸਿੰਘ ਸਾਹੀ) ਜੇਕਰ ਇਨਸਾਨ ਸਖਤ ਮਿਹਨਤ 'ਤੇ ਲਗਨ ਨਾਲ ਕੋਈ ਵੀ ਟੀਚਾ ਹਾਸਲ ਕਰਨਾ ਚਾਹੇ ਤਾਂ ਦੁਨੀਆਂ ਦੀ ਕੋਈ ਵੀ ਤਾਕਤ ਅਜਿਹੀ ਨਹੀਂ ਜੋ ਉਸ ਨੂੰ ਉਸ ਦੇ ਮਿਥੇ ਟੀਚੇ ਤੱਕ ਪਹੁੰਚਣ ਤੋਂ ਰੋਕ ਸਕੇ। ਆਪਣੇ ਮਿਥੇ ਗਏ ਟੀਚੇ ਦੀ ਪ੍ਰਾਪਤੀ ਲਈ ਪੂਰੀ ਇਮਾਨਦਾਰੀ ਤੇ ਸਮਰਪਣ ਦੀ ਭਾਵਨਾਂ ਨਾਲ ਕੀਤੀ ਗਈ ਮਿਹਨਤ ਹਮੇਸ਼ਾਂ ਸਫਲ ਹੁੰਦੀ ਹੈ। 
ਅਜਿਹੀ ਹੀ ਭਾਵਨਾਂ ਨਾਲ ਅੱਜ ਦੀ ਨਵੀਂ ਪੀੜੀ ਲਈ ਮਿਸਾਲ ਬਣ ਕੇ ਉਭਰੇ ਹਨ ਜ਼ਿਲ੍ਹਾ ਦੇ ਅਗਾਂਹਵਧੂ ਕਿਸਾਨ ਪਰਮਜੀਤ ਸਿੰਘ।  ਇਹ ਕਿਸਾਨ ਪਿਛਲੇ 30 ਸਾਲਾਂ ਤੋਂ 4 ਹੈਕਟੇਅਰ ਰਕਬੇ ਵਿੱਚ ਸਫਲਤਾ ਨਾਲ ਖੇਤੀ ਕਰ ਰਿਹਾ ਹੈ। ਖੇਤੀ ਲਾਗਤਾਂ ਵੱਧਣ ਕਾਰਨ ਖੇਤੀ ਲਾਹੇਵੰਦ ਨਾ ਰਹਿਣ ਕਾਰਨ ਇਸ ਕਿਸਾਨ ਨੇ 1992 ਵਿੱਚ ਖੇਤੀਬਾੜੀ ਵਿਭਾਗ ਦੀ ਪ੍ਰੇਰਨਾ ਸਦਕਾ ਫਸਲੀ ਵਿਭਿੰਨਤਾ ਅਪਣਾਈ ਅਤੇ ਬੀਜ, ਦਾਲਾਂ, ਚਾਰਾ, ਸਬਜੀਆਂ, ਕਣਕ ਤੇ ਤੇਲ ਬੀਜ ਦੀਆਂ ਫਸਲਾਂ ਦੀ ਬਿਜਾਈ ਸ਼ੁਰੂ ਕੀਤੀ। ਇਹ ਕਿਸਾਨ ਆਪ ਹੀ ਬੀਜ ਤਿਆਰ ਕਰਦਾ ਹੈ, ਉਨ੍ਹਾਂ ਨੂੰ ਸਟੋਰ ਕਰਦਾ ਹੈ ਅਤੇ ਖੁਦ ਹੀ ਮੰਡੀ ਵਿੱਚ ਵੇਚਦਾ ਵੀ ਹੈ। ਇਸ ਕਿਸਾਨ ਨੇ ਆਪਣੇ ਫਾਰਮ 'ਤੇ ਸਿੰਚਾਈ ਲਈ ਅੰਡਰ ਗਰਾਊਂਡ ਪਾਈਪ ਲਾਈਨ ਪਾਈ ਹੋਈ ਹੈ। ਇਸ ਤੋਂ ਇਲਾਵਾ ਵਰਮੀ ਕੰਪੋਸਟ ਯੂਨਿਟ, ਗੰਨੇ ਦਾ ਜੂਸ ਕੱਢਣ ਦੀ ਮਸ਼ੀਨ, ਬਾਇਓ ਗੈਸ ਪਲਾਂਟ, ਛੋਟਾ ਡੇਅਰੀ ਫਾਰਮ ਅਤੇ ਦਾਲਾਂ ਲਈ ਮਿੰਨੀ ਐਗਰੋ ਪ੍ਰੋਸੈਸਿੰਗ ਯੂਨਿਟ ਵੀ ਲਗਾਇਆ ਹੋਇਆ ਹੈ।  
ਸਾਲ 1997 ਵਿੱਚ ਇਸ ਅਗਾਂਹਵਧੂ ਕਿਸਾਨ ਨੇ ਤਾਮਿਲਨਾਡੂ ਵਿਖੇ ਗੰਨੇ ਸਬੰਧੀ ਟਰੇਨਿੰਗ ਲਈ ਜੋ ਕਿ ਖੇਤੀਬਾੜੀ ਵਿਭਾਗ ਵੱਲੋਂ ਕਰਵਾਈ ਗਈ ਸੀ ਅਤੇ ਇਸ ਉਪਰੰਤ ਸਾਲ 2002 ਵਿੱਚ ਇਸ ਕਿਸਾਨ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਮੱਕੀ, ਗੰਨਾਂ, ਝੋਨਾ, ਬਰਸੀਮ ਅਤੇ ਦਾਲਾਂ ਦੇ ਬੀਜ ਉਤਪਾਦਨ ਦੀ ਸਿੱਖਿਆ ਪ੍ਰਾਪਤ ਕੀਤੀ। ਜਦੋਂ ਕਿ ਸਾਲ 2003 ਵਿੱਚ ਵਰਮ ਕੰਪੋਸਟ ਯੂਨਿਟ ਅਤੇ ਸਾਲ 2004 ਵਿੱਚ ਬਾਇਓਗੈਸ ਪਲਾਂਟ ਲਗਾਇਆ। ਇਸ ਅਗਾਂਹਵਧੂ ਕਿਸਾਨ ਪਰਮਜੀਤ ਸਿੰਘ ਨੇ ਦੱਸਿਆ ਕਿ ਰਸਾਇਣਕ ਖਾਦਾਂ ਨਾਲੋਂ ਕੰਪੋਸਟ ਖਾਦਾਂ ਪਾਉਣ ਨਾਲ ਵਧੀਆ ਨਤੀਜੇ ਲਏ ਜਾ ਸਕਦੇ ਹਨ। ਕਿਉਂਕਿ ਜੈਵਿਕ ਢੰਗ ਨਾਲ ਤਿਆਰ ਕੀਤੀ ਫਸਲ ਤੇ ਸਬਜੀਆਂ ਜਿਥੇ ਚੰਗੀ ਆਮਦਨ ਦੇ ਸਕਦੀਆਂ ਹਨ ਉਥੇ ਹੀ ਆਮ ਲੋਕ ਜਹਿਰੀਲੀਆਂ ਦਵਾਈਆਂ ਨਾਲ ਤਿਆਰ ਹੋਈਆਂ ਵਸਤੂਆਂ ਤੋਂ ਵੀ ਬਚੇ ਰਹਿ ਸਕਦੇ ਹਨ।  ਇਹ ਕਿਸਾਨ ਘਰੇਲੂ ਬਗੀਚੀ ਵਿੱਚ ਬੀਜੀਆਂ ਸਬਜੀਆਂ ਵਿੱਚ ਵੀ ਰਸਾਇਣਕ ਖਾਦਾਂ ਦੀ ਵਰਤੋਂ ਨਹੀਂ ਕਰਦਾ। 
ਅਗਾਂਹਵਧੂ ਕਿਸਾਨ ਪਰਮਜੀਤ ਸਿੰਘ ਨੂੰ ਕਈ ਅਵਾਰਡ ਵੀ ਮਿਲੇ ਹਨ ਜਿਨ੍ਹਾਂ ਵਿਚੋਂ ਸਾਲ 2009 ਵਿਚ ਇੰਟਰ ਕਰਾਪਿੰਗ ਲਈ ਪੀ.ਏ.ਯੂ. ਲੁਧਿਆਣਾ ਤੋਂ ਪੰਜ ਹਜਾਰ ਰੁਪਏ ਦਾ ਨਗਦ ਇਨਾਮ ਮਿਲਿਆ।  ਸਾਲ 2010 ਵਿੱਚ ਫਸਲੀ ਵਿਭਿੰਨਤਾ ਅਪਣਾਉਣ ਲਈ ਰਾਜ ਪੱਧਰੀ ਅਵਾਰਡ ਹਾਸਲ ਕੀਤਾ।   ਇਹ ਕਿਸਾਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕਿਸਾਨ ਕਲੱਬ ਦਾ ਮੈਂਬਰ ਵੀ ਹੈ। ਕਿਸਾਨ ਪਰਮਜੀਤ ਸਿੰਘ ਪਿਛਲੇ ਕਰੀਬ 25 ਸਾਲਾਂ ਤੋਂ ਪੀ.ਏ.ਯੂ. ਲੁਧਿਆਣਾ ਦੇ ਖੇਤੀਬਾੜੀ ਵਿਭਾਗ ਨਾਲ ਜੁੜਿਆ ਹੋਇਆ ਹੈ ਤਾਂ ਜੋ ਨਵੀਂਆਂ ਤਕਨੀਕਾਂ ਨੂੰ ਅਪਣਾ ਕੇ ਆਪਣੀ ਖੇਤੀ ਦੇ ਪੱਧਰ ਨੂੰ ਉਚਾ ਚੁੱਕ ਸਕੇ। ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਨਵੀਆਂ ਕਿਸਮਾਂ ਦੇ ਪ੍ਰਦਰਸ਼ਨੀ ਪਲਾਂਟ ਇਸ ਕਿਸਾਨ ਦੇ ਖੇਤ ਵਿੱਚ ਬਿਜਵਾਏ ਜਾਂਦੇ ਹਨ ਅਤੇ ਇਹ ਅਗਾਂਹਵਧੂ ਕਿਸਾਨ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪਾਂ ਵਿੱਚ ਸਟਾਲ ਵੀ ਲਗਾਉਂਦਾ ਹੈ। ਇਸ ਕਿਸਾਨ ਦੇ ਫਾਰਮ 'ਤੇ ਸਾਲ 2011-12 ਵਿੱਚ ਆਤਮਾ ਸਕੀਮ ਅਧੀਨ ਫਾਰਮ ਸਕੂਲ ਖੋਲਿਆ ਗਿਆ ਜਿਸ ਕਾਰਨ ਇਹ ਕਿਸਾਨ ਦੂਸਰੇ ਕਿਸਾਨਾਂ ਲਈ ਇੱਕ ਮਿਸਾਲ ਬਣ ਕੇ ਉਭਰਿਆ। ਅਗਾਂਹਵਧੂ ਕਿਸਾਨ 58 ਸਾਲ ਦੀ ਉਮਰ ਵਿੱਚ ਵੀ ਪੂਰੀ ਤਨਦੇਹੀ ਨਾਲ ਖੇਤੀ ਕਰ ਰਿਹਾ ਹੈ ਅਤੇ ਖੇਤੀ ਉਸ ਲਈ ਇੱਕ ਜਨੂਨ ਵਾਂਗ ਹੈ। ਨਵੀਂ ਪੀੜੀ ਲਈ ਇਹ ਕਿਸਾਨ ਪ੍ਰੇਰਨਾ ਦਾ ਸਰੋਤ ਹੈ।