ਕਰਜ਼ਾਈ ਕਿਸਾਨ ਸੁਖਚੈਨ ਸਿੰਘ ਨੇ ਕਿਵੇਂ ਉਤਾਰਿਆ ਕਰਜ਼ਾ?

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਸਹਾਇਕ ਧੰਦੇ

4 ਕਿਸਮਾਂ ਦੀ ਹਲਦੀ ਤੋਂ ਕਿਵੇਂ ਕਮਾ ਰਿਹੈ ਲੱਖਾਂ ਰੁਪਏ ? ਦੂਰ-ਦੂਰ ਤਕ ਪੂਰੇ ਚਰਚੇ !

How did the indebted farmer Sukhchain Singh get rid of the debt?

ਪੰਜਾਬ ਵਿਚ ਅਕਸਰ ਕਿਹਾ ਜਾਂਦਾ ਹੈ ਕਿ ਖੇਤੀਬਾੜੀ ਘਾਟੇ ਦਾ ਸੌਦਾ ਹੈ ਪਰ ਪੰਜਾਬ ਵਿਚ ਕੁੱਝ ਅਜਿਹੇ ਕਿਸਾਨ ਵੀ ਹਨ ਜੋ ਕੁੱਝ ਵਖਰੇ ਤਰ੍ਹਾਂ ਦੀ ਖੇਤੀ ਤੇ ਸਹਾਇਕ ਧੰਦੇ ਅਪਣਾ ਕੇ ਆਪਣੇ ਆਪ ਨੂੰ ਅੱਗੇ ਵਧਾ ਰਹੇ ਹਨ। ਅੱਜ ਕਿਸਾਨ ਪ੍ਰੇਰਨਾਮਈ ਕਹਾਣੀ ਸਾਂਝੀ ਕਰਨ ਲੱਗੇ ਹਾਂ। 

ਕਿਸਾਨ ਸੁਖਚੈਨ ਸਿੰਘ ਅੱਜ ਹੋਰ ਕਿਸਾਨਾਂ ਲਈ ਮਿਸਾਲ ਬਣਿਆ ਹੋਇਆ ਜਿਹੜਾ ਕੁਦਰਤੀ ਢੰਗ ਨਾਲ ਹਲਦੀ ਦੀ ਫ਼ਸਲ ਪੈਦਾ ਕਰ ਰਿਹਾ ਹੈ, ਜੋ ਕਿ ਵੱਖ-ਵੱਖ ਚਾਰ ਕਿਸਮ ਦੀ ਹਲਦੀ ਦੀ ਫ਼ਸਲ ਲਗਾ ਕੇ ਚੰਗਾ ਮੁਨਾਫ਼ਾ ਕਮਾ ਰਿਹਾ ਹੈ। 

 

ਪੰਜਾਬ ਦੇ ਜਿਹੜੇ ਨੌਜਵਾਨ ਵਿਦੇਸ਼ਾਂ ਵਿਚ ਜਾ ਕੇ ਦਿਹਾੜੀਆਂ ਕਰਦੇ ਹਨ ਉਨ੍ਹਾਂ ਨੂੰ ਇਸ ਕਿਸਾਨ ਤੋਂ ਸੇਧ ਲੈਣ ਦੀ ਲੋੜ ਹੈ। ਸਪੋਕਸਮੈਨ ਦੀ ਟੀਮ ਨੇ ਕਿਸਾਨ ਸੁਖਚੈਨ ਸਿੰਘ ਜੋ ਪਿਛਲੇ ਸਮੇਂ ਵਿਚ ਕਾਫ਼ੀ ਕਰਜ਼ਾਈ ਹੋ ਗਿਆ ਸੀ ਤੇ ਉਸ ਨੇ ਕੁਦਰਤੀ ਖੇਤੀ ਅਪਣਾ ਕੇ ਕਿਵੇਂ ਆਪਣਾ ਕਰਜ਼ਾ ਉਤਾਰਿਆ, ਕਿਵੇਂ ਉਸ ਨੇ ਫ਼ਸਲ ਬਦਲ ਕੇ ਹਲਦੀ ਦੀ ਖੇਤੀ ਸ਼ੁਰੂ ਕੀਤੀ ਬਾਰੇ ਗੱਲਬਾਤ ਕੀਤੀ।

ਕਿਸਾਨ ਸੁਖਚੈਨ ਸਿੰਘ ਨੇ ਦਸਿਆ ਕਿ ਉਹ 2017 ਵਿਚ ਕਾਫ਼ੀ ਕਰਜ਼ਾਈ ਹੋ ਚੁੱਕਾ ਸੀ ਜਿਸ ਦੌਰਾਨ ਉਸ ਨੇ ਹਲਦੀ ਦੀ ਫ਼ਸਲ ਦੀ ਖੇਤੀ ਕਰਨੀ ਸ਼ੁਰੂ ਕੀਤੀ। ਉਨ੍ਹਾਂ  ਕਿਹਾ ਕਿ ਉਹ ਪਹਿਲਾਂ ਕਣਕ ਝੋਨੇ ਦੀ ਫ਼ਸਲ ਦੀ ਖੇਤੀ ਕਰਦਾ ਸੀ ਪਰ ਉਸ ਵਿਚ ਮੁਨਾਫ਼ਾ ਨਹੀਂ ਹੁੰਦਾ ਸੀ ਤੇ ਘਾਟਾ ਹੀ ਹੁੰਦਾ ਸੀ। 

ਉਨ੍ਹਾਂ ਦਸਿਆ ਕਿ ਵਾਰ-ਵਾਰ ਘਾਟਾ ਪੈਣ ਕਾਰਨ ਮੈਂ ਸੋਚਿਆ ਕਿ ਕੋਈ ਸਹਾਇਕ ਧੰਦਾ ਕਰੀਏ ਤੇ ਵਿਚਾਰ ਬਣਾਇਆ ਕਿ ਅਸੀਂ ਹੁਣ ਹਲਦੀ ਦੀ ਖੇਤੀ ਸ਼ੁਰੂ ਕਰੀਏ ਜੋ ਕਿ ਅਸੀਂ 10 ਮਰਲੇ ਤੋਂ ਸ਼ੁਰੂ ਕੀਤੀ ਤਾਂ ਮੈਨੂੰ ਕੋਈ ਮੁਨਾਫ਼ਾ ਨਹੀਂ ਹੋਇਆ। 


ਉਨ੍ਹਾਂ ਕਿਹਾ ਕਿ ਸ਼ੁਰੂ-ਸ਼ੁਰੂ ਵਿਚ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਪਰ ਹੌਲੀ-ਹੌਲੀ ਜਦੋਂ ਸਾਨੂੰ ਥੋੜ੍ਹਾ ਮੁਨਾਫ਼ਾ ਹੋਇਆ ਤਾਂ ਅਸੀਂ ਇਕ ਏਕੜ ਵਿਚ ਹਲਦੀ ਦੀ ਫ਼ਸਲ ਲਗਾਈ ਜਿਸ ਤੋਂ ਸਾਨੂੰ ਚੰਗਾ ਮੁਨਾਫ਼ਾ ਹੋਇਆ ਚੰਗੀ ਕਮਾਈ ਹੋਈ ਜਿਸ ਤੋਂ ਬਾਅਦ ਅਸੀਂ ਵਧਦੇ ਵਧਦੇ ਚਾਰ ਪੰਜ ਕਿਲੇ ਤੇ ਫਿਰ ਸੱਤ ਏਕੜ ’ਚ ਵੀ ਹਲਦੀ ਲਗਾਈ।

ਉਨ੍ਹਾਂ ਕਿਹਾ ਕਿ ਹਲਦੀ 15 ਕਿਸਮ ਦੀ ਹੁੰਦੀ ਹੈ। ਜਿਸ ਵਿਚੋਂ ਅਸੀਂ ਹਲਦੀ ਦੀਆਂ ਚਾਰ ਕਿਸਮਾਂ ਦੀ ਖੇਤੀ ਕਰਦੇ ਹਾਂ ਜਿਸ ਵਿਚ ਕਾਲੀ ਹਲਦੀ, ਅੰਬ ਹਲਦੀ, ਪਹਾੜੀ ਹਲਦੀ ਤੇ ਦੇਸੀ ਹਲਦੀ ਹੈ। ਉਨ੍ਹਾਂ ਕਿਹਾ ਕਿ ਹਲਦੀ ਦੀ ਫ਼ਸਲ ਤਿਆਰ ਹੋਣ ਲਈ ਅੱਠ-ਨੌਂ ਮਹੀਨੇ ਲੈਂਦੀ ਹੈ।

ਜਿਸ ਨੂੰ ਅਸੀਂ ਮਈ ਦੇ ਮਹੀਨੇ ਲਗਾਉਂਦੇ ਹਨ ਤੇ ਫ਼ਰਵਰੀ ’ਚ ਫ਼ਸਲ ਤਿਆਰ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਮੱਕੀ ਦੀ ਫ਼ਸਲ ਲੈਣ ਲਈ ਮੈਂ ਹਲਦੀ ਦੀ ਫ਼ਸਲ ਫ਼ਰਵਰੀ ਦੇ ਪਹਿਲੇ ਹਫ਼ਤੇ ਵਿਚ ਲੈ ਲੈਂਦਾ ਹਾਂ ਤੇ ਫਿਰ 15 ਫ਼ਰਵਰੀ ਤੱਕ ਮੱਕੀ ਬੀਜ ਦਿੰਦਾ ਹਾਂ। 

ਉਨ੍ਹਾਂ ਦਸਿਆ ਕਿ ਕਾਲੀ ਹਲਦੀ ਤਿਆਰ ਕਰ ਕੇ ਅਸੀਂ 1500 ਤੋਂ 2000 ਰੁਪਏ ਕਿਲੋ ਵੇਚਦੇ ਹਾਂ। ਉਨ੍ਹਾਂ ਪਹਾੜੀ ਹਲਦੀ ਬਾਰੇ ਦਸਿਆ ਕਿ ਇਸ ਨੂੰ ਅਸੀਂ ਘਰਾਂ, ਪੰਜੀਰੀ, ਦਵਾਈਆਂ ਆਦਿ ਵਿਚ ਪ੍ਰਯੋਗ ਕਰਦੇ ਹਾਂ ਤੇ ਅੰਬ ਹਲਦੀ ਨੂੰ ਵੀ ਅਸੀਂ ਘਰਾਂ ਤੇ ਦਵਾਈਆਂ ਵਿਚ ਵਰਤਦੇ ਹਾਂ।

ਉਨ੍ਹਾਂ ਕਿਹਾ ਕਿ ਇਸ ਦਾ ਮੁੱਲ ਕਾਲੀ ਹਲਦੀ ਨਾਲੋਂ ਘੱਟ ਤੇ ਦੇਸੀ ਹਲਦੀ ਤੋਂ ਵੱਧ ਹੈ। ਉਨ੍ਹਾਂ ਕਿਹਾ ਕਿ ਦੇਸੀ ਹਲਦੀ ਨੂੰ ਅਸੀਂ ਆਮ ਘਰਾਂ ਵਿਚ ਵਰਤਦੇ ਹਾਂ।  ਉਨ੍ਹਾਂ ਕਿਹਾ ਕਿ ਅਸੀਂ ਡੇਢ ਸਾਲ ਵਿਚ ਤਿੰਨ ਫ਼ਸਲਾਂ ਲੈਂਦੇ ਹਾਂ ਪਹਿਲਾਂ ਹਲਦੀ ਫਿਰ ਮੱਕੀ ਤੇ ਫਿਰ ਝੋਨਾ। 

ਉਨ੍ਹਾਂ ਕਿਹਾ ਕਿ ਕਿਸਾਨ ਝੋਨੇ ਜਾਂ ਕਣਕ ਦੀ ਖੇਤੀ ਨੂੰ ਬਦਲਣਾ ਚਾਹੁੰਦੇ ਹਨ ਪਰ ਉਨ੍ਹਾਂ ਕੋਲ ਹੋਰ ਕੋਈ ਬਦਲ ਨਾ ਹੋਣ ਕਰਨ ਇਨ੍ਹਾਂ ਦੋ ਫ਼ਸਲਾਂ ਵਿਚ ਫਸੇ ਹੋਏ ਹਨ। ਉਨ੍ਹਾਂ ਕਿਹਾ ਕਿ ਜੇ ਹੋਰ ਕਿਸਾਨ ਵੀ ਮਿਹਨਤ ਕਰਨ ਤੇ ਕਿਸੇ ਹੋਰ ਫ਼ਸਲ ਜਿਵੇਂ ਹਲਦੀ, ਗੰਨਾ ਜਾਂ ਕੋਈ ਹੋਰ ਫ਼ਸਲ ਵੱਲ ਧਿਆਨ ਦੇਣ ਤਾਂ  ਚੰਗਾ ਮੁਨਾਫ਼ਾ ਕਮਾ ਸਕਦੇ ਹਨ। 

ਉਨ੍ਹਾਂ ਕਿਹਾ ਕਿ ਜੇ ਕੋਈ ਕਿਸਾਨ ਹਲਦੀ ਦੀ ਖੇਤੀ ਕਰਦਾ ਹੈ ਤਾਂ ਮੰਡੀਕਰਨ ਨਾ ਹੋਣ ਕਾਰਨ ਉਹ ਆਪਣੀ ਫ਼ਸਲ ਕਿਥੇ ਵੇਚੇਗਾ ਜਿਸ ਕਾਰਨ ਹੋਰ ਕਿਸਾਨ ਇਸ ਫ਼ਸਲ ਵੱਲ ਧਿਆਨ ਨਹੀਂ ਦਿੰਦੇ। ਉਨ੍ਹਾਂ ਕਿਹਾ ਕਿ ਹਲਦੀ ਦਾ ਵੀ ਮੰਡੀਕਰਨ ਹੋਣਾ ਚਾਹੀਦਾ ਹੈ ਜਿਸ ਕਰ ਕੇ ਹੋਰ ਕਿਸਾਨ ਵੀ ਇਸ ਖੇਤੀ ਨੂੰ ਅਪਣਾਉਣਗੇ। 

ਉਨ੍ਹਾਂ ਕਿਹਾ ਕਿ ਇਕ ਕਿਲੇ ’ਚ ਹਲਦੀ ਫ਼ਸਲ ਲਗਾਉਣ ’ਚ ਇਕ ਲੱਖ ਦਾ ਖ਼ਰਚਾ ਹੁੰਦਾ ਹੈ ਤੇ ਫ਼ਸਲ ਤਿਆਰ ਤੋਂ ਬਾਅਦ ਚਾਰ ਲੱਖ ਤੱਕ ਵਿਕਦੀ ਹੈ। ਉਨ੍ਹਾਂ ਕਿਹਾ ਕਿ ਫ਼ਸਲ ਤਿਆਰ ਕਰ ਕੇ ਸਿੱਧੀ ਵਪਾਰੀ ਨੂੰ ਵੇਚਣ ’ਤੇ ਕੋਈ ਮੁਨਾਫ਼ਾ ਨਹੀਂ ਹੁੰਦਾ। 

ਉਨ੍ਹਾਂ ਕਿਹਾ ਕਿ ਹਲਦੀ ਦੀ ਫ਼ਸਲ ਤਿਆਰ ਹੋਣ ਤੋਂ ਬਾਅਦ ਉਸ ਨੂੰ ਸੁਕਾ ਕੇ, ਉਬਾਲ ਕੇ ਤੇ ਫਿਰ ਪੀਸ ਕੇ ਸਾਨੂੰ ਆਪ ਵੇਚਣੀ ਚਾਹੀਦੀ ਹੈ ਜਿਸ ਨਾਲ ਸਾਨੂੰ ਚੰਗਾ ਮੁਨਾਫ਼ਾ ਮਿਲੇਗਾ। 

ਕਿਸਾਨ ਸੁਖਚੈਨ ਸਿੰਘ ਨੇ ਪੰਜਾਬ ਦੇ ਨੌਜਵਾਨਾਂ ਤੇ ਕਿਸਾਨ ਭਰਾਵਾਂ ਨੂੰ ਕਿਹਾ ਕਿ ਅਸੀਂ ਕੋਈ ਵੀ ਸਹਾਇਕ ਧੰਦਾ ਸ਼ੁਰੂ ਕਰਦੇ ਹਨ ਤਾਂ ਉਸ ਧੰਦੇ ਨੂੰ ਸਾਨੂੰ ਘੱਟੋ-ਘੱਟ ਚਾਰ ਤੋਂ ਪੰਜ ਸਾਲ ਦੇਣੇ ਚਾਹੀਦੇ ਹਨ ਜਿਸ ਤੋਂ ਬਾਅਦ ਸਾਨੂੰ ਮੁਨਾਫ਼ਾ ਮਿਲਦਾ ਹੈ।