ਡੇਅਰੀ ਫਾਰਮਿੰਗ ਦੇ ਧੰਦੇ 'ਚੋਂ 50 ਤੋਂ 60 ਹਜ਼ਾਰ ਪ੍ਰਤੀ ਮਹੀਨਾ ਬਚਤ ਕਰ ਰਿਹਾ ਸੁਖਵਿੰਦਰ ਸਿੰਘ  

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਸਹਾਇਕ ਧੰਦੇ

ਪਿੰਡ ਕੰਡਾਲਾ ਦੇ ਨੌਜਵਾਨ ਕਿਸਾਨ ਸੁਖਵਿੰਦਰ ਸਿੰਘ ਡੇਅਰੀ ਫਾਰਮਿੰਗ ਦੇ ਧੰਦੇ ਵਿੱਚ ਨੌਜਵਾਨਾਂ ਲਈ ਮਿਸਾਲ ਬਣ ਰਿਹਾ ਹੈ।

dairy farmer

ਐਸ.ਏ.ਐਸ.ਨਗਰ, 31 ਮਈ (ਕੇਵਲ ਸ਼ਰਮਾ) ਪਿੰਡ ਕੰਡਾਲਾ ਦੇ ਨੌਜਵਾਨ ਕਿਸਾਨ ਸੁਖਵਿੰਦਰ ਸਿੰਘ ਡੇਅਰੀ ਫਾਰਮਿੰਗ ਦੇ ਧੰਦੇ ਵਿੱਚ ਨੌਜਵਾਨਾਂ ਲਈ ਮਿਸਾਲ ਬਣ ਰਿਹਾ ਹੈ। ਦੁੱਧ ਉਤਪਾਦਨ ਤੋਂ ਲੈ ਕੇ ਪੈਕਿੰਗ ਅਤੇ ਘਰ-ਘਰ ਦੁੱਧ ਪੁੱਜਦਾ ਕਰਨਾ ਦਾ ਕੰਮ ਉਹ ਖ਼ੁਦ ਕਰਦਾ ਹੈ, ਜਿਸ ਨਾਲ ਸਾਰੇ ਖਰਚੇ ਕੱਢਣ ਉਪਰੰਤ ਉਸ ਨੂੰ ਔਸਤਨ 50 ਤੋਂ 60 ਹਜ਼ਾਰ ਰੁਪਏ ਪ੍ਰਤੀ ਮਹੀਨਾ ਦੀ ਬੱਚਤ ਹੁੰਦੀ ਹੈ।


ਸੰਨ 2012 ਵਿੱਚ ਪਰਿਵਾਰਕ ਮੈਂਬਰਾਂ ਦੇ ਸਹਿਯੋਗ ਨਾਲ ਡੇਅਰੀ ਫਾਰਮਿੰਗ ਦੇ ਧੰਦੇ ਵਿਚ ਪੈਰ ਰੱਖਿਆ ਤੇ ਹੁਣ ਉਸ ਕੋਲ 45 ਗਾਵਾਂ ਹਨ ਤੇ ਰੋਜ਼ਾਨਾ ਦਾ ਦੁੱਧ ਉਤਪਾਦਨ 03 ਕੁਇੰਟਲ ਦੇ ਕਰੀਬ ਹੈ। ਉਸ ਨੇ ਇਹ ਧੰਦਾ ਸ਼ੁਰੂ ਕਰਨ ਲਈ ਕਰਜ਼ਾ ਵੀ ਲਿਆ ਸੀ, ਜਿਸ 'ਤੇ ਉਸ ਨੂੰ ਸਬਸਿਡੀ ਵੀ ਮਿਲੀ। ਇਸ ਦੇ ਨਾਲ-ਨਾਲ ਉਸ ਨੇ ਡੇਅਰੀ ਵਿਕਾਸ ਵਿਭਾਗ ਕੋਲੋਂ 45 ਦਿਨਾਂ ਦੀ ਟ੍ਰੇਨਿੰਗ ਵੀ ਲਈ ਸੀ। 


ਉਸ ਦਾ ਕਹਿਣਾ ਹੈ ਕਿ ਉਸ ਨੂੰ ਇਸ ਧੰਦੇ ਵਿਚ ਕਾਮਯਾਬੀ  ਮਿਲਣ ਦਾ ਸਭ ਤੋਂ ਵੱਡਾ ਕਾਰਨ ਮੰਡੀਕਰਨ ਖੁਦ ਕਰਨਾ ਹੈ। ਉਸ ਕੋਲ 05 ਕੁਇੰਟਲ ਦੀ ਸਮਰੱਥਾ ਵਾਲਾ ਬਲਕ ਮਿਲਕ ਕੂਲਰ (ਬੀ.ਐਮ.ਸੀ) ਅਤੇ ਇੱਕ ਪੈਕਿੰਗ ਮਸ਼ੀਨ ਵੀ ਹੈ, ਜਿਸ ਨਾਲ ਉਹ ਅੱਧਾ-ਅੱਧਾ ਕਿੱਲੋ ਦੇ ਦੁੱਧ ਦੇ ਪੈਕੇਟ ਤਿਆਰ ਕਰ ਕੇ ਮੁੱਖ ਤੌਰ ਉੱਤੇ ਚੰਡੀਗੜ ਵਿਖੇ ਘਰਾਂ ਤੱਕ ਪੁੱਜਦੇ ਕਰਦਾ ਹੈ। 


ਸੁਖਵਿੰਦਰ ਸਿੰਘ ਡੇਅਰੀ ਵਿਕਾਸ ਵਿਭਾਗ ਨਾਲ ਤਾਲਮੇਲ ਕਰ ਕੇ ਆਧੁਨਿਕ ਤਕਨੀਕਾਂ ਦੀ ਵਰਤੋਂ ਕਰਦਾ ਹੈ ਅਤੇ ਸਮੇਂ ਸਮੇਂ 'ਤੇ ਵਿਭਾਗੀ ਅਧਿਕਾਰੀਆਂ ਤੋਂ ਜਾਣਕਾਰੀ ਵੀ ਹਾਸਿਲ ਕਰਦਾ ਰਹਿੰਦਾ ਹੈ। ਉਹ ਆਪਣੇ ਡੇਅਰੀ ਫਾਰਮ ਤੇ ਹਰੇ ਚਾਰੇ ਦਾ ਆਚਾਰ ਅਤੇ ਪਸ਼ੂਆਂ ਦੀ ਫੀਡ ਵੀ ਖ਼ੁਦ ਤਿਆਰ ਕਰਦਾ ਹੈ। ਇਸ ਵੇਲੇ ਉਹ 46 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਦੁੱਧ ਵੇਚ ਰਿਹਾ ਹੈ। 


ਇਸ ਸਬੰਧੀ ਗੱਲਬਾਤ ਕਰਦਿਆਂ ਡਿਪਟੀ ਡਾਇਰੈਕਟਰ ਡੇਅਰੀ, ਐਸ.ਏ.ਐਸ.ਨਗਰ ਸ੍ਰ: ਕੁਲਦੀਪ ਸਿੰਘ ਨੇ ਦੱਸਿਆ ਕਿ ਵਿਭਾਗ ਵੱਲੋਂ ਡੇਅਰੀ ਫਾਰਮਿੰਗ ਜਾਂ ਦੁੱਧ ਦਾ ਕਾਰੋਬਾਰ ਕਰਨ ਦੇ ਚਾਹਵਾਨਾਂ ਨੂੰ ਵੱਖ-ਵੱਖ ਕਿਸਮ ਦੀਆਂ ਟ੍ਰੇਨਿੰਗਜ਼ ਕਰਵਾਈਆਂ ਜਾਂਦੀਆਂ ਹਨ ਅਤੇ ਵਿਭਾਗ 02  ਜਾਂ 02 ਤੋਂ ਵੱਧ ਦੁਧਾਰੂ ਪਸ਼ੂਆਂ ਦੇ ਡੇਅਰੀ ਯੂਨਿਟ ਸਥਾਪਿਤ ਕਰਨ ਲਈ ਬੈਂਕਾਂ ਤੋਂ  ਕਰਜ਼ਿਆਂ ਦੀ ਸਹੂਲਤ ਸਿਖਲਾਈ ਪ੍ਰਾਪਤ ਲਾਭਪਾਤਰੀਆਂ ਨੂੰ ਦਿਵਾਉਂਦਾ ਹੈ।


 ਕਰਜ਼ੇ ਦੀ ਰਾਸ਼ੀ ਲਾਭਪਾਤਰੀਆਂ ਦੀ ਪਰਿਵਾਰਕ ਜ਼ਮੀਨ ਦੀ ਮੌਜੂਦਾ ਕੀਮਤ ਦੇ ਬਰਾਬਰ ਆਸਾਨ ਸ਼ਰਤਾਂ ਨਾਲ ਮੁਹੱਈਆ ਕਰਵਾਈ ਜਾਂਦੀ ਹੈ ਅਤੇ ਲਾਭਪਾਤਰੀ ਨੂੰ ਦੁੱਧ ਦੀ ਪੈਦਾਵਾਰ ਤੋਂ ਲੈ ਕੇ ਦੁੱਧ ਦੇ ਮੰਡੀਕਰਨ ਤੱਕ ਹਰ ਕੰਪੋਨੈਂਟ ਸਬੰਧੀ ਜਨਰਲ ਕੈਟਾਗਿਰੀ ਲਈ 25 ਫੀਸਦ ਤੇ ਅਨੁਸੂਚਿਤ ਜਾਤੀਆਂ ਲਈ 33 ਫੀਸਦ ਕੈਪੀਟਲ ਸਬਸਿਡੀ ਦਿੱਤੀ ਜਾਂਦੀ ਹੈ। ਵਿਭਾਗ ਦੀਆਂ ਸਕੀਮਾਂ ਸਬੰਧੀ ਜਾਣਕਾਰੀ ਲੈਣ ਲਈ ਵਿਭਾਗ ਦੇ ਦਫਤਰ, ਕਮਰਾ ਨੰਬਰ 434-35 ਤੀਜ਼ੀ ਮੰਜ਼ਿਲ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸੈਕਟਰ 76, ਐਸ.ਏ.ਐਸ.ਨਗਰ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ।