ਬੀ.ਐਸ.ਐਫ਼ ਦੇ ਅਸ਼ਵਨੀ ਆਫ਼ਿਸਰਜ਼ ਮੈਸ ਵਿਖੇ 'ਬਾਵਾ ਦਿਵਸ' ਮਨਾਇਆ

ਹਰਿਆਣਾ ਖ਼ਬਰਾਂ

ਨਵੀਂ ਦਿੱਲੀ, 27 ਸਤੰਬਰ (ਸੁਕਰਾਜ ਸਿੰਘ): ਬਾਵਾ (ਵਾਇਸ ਵੈਲਫੇਅਰ ਐਸੋਸੀਏਸ਼ਨ) ਬੀ.ਐਸ.ਐਫ ਦਾ ਗੈਰਲਾਭਕਾਰੀ ਸੰਗਠਨ ਹੈ ਜੋ ਬੀ.ਐਸ.ਐਫ ਮੈਂਬਰਾਂ ਦੀਆਂ ਪਤਨੀਆਂ, ਵਿਧਵਾਵਾਂ ਅਤੇ ਉਨ੍ਹਾਂ ਦੇ ਬੱਚਿਆਂ ਦੇ ਕਲਿਆਣ ਲਈ ਬਣਿਆ ਹੈ। ਇਹ ਸੰਗਠਨ ਉਨ੍ਹਾਂ ਨੂੰ ਕੈਰੀਅਰ, ਸਹਿਤ, ਰੋਜਗਾਰ ਸਹਿਤ ਵੱਖ ਵੱਖ ਮੁਦਿਆਂ ਬਾਰੇ ਸਲਾਹ ਦਿੰਦਾ ਹੈ। ਇਸ ਸੰਗਠਨ ਦਾ 25 ਵਰ੍ਹੇ ਪਹਿਲਾਂ 18 ਸਤੰਬਰ 1992 ਨੂੰ ਸਥਾਪਨਾ ਹੋਈ ਸੀ, ਉਦੋਂ ਤੋਂ ਇਸ ਇਤਿਹਾਸਕ ਦਿਨ ਨੂੰ ਇਹ 'ਬਾਵਾ ਸੰਗਠਨ' ਦੇ ਰੂਪ ਵਿਚ ਮਨਾਉਂਦਾ ਆ ਰਿਹਾ ਹੈ। ਇਸੇ ਸਿਲਸਿਲੇ ਵਿਚ ਨਵੀਂ ਦਿੱਲੀ ਦੇ ਨਿਜਾਮੂਦੀਨ ਸਥਿਤ ਬੀ.ਐਸ.ਐਫ ਦੇ ਅਸ਼ਵਨੀ ਆਫਿਸਰਜ ਮੈਸ ਵਿਚ 'ਬਾਵਾ ਦਿਵਸ' ਮਨਾਇਆ ਗਿਆ। ਇਸ ਮੌਕੇ ਰੇਨੂ ਸ਼ਰਮਾ (ਪ੍ਰਧਾਨ, ਬਾਵਾ) ਪ੍ਰੋਗਰਾਮ ਦੀ ਮੁੱਖ ਮਹਿਮਾਨ ਸਨ।
ਇਸ ਮੌਕੇ ਰੇਨੂ ਸ਼ਰਮਾ ਨੇ ਵਿਧਵਾਵਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਨ੍ਹਾਂ ਨੂੰ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿਤਾ ਅਤੇ ਨਾਲ ਹੀ ਯਾਦਗਾਰ ਵਜੋਂ ਉਨ੍ਹਾਂ ਨੂੰ 100 ਗ੍ਰਾਮ ਚਾਂਦੀ ਦਾ ਸਿੱਕਾ ਭੇਟ ਕੀਤਾ। ਇਸ ਦੌਰਾਨ ਸੈਨਿਕਾਂ ਵਲੋਂ ਸਪੈਸ਼ਲ ਬੱਚਿਆਂ ਲਈ ਖੇਡਾਂ ਦਾ ਵੀ ਆਯੋਜਨ ਕੀਤਾ ਗਿਆ ਅਤੇ ਪ੍ਰੋਤਸਾਹਨ ਵਜੋਂ ਹਰੇਕ ਬੱਚੇ ਨੂੰ 10,000 ਰੁਪਏ ਦਾ ਗਿਫਟ ਪ੍ਰਦਾਨ ਕੀਤਾ ਗਿਆ।
ਇਸ ਮੌਕੇ ਕੇ.ਕੇ. ਸ਼ਰਮਾ (ਮਹਾਂਨਿਦੇਸ਼ਕ, ਬੀ.ਐਸ.ਐਫ) ਨੇ 'ਬਾਵਾ' ਨੂੰ ਮਾਲੀ ਮਦਦ ਦੇਣ ਦਾ ਭਰੋਸਾ ਦਿਤਾ। ਰੇਨੂ ਸ਼ਰਮਾ ਨੇ ਵਿਭਿੰਨ ਕਲਿਆਣਕਾਰੀ ਗਤੀਵਿਧੀਆਂ ਨੂੰ ਸੁਨਿਸ਼ਚਿਤ ਕਰਨ ਲਈ ਸੰਗਠਨ ਦੀ ਪ੍ਰਸੰਸਾ ਕੀਤੀ ਅਤੇ ਕਿਹਾ ਕਿ 'ਬਾਵਾ' ਬੀ.ਐਸ.ਐਫ ਕਰਮਚਾਰੀਆਂ ਦੇ ਬੱਚਿਆਂ ਦੇ ਵਿਕਾਸ ਅਤੇ ਕਲਿਆਣ ਲਈ ਪ੍ਰਮੁੱਖ ਭੂਮਿਕਾ ਤਾਂ ਨਿਭਾ ਹੀ ਰਿਹਾ ਹੈ, ਸਮਾਜਕ ਕੰਮਾਂ ਵਿਚ ਆਪਣੀ ਭਾਗੀਦਾਰੀ ਨਾਲ ਆਮ ਜਨਤਾ ਵਿਚ ਵੀ ਸਥਾਨ ਬਣਾ ਰਿਹਾ ਹੈ।