ਚਾਇਲਡ ਐਬਯੂਸ ਐਂਡ ਗਰਲਜ ਹੈਰਾਸਮੈਂਟ ਵਿਸ਼ੇ 'ਤੇ ਵਰਕਸ਼ਾਪ

ਨਵੀਂ ਦਿੱਲੀ, 20 ਸਤੰਬਰ (ਸੁਖਰਾਜ ਸਿੰਘ): ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਕਰੋਲ ਬਾਗ ਵਿਖੇ ਦਿੱਲੀ ਪੁਲਿਸ ਨਾਲ ਜੁੜੀ ਹੋਈ 'ਓੜਨੀ' ਐਨ.ਜੀ.ਓ. ਵਲੋਂ ਚਾਇਲਡ ਐਬਯੂਸ ਐਂਡ ਗਰਲਜ ਹੈਰਾਸਮੈਂਟ ਵਿਸ਼ੇ 'ਤੇ ਵਰਕਸ਼ਾਪ ਕੀਤੀ ਗਈ। ਇਸ ਵਿਸ਼ੇਸ਼ ਮੌਕੇ ਦਿੱਲੀ ਗੁਰਦਵਾਰਾ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਸਾਬਕਾ ਚੇਅਰਮੈਨ ਤੇ ਕੌਂਸਲਰ ਪਰਮਜੀਤ ਸਿੰਘ ਰਾਣਾ, ਸਕੂਲ ਦੇ ਸੀਨੀਅਰ ਵਾਇਸ ਚੇਅਰਮੈਨ ਹਰਵਿੰਦਰਜੀਤ ਸਿੰਘ ਰਾਜਾ, ਓੜਨੀ ਐਨ.ਜੀ.ਓ. ਤੋਂ ਕੰਵਲਜੀਤ ਕੌਰ, ਅੰਮ੍ਰਿਤਾ ਸਿੰਘ, ਪ੍ਰਵੀਨ ਗਾਰਡਨਰ ਹਾਜਰ ਸਨ। ਪ੍ਰੋਗਰਾਮ ਦੇ ਸ਼ੁਰੂ 'ਚ ਪ੍ਰਿੰਸੀਪਲ ਜਸਵਿੰਦਰ ਕੌਰ ਮੇਹਾਨ ਵਲੋਂ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਵਰਕਸ਼ਾਪ ਦਾ ਉਦੇਸ਼ ਬੱਚਿਆਂ ਨਾਲ ਹੋ ਰਹੀਆਂ ਸਰੀਰਕ ਉਤਪੀੜਨ ਦੀਆਂ ਵਾਰਦਾਤਾਂ ਬਾਰੇ ਜਾਣਕਾਰੀ ਦੇਣਾ ਸੀ। ਜਿਸ ਨੂੰ ਖੁੱਲ੍ਹੇ ਤੌਰ 'ਤੇ ਬੱਚਿਆਂ ਸਾਹਮਣੇ ਸਾਂਝਾ ਕੀਤਾ ਗਿਆ। ਬੱਚਿਆਂ ਨੂੰ ਜਾਗਰੂਕ ਕੀਤਾ ਗਿਆ ਕਿ ਹਰ ਬੱਚਾ ਆਪਣੇ ਮਾਤਾ ਪਿਤਾ ਨਾਲ ਮਨ ਦੀਆਂ ਗੱਲਾਂ, ਬਿਨ੍ਹਾਂ ਕਿਸੇ ਡਰ ਤੋਂ ਦਸੇ। ਬੱਚੇ ਵੀ ਅਜਿਹੀਆਂ ਸਮੱਸਿਆਵਾਂ ਨੂੰ ਸਮਝਣ ਅਤੇ ਬਿਨ੍ਹਾਂ ਕਿਸੇ ਸ਼ਰਮ ਦੇ ਆਪਣੀ ਆਵਾਜ ਉਠਾਉਣ ਤਾਂ ਕਿ ਭਵਿੱਖ ਵਿਚ ਕਿਸੇ ਵੀ ਬੱੱਚੇ ਨਾਲ ਕੋਈ ਹਾਦਸਾ ਨਾ ਵਾਪਰੇ।
  ਪਰਮਜੀਤ ਸਿੰਘ ਰਾਣਾ ਨੇ ਕਿਹਾ ਕਿ ਸਾਡੇ ਬੱਚੇ ਸਾਡੇ ਦੇਸ਼ ਦਾ ਭਵਿੱਖ ਤੇ ਸਾਡੇ ਵਿਦਿਅਕ ਅਦਾਰਿਆਂ ਦਾ ਮਾਣ ਹਨ, ਇਸ ਲਈ ਜਰੂਰੀ ਹੈ ਕਿ ਸਾਡਾ ਹਰ ਬੱਚਾ ਸੁਰੱਖਿਅਤ ਰਹੇ। ਅਜਿਹੀਆਂ ਵਰਕਸ਼ਾਪਾਂ ਵਿਚ ਬੱਚੇ ਜਾਗਰੂਕ ਹੁੰਦੇ ਹਨ ਤਾਂ ਉਹ ਆਪਣੇ ਨਾਲ ਹੋ ਰਹੀ ਘਟਨਾ ਬਾਰੇ ਖੁੱਲ੍ਹ ਕੇ ਗੱਲ ਕਰਦੇ ਹਨ। ਸਾਡਾ ਉਦੇਸ਼ ਹਰ ਬੱਚੇ ਨੂੰ ਅਪਣੀ ਸੁਰੱਖਿਆ ਲਈ ਤਿਆਰ ਕਰਨਾ ਹੈ ਕਿ ਕਿਸੇ ਬੱਚੇ ਨਾਲ ਕਿਸੇ ਵੀ ਤਰ੍ਹਾਂ ਦੀ ਦੁਰਘਟਨਾ ਨਾ ਵਾਪਰੇ।
 ਜ਼ਿਕਰਯੋਗ ਹੈ ਕਿ ਬੱਚਿਆਂ ਵਲੋਂ ਵੀ ਇਸ ਵਰਕਸ਼ਾਪ ਨੂੰ ਭਰਪੂਰ ਹੁੰਗਾਰਾ ਮਿਲਿਆ। ਬੱਚਿਆਂ ਨਾਲ ਪ੍ਰਸ਼ਨ ਉਤਰ ਵਿਧੀ ਵਿਚ ਰਖੀ ਗਈ ਇਸ ਵਰਕਸ਼ਾਪ ਨੂੰ ਖੂਬ ਸਰਾਹਿਆ ਗਿਆ। ਅੰਤ ਵਿਚ ਸਕੂਲ ਪ੍ਰਿੰਸੀਪਲ ਨੇ ਸਾਰਿਆਂ ਦਾ ਧਨਵਾਦ ਕੀਤਾ।