ਦਿੱਲੀ ਕਮੇਟੀ ਵਲੋਂ ਸਿੱਖ ਬੱਚਿਆਂ ਦੇ ਸਾਦੇ ਵਿਆਹਾਂ ਸਬੰਧੀ ਲਿਆ ਫ਼ੈਸਲਾ ਕਾਬਲੇ ਤਾਰੀਫ਼: ਮੱਕੜ

ਹਰਿਆਣਾ ਖ਼ਬਰਾਂ

ਨਵੀਂ ਦਿੱਲੀ, 15 ਸਤੰਬਰ (ਸੁਖਰਾਜ ਸਿੰਘ): ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸਕੱਤਰ ਸ. ਮਨਜਿੰਦਰ ਸਿੰਘ ਸਿਰਸਾ ਤੇ ਉਨ੍ਹਾਂ ਦੀ ਸਮੂਚੀ ਟੀਮ ਵਲੋਂ ਬੱਚਿਆਂ ਦੇ ਵਿਆਹ ਸਾਦੇ ਤਰੀਕੇ ਨਾਲ ਕੀਤੇ ਜਾਣ ਸਬੰਧੀ ਲਏ ਗਏ ਫੈਸਲਿਆਂ ਦਾ ਸਵਾਗਤ ਕਰਦਿਆਂ ਗੁਰਦਵਾਰਾ ਸ਼੍ਰੀ ਗੁਰੂ ਸਿੰਘ ਸਭਾ ਐਮ.ਐਸ ਬਲਾਕ ਹਰੀ ਨਗਰ ਦੇ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਸ. ਪਰਮਜੀਤ ਸਿੰਘ ਮੱਕੜ ਨੇ ਕਿਹਾ ਕਿ ਇਹ ਸਾਰੇ ਫੈਸਲੇ ਬਹੁਤ ਹੀ ਵਧੀਆਂ ਤੇ ਕਾਬਲੇ ਤਰੀਫ਼ ਹਨ। ਉਨ੍ਹਾਂ ਕਿਹਾ ਕਿ ਉਕਤ ਆਗੂਆਂ ਵਲੋਂ ਲਏ ਇਨ੍ਹਾਂ ਫੈਸਲਿਆਂ ਨਾਲ ਗਰੀਬ ਵਰਗ ਦੇ ਪਰਵਾਰਾਂ ਨੂੰ ਬਹੁਤ ਵੱਡੀ ਰਾਹਤ ਮਿਲਣ ਦੀ ਇਕ ਆਸ ਦੀ ਕਿਰਨ ਜਾਗੀ ਹੈ। ਸ. ਮੱਕੜ ਨੇ ਮਨਜੀਤ ਸਿੰਘ ਜੀ.ਕੇ. ਅਤੇ ਮਨਜਿੰਦਰ ਸਿੰਘ ਸਿਰਸਾ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਦੇ ਵਿਆਹਾਂ ਸਬੰਧੀ ਲਏ ਫ਼ੈਸਲਿਆਂ ਦੇ ਨਾਲ-ਨਾਲ ਸਿੱਖ ਕੌਮ ਨੂੰ ਮਰਿਆਦਾ ਦੀ ਪਾਲਣਾ ਕਰਨ ਲਈ ਵੀ ਜਾਗਰੂਕ ਕਰ ਕੇ ਪ੍ਰੇਰਿਤ ਕੀਤਾ ਜਾਵੇ।
ਪਰਮਜੀਤ ਸਿੰਘ ਮੱਕੜ ਨੇ ਦਿੱਲੀ ਕਮੇਟੀ ਪ੍ਰਬੰਧਕਾਂ ਨੂੰ ਇਹ ਵੀ ਅਪੀਲ ਕੀਤੀ ਹੈ ਕਿ ਉਨ੍ਹਾਂ ਨੂੰ ਅਜਿਹੇ ਪ੍ਰਬੰਧ ਕਰਨ ਕਿ ਜਿਸ ਨਾਲ ਗਰੀਬ ਲੋਕ ਵੀ ਅਪਣੇ ਬੱਚਿਆਂ ਦੇ ਵਿਆਹਾਂ ਦੇ ਪ੍ਰੋਗਰਾਮ ਕਰਨ ਤੋਂ ਅਸਮਰੱਥ ਹੁੰਦੇ ਹਨ ਉਹ ਵੀ ਸਹੀ ਤੇ ਵਧੀਆਂ ਤਰੀਕੇ ਨਾਲ ਕਰ ਸਕਣ। ਉਨ੍ਹਾਂ ਕਿਹਾ ਕਿ ਆਮ ਤੌਰ 'ਤੇ ਵੇਖਣ ਨੂੰ ਮਿਲਦਾ ਹੈ ਕਿ ਵਿਆਹ ਦੀਆਂ ਬਰਾਤਾਂ ਬਾਅਦ ਦੁਪਹਿਰ ਬਹੁਤ ਦੇਰੀ ਨਾਲ ਪੁੱਜਦੀਆਂ ਹਨ ਜਦ ਕਿ ਗੁਰਮਰਿਆਦਾ ਅਨੁਸਾਰ ਦੁਪਹਿਰ ਤੋਂ ਪਹਿਲਾਂ-ਪਹਿਲਾਂ ਲਾਂਵਾ ਫੇਰੇ ਹੋ ਜਾਣੇ ਚਾਹੀਦੇ ਨੇ ਤੇ ਲਾਜ਼ਮੀ ਵੀ ਹਨ।ਸ. ਮੱਕੜ ਨੇ ਕਿਹਾ ਕਿ ਇਨ੍ਹਾਂ ਸਾਰੀਆਂ ਗੱਲਾਂ ਤੋਂ ਇਲਾਵਾ ਅਜਿਹੇ ਸਿੱਖ ਪਰਵਾਰਾਂ ਨੂੰ ਵੀ ਜਾਗਰੂਕ ਕਰਨ ਦੀ ਲੋੜ ਹੈ ਜਿਹੜੇ ਅਪਣੇ ਬੱਚੇ-ਬੱਚੀਆਂ ਦੇ ਵਿਆਹ-ਸ਼ਾਦੀ ਮੌਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਾਜ਼ੂਰੀ 'ਚ ਆਨੰਦ ਕਾਰਜ ਕਰਵਾਉਣ ਤੋਂ ਬਾਅਦ ਪੰਡਤਾਂ ਵਲੋਂ ਦਸੇ ਜਾਂਦੇ ਫਾਲਤੂ ਦੇ ਰੀਤੀ ਰਿਵਾਜਾਂ ਦੀਆਂ ਰਸਮਾਂ ਵੀ ਨਿਭਾਉਦੇ ਫਿਰਦੇ ਹਨ, ਇਨ੍ਹਾਂ ਫਾਜੂਲ ਦੀਆਂ ਰਸਮਾਂ ਨੂੰ ਨਕੇਲ ਪਾਉਣੀ ਤੇ ਰੋਕ ਲਗਾਉਣੀ ਵੀ ਲਾਜ਼ਮੀ ਹੈ।