ਦਿੱਲੀ ਵਿਖੇ ਮਹਿੰਗਾਈ ਦੇ ਪੁਤਲੇ ਫੂਕ ਕੇ ਪ੍ਰਗਟਾਇਆ ਰੋਸ

ਨਵੀਂ ਦਿੱਲੀ, 30 ਸਤੰਬਰ (ਅਮਨਦੀਪ ਸਿੰਘ): ਅੱਜ ਦੁਸ਼ਹਿਰੇ ਮੌਕੇ ਜਿਥੇ ਰਾਵਣ ਦੇ ਪੁਤਲੇ ਫ਼ੂਕੇ ਜਾ ਰਹੇ ਹਨ, ਉਥੇ ਆਮ ਆਦਮੀ ਪਾਰਟੀ  ਨੇ ਪਟਰੌਲ, ਡੀਜ਼ਲ ਤੇ ਹੋਰ ਲੋੜੀਂਦੀਆਂ ਚੀਜ਼ਾਂ ਦੀਆਂ ਕੀਮਤਾਂ ਵਿਚ ਹੋ ਰਹੀ ਬੇਤਹਾਸ਼ਾ ਮਹਿੰਗਾਈ ਲਈ ਭਾਜਪਾ ਦੀ ਕੇਂਦਰ ਸਰਕਾਰ ਦੀਆਂ ਨੀਤੀਆਂ ਨੂੰ ਜ਼ਿੰਮੇਵਾਰ ਗਰਦਾਨਦਿਆਂ ਮਹਿੰਗਾਈ ਦੇ ਪੁਤਲੇ ਫੂਕੇ ਕੇ,  ਰੋਸ ਪ੍ਰਗਟਾਇਆ।
ਅੱਜ ਦਿੱਲੀ ਦੇ 272 ਹਲਕਿਆਂ ਵਿਚ ਆਪ ਦੇ ਵਿਧਾਇਕਾਂ ਤੇ ਵਰਕਰਾਂ ਨੇ ਮਹਿੰਗਾਈ ਦੇ ਪੁੱਤਲੇ ਫ਼ੂਕ ਕੇ, ਮੋਦੀ ਸਰਕਾਰ ਨੂੰ ਹਰ ਮੋਰਚੇ 'ਤੇ ਫੇਲ੍ਹ ਸਰਕਾਰ ਦਸਿਆ। ਹੋਰਨਾਂ ਸੂਬਿਆਂ ਵਿਚ ਵੀ ਆਪ ਨੇ ਪੁੱਤਲੇ ਫੂਕੇ।
ਅੱਜ ਸ਼ਾਮ ਨੂੰ ਇਥੋਂ ਦੇ ਤਿਲਕ ਨਗਰ ਚੌਂਕ ਵਿਚ ਹਲਕੇ ਦੇ ਵਿਧਾਇਕ ਸ.ਜਰਨੈਲ ਸਿੰਘ ਤੇ ਕੌਂਸਲਰ ਸ.ਗੁਰਮੁਖ ਸਿੰਘ ਦੀ ਅਗਵਾਈ ਹੇਠ ਭਰਵੀਂ ਤਾਦਾਦ ਵਿਚ ਜੁੜੇ ਪਾਰਟੀ ਵਰਕਰਾਂ ਨੇ  ਪੁਤਲਾ ਫ਼ੂਕ, ਰੋਸ ਪ੍ਰਗਟਾਇਆ ਗਿਆ।
ਵਿਧਾਇਕ ਜਰਨੈਲ ਸਿੰਘ ਨੇ ਕਿਹਾ ਕਿ ਅੱਜ ਪਟਰੌਲ ਦੇ ਭਾਅ 80 ਰੁਪਏ ਲੀਟਰ ਤੱਕ ਪਹੁੰਚ ਗਏ ਹਨ, ਜਦਕਿ ਕੌਮਾਂਤਰੀ ਬਾਜ਼ਾਰ ਵਿਚ ਤੇਲ ਦੀਆਂ ਕੀਮਤਾਂ ਘੱਟ ਗਈਆਂ ਹਨ, ਫਿਰ ਕਿਉਂ ਪਟਰੌਲ ਮਹਿੰਗੇ ਭਾਅ ਲੋਕਾਂ ਨੂੰ ਦਿਤਾ ਜਾ ਰਿਹਾ ਹੈ? ਉਨ੍ਹਾਂ ਕਿਹਾ, “ਜਦੋਂ ਭਾਜਪਾ ਸੱਤਾ ਵਿਚ ਨਹੀਂ ਸੀ ਤਾਂ ਮਹਿੰਗਾਈ ਵਿਰੁਧ ਮੁਜ਼ਾਹਰੇ ਕਰਦੀ ਨਹੀਂ ਸੀ ਥੱਕਦੀ, ਪਰ ਹੁਣ ਜੀਐਸਟੀ ਲਿਆ ਕੇ, ਵਪਾਰੀਆਂ ਦਾ ਭਾਜਪਾ ਨੇ ਲੱਕ ਤੋੜ ਕੇ ਰੱਖ ਦਿਤਾ ਹੈ ਤੇ ਲੋਕਾਂ ਨੂੰ ਜਵਾਬ ਦੇਣ ਦੀ ਬਜਾਏ ਸਮੁੱਚੇ ਭਾਜਪਾਈ ਬੁੱਲ ਸੀਅ ਕੇ ਬੈਠੇ ਹੋਏ ਹਨ।“
ਜ਼ਿਕਰਯੋਗ ਹੈ ਕਿ ਪਟਰੌਲ ਦੀਆਂ ਕੀਮਤਾਂ ਵਿਰੁਧ ਆਪ ਵਿਧਾਇਕ ਪਹਿਲਾਂ ਹੀ ਪਟਰੌਲੀਅਮ ਮੰਤਰਾਲੇ ਘੇਰ ਕੇ ਰੋਸ ਪ੍ਰਗਟਾਅ ਚੁਕੇ ਹਨ। ਮੁਜ਼ਾਹਰੇ ਵਿਚ ਸ.ਏ.ਪੀ.ਐਸ.ਬਿੰਦਰਾ, ਅਸ਼ੋਕ ਮਾਣੂੰ, ਮਨਜੀਤ ਸਿੰਘ ਤਿਲਕ ਵਿਹਾਰ ਸਣੇ ਹੋਰ ਆਪ ਵਰਕਰ ਤੇ ਅਹੁਦੇਦਾਰ ਸ਼ਾਮਲ ਹੋਏ।