ਗੁਰਪ੍ਰੀਤ ਸਿੰਘ ਨੂੰ ਇਨਸਾਫ਼ ਦਿਵਾਉਣ ਵਾਸਤੇ ਇਕਜੁਟ ਹੋਣਾ ਲਾਜ਼ਮੀ: ਹਰਜੀਤ ਸਿੰਘ

ਹਰਿਆਣਾ ਖ਼ਬਰਾਂ

ਨਵੀਂ ਦਿੱਲੀ, 23 ਸਤੰਬਰ (ਸੁਖਰਾਜ ਸਿੰਘ): ਜਨਤਕ ਥਾਂ 'ਤੇ ਸਿਗਰਟ ਪੀਣ ਦੇ ਵਿਰੁੱਧ ਆਵਾਜ ਉਠਾਉਣ ਵਾਲੇ ਨੌਜਵਾਨ ਗੁਰਪ੍ਰੀਤ ਸਿੰਘ ਨੂੰ ਇਨਸਾਫ ਦਿਵਾਉਣ ਲਈ ਸਾਨੂੰ ਇੱਕਜੁਟਤਾ ਦਾ ਪ੍ਰਗਟਾਵਾ ਕਰਨ ਦੀ ਬਹੁਤ ਲੋੜ ਹੈ।
ਇਸ ਸਬਦਾਂ ਦਾ ਪ੍ਰਗਟਾਵਾ ਦਿੱਲੀ ਸਿੱਖ ਗੁਰਦਵਾਰਾ ਕਮੇਟੀ ਦੇ ਸਰਿਤਾ ਵਿਹਾਰ ਤੋਂ ਮੈਂਬਰ ਹਰਜੀਤ ਸਿੰਘ ਗ੍ਰੇਟਰ ਕੈਲਾਸ਼ ਨੇ ਸਿੱਖ ਕੌਮ ਨੂੰ ਅਪੀਲ ਕਰਦਿਆਂ ਕੀਤਾ। ਉਨ੍ਹਾਂ  ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਘਟਨਾ ਹੈ ਕਿਉਂਕਿ ਇੱਕ ਵਕੀਲ ਵੱਲੋਂ ਨਸ਼ੇ ਦੀ ਹਾਲਤ 'ਚ ਪਹਿਲਾਂ ਜਨਤਕ ਥਾਂ 'ਤੇ ਸਿਗਰਟ ਪੀਣ ਦੀ ਮਨਾਹੀ ਦੇ ਕਾਨੂੰਨ ਦੀ ਉਲੰਘਣਾ ਕੀਤੀ ਗਈ ਅਤੇ ਜਦੋਂ ਗੁਰਸਿੱਖ ਨੌਜਵਾਨ ਗੁਰਪ੍ਰੀਤ ਸਿੰਘ ਵਲੋਂ ਉਸ ਨੂੰ ਅਜਿਹਾ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਨਸ਼ੇ 'ਚ ਧੁੱਤ ਵਕੀਲ ਨੇ ਆਪਣੀ ਕਾਰ ਦੀ ਸਪੀਡ ਵਧਾ ਕੇ  ਗੁਰਪ੍ਰੀਤ ਸਿੰਘ ਤੇ ਉਸ ਦੇ ਸਾਥੀ ਦੇ ਮੋਟਰ ਸਾਈਕਲ ਨੂੰ ਟੱਕਰ ਮਾਰ ਕੇ ਹੇਠਾਂ ਸੁੱਟ ਦਿੱਤਾ ਜਿਸ ਨਾਲ ਨੌਜਵਾਨ ਗੁਰਪ੍ਰੀਤ ਸਿੰਘ ਦੀ ਮੌਕੇ ਤੇ ਮੌਤ ਹੋ ਗਈ ਤੇ ਸਾਥੀ ਨੂੰ ਕਾਫੀ ਸੱਟਾਂ ਵੱਜੀਆਂ। ਹਰਜੀਤ ਸਿੰਘ ਨੇ ਕਿਹਾ ਕਿ ਉਕਤ ਘਟਨਾ ਇਨਸਾਨੀਅਤ ਨੂੰ ਵੀ ਬਹੁਤ ਹੀ ਸ਼ਰਮਸਾਰ ਕਰਨ ਵਾਲੀ ਹੈ ਕਿਉਂਕਿ ਗੁਰਪ੍ਰੀਤ ਸਿੰਘ ਦੇ ਦੋਸ਼ੀ ਵਕੀਲ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਦੁਸ਼ਮਣੀ ਨਹੀਂ ਸੀ ਅਤੇ ਸਿਰਫ ਸਿਗਰਟਨੋਸ਼ੀ ਤੋਂ ਰੋਕਣ ਕਾਰਨ ਹੀ ਦੋਸ਼ੀ ਵਲੋਂ ਉਕਤ ਮੰਦਭਾਗੀ ਘਟਨਾ ਨੂੰ ਅੰਜਾਮ ਦਿੱਤਾ ਗਿਆ, ਜੋ ਸਰਾਸਾਰ ਇਕ ਪਾਗਲਪਣ ਦੀ ਨਿਸ਼ਾਨੀ ਹੈ। ਉਨ੍ਹਾਂ ਕਿਹਾ ਕਿ ਉਪਰੋਕਤ ਮਾਮਲੇ 'ਚ ਦਿੱਲੀ ਗੁਰਦਵਾਰਾ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਵਲੋਂ ਤੁਰਤ ਕੀਤੀ ਗਈ ਕਾਰਵਾਈ ਸ਼ਲਾਘਾਯੋਗ ਹੈ ਅਤੇ ਉਹ ਬਾਕੀ ਸਾਰਿਆਂ ਨੂੰ ਵੀ ਅਪੀਲ ਕਰਦੇ ਹਨ ਕਿ ਇਸ ਮਾਮਲੇ 'ਚ ਗੁਰਪ੍ਰੀਤ ਸਿੰਘ ਇਨਸਾਫ ਦਿਵਾਉਣ ਵਾਸਤੇ ਇੱਕਜੁਟ ਹੋ ਕੇ ਇਕਠੇ ਲੜਾਈ ਲੜਨ।