ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤਿ ਸਮਾਉਣ ਸਬੰਧੀ ਧਾਰਮਕ ਦੀਵਾਨ ਸਜਾਏ

ਹਰਿਆਣਾ ਖ਼ਬਰਾਂ

ਨਵੀਂ ਦਿੱਲੀ, 15 ਸਤੰਬਰ (ਸੁਖਰਾਜ ਸਿੰਘ): ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਇਥੇ ਦੇ ਇਤਿਹਾਸਕ ਗੁਰਦਵਾਰਾ ਨਾਨਕ ਪਿਆਉ ਸਾਹਿਬ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜੋਤੀ ਜੋਤਿ ਸਮਾਉਣ ਦੇ ਗੁਰਪੁਰਬ ਸਬੰਧੀ ਧਾਰਮਕ ਦੀਵਾਨ ਸਜਾਏ ਗਏ। ਇਸ ਮੌਕੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਗੁਰੂ ਨਾਨਕ ਦੇਵ ਜੀ ਦੇ ਜੀਵਨ ਬਾਰੇ ਜਾਣੂ ਕਰਵਾਉਦਿਆਂ ਸਰਬ ਲੋਕਾਈ ਨੂੰ ਜਾਤ-ਪਾਤ, ਵਹਿਮਾਂ-ਭਰਮਾਂ ਤੋਂ ਦੂਰ ਰਹਿਣ 'ਤੇ ਇਕ ਅਕਾਲ ਪੁਰਖ ਦੀ ਉਪਾਸਨਾ ਕਰਨ ਦਾ ਉਪਦੇਸ਼ ਦਿਤਾ। ਇਸ ਮੌਕੇ ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਸਮਾਜ ਵਿੱਚ ਹੋ ਰਹੀਆਂ ਕੁਰੀਤੀਆਂ ਨੂੰ ਭੰਡਿਆ, ਜ਼ਾਲਮ ਦੇ ਜ਼ੁਲਮਾਂ ਨੂੰ ਵੰਗਾਰਦਿਆਂ ਬਾਬਰ ਤੱਕ ਨੂੰ ਜਾਬਰ ਕਹਿ ਦਿਤਾ ਸੀ। ਉਨ੍ਹਾਂ ਨੇ ਗੁਰੂ ਸਾਹਿਬ ਜੀ ਦਾ 550 ਸਾਲਾ ਪ੍ਰਕਾਸ਼ ਗੁਰਪੁਰਬ ਸਾਲ 2019 ਵਿੱਚ ਵੱਡੇ ਪੱਧਰ 'ਤੇ ਮਨਾਉਣ ਦੀ ਜਾਣਕਾਰੀ ਵੀ ਸੰਗਤਾਂ ਨੂੰ ਦਿਤੀ। ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਕੁਲਮੋਹਨ ਸਿੰਘ ਨੇ ਕਿਹਾ ਕਿ ਸਾਨੂੰ ਕਿਸੇ ਧਰਮ ਦਾ ਵਿਰੋਧ ਨਹੀਂ ਕਰਨਾ ਚਾਹੀਦਾ ਸਗੋਂ ਉਸ ਦਾ ਤੁਲਨਾਮਿਕ ਅਧਿਐਨ ਕਰਨ ਚਾਹੀਦਾ ਹੈ। ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਹਿਤ ਨੇ ਸੰਗਤਾਂ ਨੂੰ ਜਾਣਕਾਰੀ ਦਿੰਦਿਆਂ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਤੇ ਉਦਾਸੀਆਂ ਬਾਰੇ ਵਿਸਥਾਰ ਪੂਰਵਕ ਦਸਿਆ।
ਧਰਮ ਪ੍ਰਚਾਰ ਕਮੇਟੀ ਦੇ ਸਾਬਕਾ ਚੇਅਰਮੈਨ ਪਰਮਜੀਤ ਸਿੰਘ ਰਾਣਾ ਨੇ ਸੰਗਤ ਨੂੰ ਸਰਾਧਾਂ ਦੇ ਭਰਮ ਭੁਲੇਖਿਆਂ ਤੋਂ ਦੂਰ ਰਹਿਣ ਦੀ ਬੇਨਤੀ ਕੀਤੀ। ਇਸ ਮੌਕੇ ਹਰਭਜਨ ਸਿੰਘ ਦੇ ਪਰਵਾਰ ਨੇ ਸ਼ਬਦ ਗੁਰੂ ਜੀ ਦੀ ਹਜ਼ੂਰੀ 'ਚ ਸੋਨੇ ਦਾ ਖੰਡਾ ਭੇਟ ਕੀਤਾ ਅਤੇ ਦਿੱਲੀ ਕਮੇਟੀ ਵਲੋਂ ਗਿਆਨੀ ਗੁਰਬਚਨ ਸਿੰਘ ਨੂੰ ਸਨਮਾਨਤ ਕੀਤਾ ਗਿਆ। ਇਸ ਗੁਰਮਤਿ ਸਮਾਗਮ ਦੌਰਾਨ ਰਾਗੀ ਜਥਿਆਂ ਨੇ ਗੁਰਬਾਣੀ ਦਾ ਮਨੋਹਰ ਕੀਰਤਨ ਰਾਹੀ ਸੰਗਤਾਂ ਨੂੰ ਨਿਹਾਲ ਕੀਤਾ ਤੇ ਕਵੀ ਸੱਜਣਾਂ ਨੇ ਕਵਿਤਾਵਾਂ ਰਾਹੀਂ ਗੁਰੂ ਜੱਸ ਗਾਇਨ ਕੀਤਾ ਅਤੇ ਬਾਬਾ ਬਚਨ ਸਿੰਘ ਜੀ ਕਾਰ ਸੇਵਾ ਵਾਲਿਆਂ ਨੇ ਸੰਗਤਾਂ ਨੂੰ ਨਾਮ ਸਿਮਰਨ ਕਰਵਾਇਆ। ਸਟੇਜ ਸਕੱਤਰ ਦੀ ਸੇਵਾ ਕਮੇਟੀ ਮੈਂਬਰ ਸਰਬਜੀਤ ਸਿੰਘ ਵਿਰਕ, ਸਾਬਕਾ ਮੈਂਬਰ ਕੈਪਟਨ ਇੰਦਰਪ੍ਰੀਤ ਸਿੰਘ ਨੇ ਬਾਖੂਬੀ ਨਿਭਾਈ।