ਗੁਰੂ ਤੇਗ਼ ਬਹਾਦਰ ਇੰਸਟੀਚਿਊਟ ਨੂੰ ਮਿਲਿਆ ਉੱਤਰ ਭਾਰਤ ਦੇ ਸੱਭ ਤੋਂ ਵਧੀਆ ਵਿਦਿਅਕ ਅਦਾਰੇ ਦਾ ਖ਼ਿਤਾਬ

ਹਰਿਆਣਾ ਖ਼ਬਰਾਂ




ਨਵੀਂ ਦਿੱਲੀ, 12 ਸਤੰਬਰ (ਸੁਖਰਾਜ ਸਿੰਘ): ਗੁਰੂ ਤੇਗ਼ ਬਹਾਦਰ ਇੰਸਟੀਚਿਊਟ ਆਫ਼ ਤਕਨਾਲੋਜੀ ਨੂੰ ਉੱਤਰੀ ਭਾਰਤ ਦੇ ਸੱਭ ਤੋਂ ਵਧੀਆ ਵਿਦਿਅਕ ਅਦਾਰੇ ਦੇ ਸਨਮਾਨ ਨਾਲ ਨਿਵਾਜਿਆ ਗਿਆ ਹੈ। ਦਿੱਲੀ ਗੁਰਦਵਾਰਾ ਕਮੇਟੀ ਦੇ ਵਿਦਿਅਕ ਅਦਾਰੇ ਗੁਰੂ ਤੇਗ਼ ਬਹਾਦਰ ਇੰਸਟੀਚਿਊਟ ਆਫ਼ ਤਕਨਾਲੋਜੀ ਨੂੰ ਇਹ ਸਨਮਾਨ ਵਰਲਡ ਐਜੂਕੇਸ਼ਨ ਐਂਡ ਸੱਕਿਲ ਕੌਨਕਲੇਵ ਦੌਰਾਨ ਸਾਬਕਾ ਕੇਂਦਰੀ ਮੰਤਰੀ ਆਰਿਫ਼ ਮੁਹਮੱਦ ਖਾਨ ਵਲੋਂ ਇੰਡੀਆ ਇੰਟਰਨੈਸ਼ਨਲ ਸੈਂਟਰ ਵਿਖੇ ਦਿਤਾ ਗਿਆ।

ਅਦਾਰੇ ਦੇ ਚੇਅਰਮੈਨ ਜਥੇਦਾਰ ਅਵਤਾਰ ਸਿੰਘ ਹਿਤ ਅਤੇ ਡਾਈਰੈਕਟਰ ਮੈਡਮ ਡਾ. ਰੋਮਿੰਦਰ ਕੌਰ ਰੰਧਾਵਾ ਨੇ ਮਾਣਮਤੇ ਸਨਮਾਨ ਨੂੰ ਪ੍ਰਾਪਤ ਕੀਤਾ। ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਇਸ ਸਨਾਮਾਨ ਲਈ ਖੁਸ਼ੀ ਦਾ ਪ੍ਰਗਟਾਵਾ ਕੀਤਾ।

ਸ. ਜੀ.ਕੇ. ਨੇ ਕਿਹਾ ਕਿ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਇੰਡੀਆ ਗੇਟ ਨੂੰ ਕੌਮਾਂਤਰੀ ਸਕੂਲ ਦਾ ਦਰਜ਼ਾ ਪ੍ਰਾਪਤ ਹੋਣ ਤੋਂ ਬਾਅਦ ਹੁਣ ਗੁਰੂ ਤੇਗ਼ ਬਹਾਦਰ ਇੰਸਟੀਚਿਊਟ ਆਫ਼ ਟੈਕਨਾਲੋਜੀ ਨੂੰ ਉੱਤਰ ਭਾਰਤ ਦੇ ਸਭ ਤੋਂ ਵਧੀਆ ਇੰਸਟੀਚਿਊਟ ਵਜੋਂ ਚੁਣਿਆ ਜਾਣਾਂ ਦਿੱਲੀ ਕਮੇਟੀ ਲਈ ਇਕ ਮਾਣ ਵਾਲੀ ਗੱਲ ਹੋਣ ਦੇ ਨਾਲ ਹੀ ਕਮੇਟੀ ਦੀ ਸਿਖਿਆ ਨੀਤੀ ਦੇ ਸਹੀ ਰਾਹ 'ਤੇ ਤੁਰਨ ਦਾ ਵੀ ਪ੍ਰਮਾਣ ਹੈ।

ਜਥੇਦਾਰ ਅਵਤਾਰ ਸਿੰਘ ਹਿਤ ਨੇ ਦੱਸਿਆ ਕਿ ਉਕਤ ਅਵਾਰਡ ਅਦਾਰੇ ਨੂੰ ਸਮੂਹ ਭਾਰਤ ਦੇ ਇੰਜੀਨੀਅਰਿੰਗ ਕਾਲਜਾਂ 'ਚ ਸਭ ਤੋਂ ਵੱਧੀਆਂ ਰੋਜ਼ਗਾਰ ਦੇ ਮੌਕੇ ਉਪਲਬਧ ਕਰਾਉਣ ਵਾਸਤੇ ਵੀ ਦਿਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਵਿਰੋਧੀ ਧਿਰਾਂ ਵਲੋਂ ਇਸ ਅਦਾਰੇ ਨੂੰ ਬੰਦ ਕਰਾਉਣ ਲਈ ਕਈ ਮਨਸੂਬੇ ਬਣਾਏ ਗਏ ਤੇ ਕਈ ਸਾਜਿਸ਼ਾਂ ਘੜੀਆਂ ਗਈਆਂ ਪਰ ਇਹ ਸਭ ਕੁੱਝ ਉਸ ਅਕਾਲ ਪੁਰਖ ਪਰਮ ਪਿਤਾ ਪਰਮਾਤਮਾਂ ਦਾ ਜਵਾਬ ਹੈ।