ਹਰਿਆਣਾ ਬਜਟ ਸੈਸ਼ਨ ਦਾ ਦੂਜਾ ਦਿਨ ਹੰਗਾਮੇ, ਵਾਕਆਊਟ ਤੇ ਨਾਹਰੇਬਾਜ਼ੀ ਦੇ ਨਾਂ ਰਿਹਾ

ਚੰਡੀਗੜ੍ਹ, 6 ਮਾਰਚ (ਨੀਲ ਭਲਿੰਦਰ ਸਿੰਘ) : ਹਰਿਆਣਾ ਵਿਧਾਨ ਸਭਾ 'ਚ ਬਜਟ ਸੈਸ਼ਨ ਦਾ ਅੱਜ ਦੂਜਾ ਦਿਨ ਹੰਗਾਮੇ, ਵਾਕਆਉਟ, ਸਿਆਸੀ ਨੋਕ ਝੋਕ ਤੇ ਨਾਹਰੇਬਾਜ਼ੀ ਦੇ ਨਾਂ ਰਿਹਾ। ਪਹਿਲਾਂ ਕਿਆਸੇ ਜਾ ਰਹੇ ਪ੍ਰੋਗਰਾਮ ਤਹਿਤ ਇੰਡਿਯਨ ਨੈਸ਼ਨਲ ਲੋਕ ਦਲ (ਇਨੈਲੋ) ਅਤੇ ਕਾਂਗਰਸ ਨੇ ਸਦਨ ਵਿਚ ਸਤਲੁਜ ਯਮੁਨਾ ਲਿੰਕ ਨਹਿਰ ਨੂੰ ਲੈ ਕੇ ਰੱਖੇ ਕੰਮ ਰੋਕੂ ਪ੍ਰਸਤਾਵ ਨੂੰ ਸਪੀਕਰ ਕੰਵਰ ਪਾਲ ਗੁੱਜਰ ਨੇ ਰੱਦ ਕਰ ਦਿਤਾ, ਜਿਸ ਮਗਰੋਂ ਦੋਵਾਂ ਪਾਰਟੀਆਂ ਦੇ ਵਿਧਾਇਕਾਂ ਨੇ ਰੱਜ ਕੇ ਹੰਗਾਮਾ ਕੀਤਾ ਅਤੇ ਸਦਨ ਚੋਂ ਵਾਕਆਉਟ ਕਰ ਗਏ। ਇਸ ਤੋਂ ਇਲਾਵਾ ਆਂਗਣਵਾੜੀ ਵਰਕਰਾਂ ਦਾ ਮਾਮਲਾ ਅੱਜ ਸਦਨ 'ਚ ਵਿਰੋਧੀ ਧਿਰਾਂ ਦੇ ਹੰਗਾਮੇ ਦਾ ਦੂਜਾ ਵੱਡਾ ਕਾਰਨ ਬਣਿਆ।ਇਸੇ ਦੌਰਾਨ ਨੇਤਾ ਵਿਰੋਧੀ ਧਿਰ ਅਭੇ ਸਿੰਘ ਚੌਟਾਲਾ ਵਲੋਂ ਭਾਜਪਾ ਦੇ ਸੂਬਾ ਪ੍ਰਧਾਨ ਸੁਭਾਸ਼ ਬਰਾਲਾ ਦੇ ਵਿਰੁਧ ਇਕ ਅਜਿਹੀ ਤਲਖ਼ ਟਿਪਣੀ ਕਰ ਦਿਤੀ ਕਿ ਸੱਤਾਧਾਰੀ ਭਾਜਪਾ ਅਤੇ ਇਨੈਲੋ ਦੇ ਵਿਧਾਇਕ ਆਹਮੋ - ਸਾਹਮਣੇ ਹੋ ਗਏ। ਅੱਜ ਦੀ ਕਾਰਵਾਈ ਦੌਰਾਨ ਕਾਂਗਰਸ ਅਤੇ ਭਾਜਪਾ ਵਿਧਾਇਕਾਂ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 'ਪਕੌੜਾ ਰੁਜਗਾਰ' ਵਾਲੇ ਬਿਆਨ ਦੇ ਮੁਦੇ ਉਤੇ ਵੀ ਖੂਬ ਨੋਕਝੋਕ ਹੋਈ।ਐਸ.ਵਾਈ.ਐਲ. ਮੁਦੇ ਉਤੇ ਬਹਿਸ ਦੀ ਮੰਗ ਸਪੀਕਰ ਵਲੋਂ ਰੱਦ ਕਰਨ ਵਿਰੁਧ ਇਨੇਲੋ ਵਿਧਾਇਕਾਂ ਵਲੋਂ ਸਦਨ 'ਚ ਸਰਕਾਰ ਵਿਰੁਧ ਮੁਰਦਾਬਾਦ ਦੇ ਨਾਹਰੇ ਲਗਾਏ ਗਏ। ਇਨੈਲੋ ਨੇਤਾ ਅਭੇ ਸਿੰਘ ਚੌਟਾਲਾ ਅਤੇ ਕਾਂਗਰਸ ਦੇ ਵਿਧਾਇਕ ਵਿਰੋਧ ਕਰਦੇ ਹੋਏ ਸਪੀਕਰ ਦੇ ਐਨ ਨਜਦੀਕ 'ਵੈੱਲ' ਤਕ  ਪਹੁੰਚ ਗਏ । ਜਿਸ ਮਗਰੋਂ ਦੋਵਾਂ ਪਾਰਟੀਆਂ ਦੇ ਵਿਧਾਇਕਾਂ ਨੇ ਨਾਰੇਬਾਜੀ ਕਰਦੇ ਹੋਏ ਸਦਨ ਵਿਚੋਂ ਵਾਕ ਆਉਟ ਕਰ ਦਿਤਾ, ਪਰ ਬਾਅਦ ਵਿਚ ਦੋਵਾਂ ਪਾਰਟੀਆਂ ਦੇ ਵਿਧਾਇਕ ਸਦਨ 'ਚ ਪਰਤ ਆਏ। ਇਸ ਤੋਂ ਬਾਅਦ ਇਕ ਵਾਰ ਫਿਰ ਸੱਤਾ ਪੱਖ ਅਤੇ ਇਨੇਲੋ ਵਿਧਾਇਕਾਂ ਦੇ 'ਚ ਤਿੱਖੀ ਬਹਿਸ ਹੋਈ। ਪਰ ਇਸੇ ਦੌਰਾਨ ਚੌਟਾਲਾ ਅਤੇ ਭਾਜਪਾ ਦੇ ਸੂਬਾ ਪ੍ਰਧਾਨ ਸੁਭਾਸ਼ ਬਰਾਲਾ ਆਪਸ ਖਹਿਬੜ ਪਏ। ਗੱਲ ਇਥੋਂ ਤਕ ਵੱਧ ਗਈ ਕਿ ਅਭੇ ਚੌਟਾਲਾ ਨੇ ਸੁਭਾਸ਼ ਬਰਾਲਾ ਨੂੰ ਕਹਿ ਦਿਤਾ ਕਿ 'ਤੂੰ ਅਪਣੀ ਔਕਾਤ ਵੇਖ'। ਭਾਜਪਾ ਵਿਧਾਇਕਾਂ ਨੇ ਚੌਟਾਲਾ ਦੀ ਇਸ ਟਿਪਣੀ ਦਾ ਕੀਤਾ ਤਿੱਖਾ ਵਿਰੋਧ ਅਤੇ ਚੌਟਾਲਾ ਵਲੋਂ ਮਾਫੀ ਮੰਗਣ ਦੀ ਮੰਗ ਕੀਤੀ। ਕੈਬਨਿਟ ਮੰਤਰੀ ਓ.ਪੀ. ਧਨਖੜ ਨੇ ਕਿਹਾ ਕਿ 'ਔਕਾਤ' ਅਤੇ 'ਤੂੰ' ਜਿਹੇ ਸ਼ਬਦ ਵਰਤੇ ਜਾਣਾ ਗਲਤ ਹੈ। 

ਅਭੇ ਚੌਟਾਲਾ ਨੇ ਸੁਭਾਸ਼ ਬਰਾਲਾ ਉਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਜਿਨ੍ਹਾਂ 'ਤੇ ਅਤਿ ਗੰਭੀਰ ਇਲਜ਼ਾਮ ਹਨ ਉਹ ਸਦਨ ਵਿਚ ਕਲੰਕ ਹੈ। ਉਧਰ ਵਿਧਾਨ ਸਭਾ 'ਚ ਕਾਂਗਰਸ ਨੇ ਆਂਗਨਬਾੜੀ ਵਰਕਰਾਂ ਦੇ ਮੁੱਦੇ ਉੱਤੇ ਵੀ ਕੰਮ ਰੋਕੂ ਪ੍ਰਸਤਾਵ ਪੇਸ਼ ਕੀਤਾ ਸਪੀਕਰ ਨੇ ਉਸਨੂੰ ਵੀ ਖਾਰਜ ਕਰ ਦਿਤਾ, ਜਿਸ ਮਗਰੋਂ ਕਾਂਗਰਸ ਵਿਧਾਇਕਾਂ ਅਤੇ ਸਪੀਕਰ ਵਿਚਕਾਰ ਵੀ ਤਿੱਖੀ ਬਹਿਸ ਹੋਈ। ਕੰਮ ਰੋਕੂ ਪ੍ਰਸਤਾਵ ਨੂੰ ਖਾਰਿਜ ਕੀਤੇ ਜਾਣ ਦੇ ਵਿਰੋਧ ਵਿੱਚ ਕਾਂਗਰਸ ਵਿਧਾਇਕ ਵੀ ਨਾਰੇਬਾਜੀ ਕਰਦੇ ਹੋਏ ਸਦਨ ਦੇ ਵਿੱਚਕਾਰ ਪਹੁੰਚ ਗਏ। ਸਪੀਕਰ ਕੰਵਰ ਪਾਲ ਗੁੱਜਰ ਨੇ ਕਾਂਗਰਸ ਵਿਧਾਇਕਾਂ ਨੂੰ ਆਪਣੀ ਸੀਟਾਂ ਉੱਤੇ ਜਾਣ ਦੀ ਅਪੀਲ ਕੀਤੀ ਤੇ ਭਲਕੇ ਚਰਚਾ ਕਰਵਾਓਣ ਦਾ ਭਰੋਸਾ ਦਿੱਤਾ। ਮਗਰੋਂ ਸਪੀਕਰ ਵਲੋਂ ਮਾਰਸ਼ਲ ਬੁਲਾਏ ਜਾਣ ਉਤੇ ਕਾਂਗਰਸ ਵਿਧਾਇਕ ਆਪਣੀਆਂ ਸੀਟਾਂ ਉੱਤੇ ਚਲੇ ਗਏ। ਇਸੇ ਦੌਰਾਨ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਜਵਾਬ ਦਿੰਦੇ ਹੋਏ ਦਾਅਵਾ ਕੀਤਾ ਕਿ ਪੂਰੇ ਦੇਸ਼ ਵਿੱਚ ਸਿਰਫ ਹਰਿਆਣਾ ਵਿੱਚ ਹੀ ਆਂਗਨਬਾੜੀ ਵਰਕਰਾਂ ਦੀ ਤਨਖਾਹ ਸਭ ਤੋਂ ਜ਼ਿਆਦਾ ਹੈ । ਪੂਰੇ ਦੇਸ਼ ਵਿੱਚ ਉਨ੍ਹਾਂ ਨੂੰ ਤਨਖਾਹ ਦੇ ਰੂਪ ਵਿੱਚ 10500 ਰੁਪਏ ਮਿਲ ਰਹੇ ਹਨ ਜਦਕਿ ਹਰਿਆਣਾ ਵਿੱਚ ਉਂਨਹਾਂ ਨੂੰ 11400 ਰੁਪਏ ਪ੍ਰਤੀ ਮਹੀਨਾ ਦਿੱਤਾ ਜਾ ਰਿਹਾ ਹੈ। ਓਧਰ ਇਸ ਤੋਂ ਪਹਿਲਾਂ ਅੱਜ ਕਾਂਗਰਸ ਵਿਧਾਇਕਾਂ ਨੇ ਵਿਧਾਨ ਸਭਾ ਦੇ ਬਾਹਰ ਸਟਾਲ ਲਗਾ ਕੇ ਪਕੌੜੇ ਵੇਚੇ । ਵਿਧਾਨ ਸਭਾ ਦੇ ਅੰਦਰ ਜਾਂਦੇ ਸਮੇਂ ਮੁਖ ਮੰਤਰੀ ਮਨੋਹਰ ਲਾਲ ਖੱਟੜ ਨੇ ਕਾਂਗਰਸ ਵਿਧਾਇਕਾ ਨੂੰ ਪਕੌੜੇ ਵੇਚਦੇ ਵੇਖਿਆ ਤਾਂ ਉਹ ਉਨ੍ਹਾਂ ਦੇ ਕੋਲ ਪੁੱਜੇ। ਮੁੱਖ ਮੰਤਰੀ ਨੇ ਬਕਾਇਦਾ ਤੌਰ ਉਤੇ ਸਾਬਕਾ  ਕਾਂਗਰਸੀ ਮੰਤਰੀ ਗੀਤਾ ਭੁੱਕਲ ਕੋਲੋਂ ਪਕੌੜੇ ਖਰੀਦ ਕੇ ਖਾਧੇ ਵੀ। ਜਦਕਿ ਸਿਖਿਆ ਮੰਤਰੀ ਰਾਮਬਿਲਾਸ ਸ਼ਰਮਾ ਨੇ ਤਾਂ ਕਾਂਗਰਸ ਵਿਧਾਇਕਾਂ ਦੁਆਰਾ ਵੇਚੇ ਜਾ ਰਹੇ ਪਕੌੜਿਆਂ ਦੀ ਕਵਾਲਿਟੀ ਉੱਤੇ ਸਵਾਲ ਵੀ ਚੁਕਿਆ, ਜਿਸਦੇ ਵਿਰੋਧ ਚ ਕਾਂਗਰਸੀ ਵਿਧਾਇਕਾਂ ਨੇ 'ਬਾਬਾ ਰਾਮਦੇਵ' ਦੇ ਪਤੰਜਲੀ ਤੇਲ ਨਾਲ ਪਕੌੜੇ ਬਣਾਏ ਹੋਣ ਦਾ ਜਵਾਬ ਦਿੱਤਾ।