ਚੰਡੀਗੜ, 23 ਅਕਤੂਬਰ (ਨੀਲ ਭਲਿੰਦਰ ਸਿੰਘ): ਹਰਿਆਣਾ ਵਿਧਾਨ ਸਭਾ ਦਾ ਤਿੰਨ ਰੋਜ਼ਾ ਸੀਤਕਾਲੀਨ ਸੈਸ਼ਨ ਅੱਜ ਸੋਮਵਾਰ ਤੋਂ ਸ਼ੁਰੂ ਹੋ ਗਿਆ ਹੈ।ਪਹਿਲਾਂ ਤੋਂ ਹੀ ਲਗਾਏ ਜਾ ਰਹੇ ਕਿਆਸਿਆ ਮੁਤਾਬਕ ਅੱਜ ਸੈਸ਼ਨ ਦਾ ਪਲੇਠਾ ਦਿਨ ਹੀ ਪੂਰਨ ਹੰਗਾਮਾਖ਼ੇਜ਼ ਰਿਹਾ। ਬਾਅਦ ਦੁਪਹਿਰ 2 ਵਜੇ ਤੋਂ ਲੈ ਕੇ 5 ਵਜੇ ਤਕ ਚਲੇ ਸੈਸ਼ਨ ਦੌਰਾਨ ਵਿਧਾਨ ਸਭਾ ਵਿਚ ਕਈ ਮੁੱਦਿਆਂ ਉਤੇ ਵਿਰੋਧੀ ਖ਼ੇਮੇ ਨੇ ਜ਼ੋਰਦਾਰ ਹੰਗਾਮਾ ਕੀਤਾ। ਦਾਦੂਪੁਰ ਨਲਵੀ ਨਹਿਰ ਨੂੰ ਡੀਨੋਟੀਫ਼ਾਈ ਕਰਨ ਅਤੇ ਪੰਚਕੂਲਾ ਹਿੰਸਾ ਵਿੱਚ ਮਾਰੇ ਗਏ ਲੋਕਾਂ ਲਈ ਸੋਗ ਮਤਾ ਪਾਸ ਕਰਨ ਨੂੰ ਲੈ ਕੇ ਕਾਂਗਰਸ ਵਿਧਾਇਕ ਦਲ ਦੇ ਨੇਤਾ ਕਿਰਨ ਚੌਧਰੀ ਅਤੇ ਸਾਬਕਾ ਮੁੱਖ ਮੰਤਰੀ ਭੂਪਿੰਦਰ ਸਿੰਘ ਹੁੱਡਾ ਸਣੇ ਸਾਰੇ ਵਿਰੋਧੀ ਖੇਮੇ ਨੇ ਜ਼ੋਰਦਾਰ ਹੰਗਾਮਾ ਕੀਤਾ ਜਿਸ ਦੇ ਮਗਰੋਂ ਕਾਂਗਰਸੀ ਵਿਧਾਇਕਾਂ ਨੂੰ ਮਾਰਸ਼ਲ ਦੀ ਮਦਦ ਨਾਲ ਬਾਹਰ ਕੱਢ ਦਿਤਾ ਗਿਆ। ਇਸ ਤੋਂ ਪਹਿਲਾਂ ਕਾਂਗਰਸ ਸਣੇ ਵਿਰੋਧੀ ਪੱਖ ਦੇ ਸਾਰੇ ਦਲਾਂ ਦੀ ਵਿਧਾਨ ਸਭਾ
ਸੈਸ਼ਨ ਦੀ ਮਿਆਦ ਵਧਾਉਣ ਦੀ ਮੰਗ ਨੂੰ ਬਿਜਨਸ ਅਡਵਾਇਜਰੀ ਕਮੇਟੀ ਦੀ ਬੈਠਕ ਵਿਚ ਖ਼ਾਰਿਜ਼ ਕਰ ਦਿਤਾ ਗਿਆ । ਬੈਠਕ ਵਿਚ ਫ਼ੈਸਲਾ ਲਿਆ ਗਿਆ ਕਿ ਸੈਸ਼ਨ ਤਿੰਨ ਦਿਨ ਹੀ ਚੱਲੇਗਾ। ਵਿਧਾਨ ਸਭਾ ਸੈਸ਼ਨ ਦੀ ਬੈਠਕ ਕੱਲ ਸ਼ਾਮ 7 ਵਜੇ ਤਕ ਚਲੇਗੀ ।ਕਾਂਗਰਸ ਦੇ ਰਾਸ਼ਟਰੀ ਮੀਡੀਆ ਬੁਲਾਰੇ ਰਣਦੀਪ ਸਿੰਘ ਸੁਰਜੇਵਾਲਾ ਨੇ ਕਿਹਾ ਹਰਿਆਣਾ ਦੇ ਕਿਸਾਨ ਦੀ ਆਵਾਜ਼ ਨੂੰ ਸਰਕਾਰ ਨੇ ਵਿਧਾਨ ਸਭਾ ਵਿਚ ਦਬਾਉਣ ਦਾ ਕੰਮ ਕੀਤਾ ਹੈ ਸੋ ਅੱਜ ਦਾ ਦਿਨ ਕਾਲੇ ਦਿਨ ਦੇ ਤੌਰ ਉੱਤੇ ਯਾਦ ਕੀਤਾ ਜਾਵੇਗਾ। ਸੁਰਜੇਵਾਲਾ ਨੇ ਕਿਹਾ ਦਾਦੁਪੁਰ ਨਲਵੀ ਨਹਿਰ ਮਾਮਲੇ ਵਿਚ ਪ੍ਰਸਤਾਵ ਦਿਤਾ ਗਿਆ ਸੀ। 64 ਦਿਨਾਂ ਤੋਂ ਕਿਸਾਨ ਧਰਨੇ ਉੱਤੇ ਬੈਠੇ ਹਨ ਤੇ ਸਰਕਾਰ ਉਨ੍ਹਾਂ ਦੇ ਉੱਤੇ ਲੱਡੂ ਵੰਡ ਰਹੀ ਹੈ। ਉਥੇ ਹੀ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਮਿਲਣ ਆਏ ਕਿਸਾਨਾਂ ਨੂੰ ਸੁਰਜੇਵਾਲਾ ਨੇ ਫ਼ਰਜ਼ੀ ਕਿਸਾਨ ਦਸਿਆ ਅਤੇ ਕਿਹਾ ਕਿ ਕਿਸਾਨ ਕਿਉਂ ਅਪਣੇ ਆਪ ਲੁਟਣ ਉੱਤੇ ਮੁੱਖ ਮੰਤਰੀ ਨੂੰ ਵਧਾਈ ਦੇਣਗੇ? ਉਧਰ ਇਨੈਲੋ ਨੇਤਾ ਅਭੈ ਚੌਟਾਲਾ ਅਤੇ ਅਜੇ ਚੌਟਾਲਾ ਦੋਵੇਂ ਭਰਾ ਅੱਜ ਇਕੱਠੇ ਵਿਧਾਨ ਸਭਾ ਸੈਸ਼ਨ ਦੇ ਦਰਸ਼ਕ ਗੈਲਰੀ ਵਿਚ ਪੁੱਜੇ।