ਨਵੀਂ ਦਿੱਲੀ, 1 ਸਤੰਬਰ
(ਸੁਖਰਾਜ ਸਿੰਘ): ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਇੰਡੀਆ ਗੇਟ ਦੀ ਚੋਣ 'ਬ੍ਰਿਟਿਸ਼
ਕਾਊਂਸਿਲ ਇੰਟਰਨੈਸ਼ਨਲ ਸਕੂਲ ਅਵਾਰਡ' 2016-17 ਲਈ ਹੋਈ ਹੈ। ਇਸ ਸਬੰਧੀ ਸਕੂਲ ਨੂੰ
ਕਾਊਂਸਿਲ ਵਲੋਂ ਈ-ਮੇਲ ਰਾਹੀਂ ਜਾਣਕਾਰੀ ਭੇਜੀ ਗਈ ਹੈ। ਇਸ ਅਵਾਰਡ ਨੂੰ ਪ੍ਰਾਪਤ ਕਰਨ
ਉਪਰੰਤ ਸਕੂਲ ਨੂੰ ਕੌਮਾਂਤਰੀ ਸਕੂਲ ਦਾ ਦਰਜਾ ਪ੍ਰਾਪਤ ਹੋ ਗਿਆ ਹੈ। ਜਿਸ ਤੋਂ ਬਾਅਦ ਹੁਣ
ਸਕੂਲ 2017 ਤੋਂ 2020 ਤਕ ਆਈ.ਐਸ.ਏ. ਮਾਰਕ ਦਾ ਇਸਤੇਮਾਲ ਕਰ ਸਕੇਗਾ। ਇਸ ਸਬੰਧੀ
ਜਾਣਕਾਰੀ ਦਿੰਦੇ ਹੋਏ ਦਿੱਲੀ ਗੁਰਦਵਾਰਾ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ
ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਕਮੇਟੀ ਲਈ ਮਾਣ ਦੀ ਗੱਲ ਹੈ ਕਿ ਸਾਡੇ ਸਕੂਲ ਨੂੰ
ਕੌਮਾਂਤਰੀ ਪੱਧਰ ਦੀ ਸਿਖਿਆ ਪ੍ਰਣਾਲੀ ਦਾ ਹਾਣੀ ਮੰਨਦੇ ਹੋਏ ਬ੍ਰਿਟਿਸ਼ ਕਾਊਂਸਿਲ ਵਲੋਂ ਇਸ
ਨਾਮੀ ਅਵਾਰਡ ਲਈ ਚੁਣਿਆ ਗਿਆ ਹੈ। ਸ. ਜੀ.ਕੇ. ਨੇ ਕਿਹਾ ਕਿ ਇੱਕ ਸਾਲ ਦੀ ਲੰਮੀ
ਜਦੋ-ਜਹਿਦ ਦੇ ਬਾਅਦ ਸਾਡਾ ਸਕੂਲ ਕੌਮਾਂਤਰੀ ਢਾਂਚੇ 'ਤੇ ਪੂਰਾ ਉਤਰਿਆ ਹੈ।
ਉਨ੍ਹਾਂ
ਨੇ ਦੱਸਿਆ ਕਿ ਆਪਣੀ ਪਹਿਲੀ ਕੋਸ਼ਿਸ਼ 'ਚ ਸਕੂਲ ਨਾ ਕੇਵਲ ਕੌਮਾਂਤਰੀ ਸਕੂਲ ਦਾ ਦਰਜ਼ਾ
ਪ੍ਰਾਪਤ ਕਰਨ ਵਿਚ ਕਾਮਯਾਬ ਰਿਹਾ ਹੈ ਸਗੋਂ ਸਕੂਲ ਵਲੋਂ ਇਸ ਦੌਰਾਨ ਚਲਾਏ ਗਏ 7 ਵੱਡੇ
ਪ੍ਰੋਜੈਕਟਾਂ 'ਚੋਂ 3 ਪ੍ਰੋਜੈਕਟਾਂ 'ਚ ਵਿਦੇਸ਼ੀ ਸਕੂਲਾਂ ਨੇ ਵੀ ਭਾਗੀਦਾਰੀ ਕੀਤੀ ਹੈ।
ਜਿਸ 'ਚ ਅਮਰੀਕਾ, ਨਾਈਜੀਰੀਆ, ਇਜੀਪਟ, ਸ੍ਰੀਲੰਕਾ, ਅਫਗਾਨਿਸਤਾਨ, ਪਾਕਿਸਤਾਨ, ਨੇਪਾਲ ਤੇ
ਬੰਗਲਾਦੇਸ਼ ਦੇ ਨਾਮੀ ਸਕੂਲ ਸ਼ਾਮਲ ਹਨ। ਮਨਜੀਤ ਸਿੰਘ ਜੀ.ਕੇ. ਨੇ ਵਿਦਿਆਰਥੀਆਂ ਅਤੇ ਸਟਾਫ਼
ਵਲੋਂ ਕੀਤੀ ਗਈ ਮਿਹਨਤ ਦੀ ਸਲਾਘਾ ਕਰਦੇ ਹੋਏ ਕੌਮਾਂਤਰੀ ਸਕੂਲ ਦਾ ਦਰਜਾ ਇੰਡੀਆ ਗੇਟ
ਸਕੂਲ ਨੂੰ ਮਿਲਣ ਨੂੰ ਮਾਣ ਦਾ ਪ੍ਰਤੀਕ ਦਸਿਆ। ਇਸ ਸਕੂਲ ਨੂੰ ਬੀਤੇ ਦਿਨੀਂ ਸਵੱਛ ਭਾਰਤ
ਅਵਾਰਡ ਵਜੋਂ ਸਿਲਵਰ ਮੈਡਲ ਵੀ ਮਿਲਿਆ ਹੈ।