'ਖ਼ਾਲਸਾ ਏਡ' ਨੂੰ ਦਿੱਲੀ ਕਮੇਟੀ ਨੇ ਦਿਤੀ ਮਾਲੀ ਸਹਾਇਤਾ

ਹਰਿਆਣਾ ਖ਼ਬਰਾਂ

ਨਵੀਂ ਦਿੱਲੀ, 27 ਸਤੰਬਰ (ਸੁਖਰਾਜ ਸਿੰਘ): ਦੁਨੀਆਂ ਭਰ ਵਿਚ ਮਨੁੱਖਤਾ ਦੇ ਨਾਲ ਕੋਈ ਅਣਹੋਣੀ ਘਟਨਾਂ ਵਾਪਰ ਜਾਵੇ ਤਾਂ ਉਸ ਵੇਲੇ ਸਭ ਤੋਂ ਪਹਿਲਾਂ ਔਖੇ ਵੇਲੇ ਖੜੇ ਹੋਣ ਵਾਲੀ ਸੇਵਕ ਜਥੇਬੰਦੀ ''ਖ਼ਾਲਸਾ ਏਡ'' ਨੂੰ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਮਾਲੀ ਸਹਾਇਤਾ ਦਿੱਤੀ ਗਈ।
ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਅਜ ਜਥੇਬੰਦੀ ਦੇ ਦਿੱਲੀ ਵਿੱਚਲੇ ਸੇਵਾਦਾਰ ਵੀਰ ਮਨਪ੍ਰੀਤ ਸਿੰਘ ਅਤੇ ਮਨਮੀਤ ਸਿੰਘ ਨੂੰ 2 ਲੱਖ ਰੁਪਏ ਦਾ ਚੈੱਕ ਸੌਂਪਿਆ। ਦਿੱਲੀ ਕਮੇਟੀ ਦੇ ਆਗੂਆਂ ਨੇ ਕਿਹਾ ਕਿ ਖ਼ਾਲਸਾ ਏਡ ਬਿਨ੍ਹਾਂ ਕਿਸੇ ਸਮਾਜਕ ਤੇ ਧਾਰਮਕ ਵਿੱਤਕਰੇ ਦੇ ਕੁਦਰਤੀ ਕਰੋਪੀ ਤੇ ਦੰਗਿਆਂ ਆਦਿ ਦੌਰਾਨ ਪ੍ਰਭਾਵਿਤ ਇਲਾਕਿਆ 'ਚ ਜਾ ਕੇ ਮਿਸਾਲੀ ਸੇਵਾ ਕਰ ਰਹੀ ਹੈ, ਜਿਸ ਦੀ ਜਿਨ੍ਹੀ ਵੀ ਸ਼ਲਾਘਾ ਕੀਤੀ ਜਾਏ ਉਹ ਘੱਟ ਹੈ। ਸ. ਜੀ.ਕੇ. ਨੇ ਕਿਹਾ ਕਿ ਬਰਮਾ ਛੱਡ ਕੇ ਬੰਗਲਾਦੇਸ਼ ਬਾਰਡਰ 'ਤੇ ਸ਼ਰਨਾਰਥੀ ਕੈਂਪਾਂ 'ਚ ਆਸਰਾ ਲੈ ਰਹੇ ਰੋਹਿੰਗਾ ਮੁਸਲਮਾਨਾਂ ਨੂੰ ਬਿਨ੍ਹਾਂ ਕਿਸੇ ਵਿੱਤਕਰੇ ਦੇ ਲੰਗਰ ਛੱਕਾ ਕੇ ਖ਼ਾਲਸਾ ਏਡ ਨੇ ਸਿੱਖ ਕੌਮ ਦਾ ਨਾਮ ਰੋਸ਼ਨ ਕੀਤਾ ਹੈ। ਸ. ਜੀ.ਕੇ. ਨੇ ਦਸਿਆਂ ਕਿ ਦਿੱਲੀ ਕਮੇਟੀ ਵਲੋਂ ਇਸ ਸਬੰਧੀ ਮਾਇਕ ਸਹਾਇਤਾ ਪ੍ਰਾਪਤ ਕਰਨ ਲਈ ਇਸ ਜਥੇਬੰਦੀ ਨੂੰ ਗੁਰਦਵਾਰਾ ਬੰਗਲਾ ਸਾਹਿਬ ਵਿਖੇ ਕਾਉਂਟਰ ਲਗਾਉਣ ਦੀ ਮਨਜੂਰੀ ਵੀ ਦੇ ਦਿਤੀ ਹੈ। ਸ. ਸਿਰਸਾ ਨੇ ਕਿਹਾ ਕਿ ਖ਼ਾਲਸਾ ਦਾ ਮਤਲਬ ਹੀ ਖ਼ਾਲਿਸ ਹੁੰਦਾ ਹੈ ਅਰਥਾਤ 'ਸ਼ੁੱਧ'।
ਇਸ ਲਈ ਖ਼ਾਲਸਾ ਏਡ ਵਲੋਂ ਗੁਰੂ ਸਿਧਾਂਤਾ 'ਤੇ ਪਹਿਰਾ ਦਿੰਦੇ ਹੋਏ ਨਿਭਾਈਆਂ ਜਾ ਰਹੀਆਂ ਸੇਵਾਵਾਂ ਅਜ ਦੇ ਵਿਤਕਰੇ ਵਾਲੇ ਸਮਾਜ ਨੂੰ ਸੱਚ ਦਿਖਾਉਣ ਦੇ ਬਰਾਬਰ ਹਨ। ਇਸ ਮੌਕੇ ਮੈਂਬਰ ਕੁਲਵੰਤ ਸਿੰਘ ਬਾਠ ਤੇ ਪਰਮਜੀਤ ਸਿੰਘ ਮੌਜੂਦ ਸਨ।