ਮਨਜੀਤ ਸਿੰਘ ਜੀ.ਕੇ. ਨੇ ਵੰਡੇ 'ਪੁਸ਼ਪਿੰਦਰ ਸਿੰਘ ਐਵਾਰਡ'



ਨਵੀਂ ਦਿੱਲੀ, 9 ਸਤੰਬਰ (ਸੁਖਰਾਜ ਸਿੰਘ): ਦਿੱਲੀ ਘੱਟ ਗਿਣਤੀ ਕਮਿਸ਼ਨ ਦੇ ਸਵਰਗੀ ਮੈਂਬਰ ਸ. ਪੁਸ਼ਪਿੰਦਰ ਸਿੰਘ ਦੀ ਚੌਥੀ ਸਾਲਾਨਾ ਬਰਸੀ ਮੌਕੇ ਮਹਿਰੌਲੀ ਸਥਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਦਿਆ ਕੇਂਦਰ ਵਿਖੇ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ ਜਿਸ 'ਚ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ੍ਰੀਮਤੀ ਸ਼ੀਲਾ ਦੀਕਸ਼ਿਤ, ਸਾਬਕਾ ਕਾਂਗਰਸੀ ਵਿਧਾਇਕ ਸੁਰਿੰਦਰਪਾਲ ਸਿੰਘ ਬਿੱਟੂ, ਦਿੱਲੀ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ., ਧਰਮ ਪ੍ਰਚਾਰ ਕਮੇਟੀ ਚੇਅਰਮੈਨ ਕੁਲਮੋਹਨ ਸਿੰਘ, ਦਿੱਲੀ ਘੱਟ ਗਿਣਤੀ ਕਮਿਸ਼ਨ ਦੇ ਮੌਜੂਦਾ ਸਿੱਖ ਮੈਂਬਰ ਕਰਤਾਰ ਸਿੰਘ ਕੋਛੜ, ਐਡਵੋਕੇਟ ਸੁਰਿੰਦਰ ਸਿੰਘ, ਕਰਨਲ ਸਾਹੀ ਤੋਂ ਇਲਾਵਾ ਕਈ ਧਾਰਮਕ, ਸਮਾਜਕ ਸੰਸਥਾਵਾਂ ਦੇ ਮੈਂਬਰ ਸ਼ਾਮਲ ਹੋਏ। ਇਸ ਮੌਕੇ ਸ. ਜੀ.ਕੇ. ਨੇ ਕਮੇਟੀ ਦੀ ਮਹਿਲਾ ਮੈਂਬਰ ਤੇ ਮਾਈਨੋਰਿਟੀ ਅਵੇਅਰਨੈਸ ਸਕੀਮ ਦੀ ਚੇਅਰਮੈਨ ਬੀਬੀ ਰਣਜੀਤ ਕੌਰ ਦੀ ਅਗਵਾਈ 'ਚ ਕੰਮ ਕਰ ਰਹੇ ਉਨ੍ਹਾਂ ਸਟਾਫ ਕਰਮਚਾਰੀਆਂ ਨੂੰ ''ਸ: ਪੁਸ਼ਪਿੰਦਰ ਸਿੰਘ ਐਵਾਰਡ' ਦੇ ਕੇ ਸਨਮਾਨਤ ਕੀਤਾ ਜਿਨ੍ਹਾਂ ਨੇ ਸਕੂਲਾਂ 'ਚ ਪੜ੍ਹਨ ਵਾਲੇ ਘੱਟ ਗਿਣਤੀ ਵਰਗ ਦੇ ਵਿਦਿਆਰਥੀਆਂ ਨੂੰ ਸਰਕਾਰੀ ਯੋਜਨਾਵਾਂ 'ਚ ਵਿਸ਼ੇਸ਼ ਲਾਭ ਦਿਵਾਉਣ 'ਚ ਵੱਡਮੁੱਲਾ ਯੋਗਦਾਨ ਪਾਇਆ।

ਪਹਿਲਾ ਪੁਰਸਕਾਰ ਲਈ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਤਿਲਕ ਨਗਰ, ਦੂਜਾ ਗੁਰੂ ਨਾਨਕ ਪਬਲਿਕ ਸਕੂਲ ਰਾਜੌਰੀ ਗਾਰਡਨ ਅਤੇ ਤੀਜ਼ਾ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਲੋਨੀ ਰੋਡ ਦੀ ਚੋਣ ਕੀਤੀ ਗਈ। ਇਨ੍ਹਾਂ ਸਕੂਲਾਂ 'ਚ ਅਵੱਲ ਰਹੇ ਸਕੂਲ ਨੇ 1,06,67,803 ਰੁਪਏ, ਦੂਜੇ ਨੇ 88,37,670 ਰੁਪਏ ਤੇ ਤੀਜੇ ਨੇ 74,20,600 ਰੁਪਏ ਘੱਟ ਗਿਣਤੀ ਵਰਗ ਦੇ ਵਿਦਿਆਰਥੀਆਂ ਨੂੰ ਸਰਕਾਰੀ ਫ਼ੀਸ ਮਾਫ਼ੀ ਯੋਜਨਾ ਅਨੁਸਾਰ ਦਿਵਾਉਣ 'ਚ ਅਹਿਮ ਭੂਮਿਕਾ ਨਿਭਾਈ ਹੈ। ਸ. ਜੀ.ਕੇ. ਨੇ ਕਿਹਾ ਕਿ ਪੁਸ਼ਪਿੰਦਰ ਸਿੰਘ ਨੇ ਆਪਣੇ ਕਾਰਜਕਾਲ ਦੌਰਾਨ ਘੱਟ ਗਿਣਤੀ ਵਰਗ ਦੇ ਵਿਦਿਆਰਥੀਆਂ ਦੀ ਪ੍ਰਗਤੀ ਲਈ ਜਿਹੜੇ ਉਪਰਾਲੇ ਕੀਤੇ ਹਨ ਉਨ੍ਹਾਂ ਨੂੰ ਹੁਣ ਜਿਊਂਦਾ ਰੱਖਣਾ ਹੋਵੇਗਾ।

    ਸ੍ਰੀਮਤੀ ਸ਼ੀਲਾ ਦੀਕਸ਼ਿਤ ਨੇ ਕਿਹਾ ਕਿ ਸਿੱਖਾਂ 'ਚ ਇਹ ਭਾਵਨਾ ਸ਼ਲਾਘਾਯੋਗ ਹੈ ਕਿ ਉਹ ਕਿਸੇ 'ਤੇ ਨਿਰਭਰ ਹੋ ਕੇ ਨਹੀਂ ਬਲਕਿ ਖੁਦ ਨੂੰ ਮਜ਼ਬੂਤ ਕਰ ਕੇ ਅਪਣਾ ਜੀਵਨ ਜਿਊਂਣ 'ਚ ਯਕੀਨ ਰੱਖਦੇ ਹਨ ਤੇ ਪੁਸ਼ਪਿੰਦਰ ਸਿੰਘ ਨੂੰ ਕਦੇ ਭੁਲਾਇਆ ਨਹੀਂ ਜਾ ਸਕੇਗਾ। ਕਰਤਾਰ ਸਿੰਘ ਕੋਛੜ ਨੇ ਪੁਸ਼ਪਿੰਦਰ ਸਿੰਘ ਦੁਆਰਾ ਸ਼ੁਰੂ ਕੀਤੇ ਗਏ ਕਾਰਜਾਂ ਨੂੰ ਆਪਣੇ ਕਾਰਜਕਾਲ ਦੌਰਾਨ ਜਾਰੀ ਰੱਖਾਂਗਾ।