ਪੰਜਾਬ ਕਲਾ ਪ੍ਰੀਸ਼ਦ ਦੀ ਮੁੜ ਕਾਇਮੀ ਕੈਪਟਨ ਸਰਕਾਰ ਦਾ ਇਤਿਹਾਸਕ ਫ਼ੈਸਲਾ: ਹੰਸਪਾਲ

ਹਰਿਆਣਾ ਖ਼ਬਰਾਂ


ਨਵੀਂ ਦਿੱਲੀ, 13 ਸਤੰਬਰ (ਅਮਨਦੀਪ ਸਿੰਘ): ਉੱਘੇ ਪੰਜਾਬੀ ਸ਼ਾਇਰ ਡਾ.ਸੁਰਜੀਤ ਪਾਤਰ ਨੂੰ ਪੰਜਾਬ ਕਲਾ ਪ੍ਰੀਸ਼ਦ ਦਾ ਚੇਅਰਮੈਨ ਨਾਮਜ਼ਦ ਕਰਨ ਦੇ ਫ਼ੈਸਲੇ ਨੂੰ ਵਿਸ਼ਵ ਪੰਜਾਬੀ ਕਾਨਫ਼ਰੰਸ (ਰਜਿ.) ਜਥੇਬੰਦੀ ਨੇ ਪੰਜਾਬੀ ਪ੍ਰੇਮੀਆਂ ਲਈ ਅਹਿਮ ਦਸਿਆ ਹੈ।

ਜਥੇਬੰਦੀ ਦੇ ਚੇਅਰਮੈਨ, ਸਾਬਕਾ ਰਾਜ ਸਭਾ ਮੈਂਬਰ ਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸ.ਐਚ.ਐਸ.ਹੰਸਪਾਲ ਨੇ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵਧਾਈ ਸੁਨੇਹਾ ਭੇਜ ਕੇ, ਵਕਾਰੀ ਅਦਾਰੇ ਲਈ ਡਾ.ਸੁਰਜੀਤ ਪਾਤਰ ਨੂੰ ਚੇਅਰਮੈਨ, ਰੰਗ ਮੰਚ ਹਸਤੀ ਡਾ.ਨੀਲਮ ਮਾਨ ਸਿੰਘ ਚੌਧਰੀ ਨੂੰ ਮੀਤ ਪ੍ਰਧਾਨ ਅਤੇ ਪੱਤਰਕਾਰ ਸ਼ਾਇਰ ਡਾ.ਲਖਵਿੰਦਰ ਸਿੰਘ ਜੌਹਲ ਨੂੰ ਸਕੱਤਰ ਨਾਮਜ਼ਦ ਕਰਨ ਦੇ ਫ਼ੈਸਲੇ ਲਈ ਧਨਵਾਦ ਕਰਦਿਆਂ ਉਮੀਦ ਪ੍ਰਗਟਾਈ ਹੈ ਕਿ ਇਨ੍ਹਾਂ ਸ਼ਖਸੀਅਤਾਂ ਦੀ ਅਗਵਾਈ ਹੇਠ ਪੰਜਾਬੀ ਜ਼ੁਬਾਨ, ਸਾਹਿਤ ਤੇ ਸਭਿਆਚਾਰ ਵਾਸਤੇ ਅਹਿਮ ਉਪਰਾਲੇ ਹੋਣਗੇ । ਪੰਜਾਬ ਦੇ ਸਭਿਆਚਾਰਕ ਮਾਮਲਿਆਂ ਦੇ ਮੰਤਰੀ ਸ.ਨਵਜੋਤ ਸਿੰਘ ਸਿੱਧੂ ਨੂੰ ਵੀ ਇਸ ਗੱਲੋਂ ਵਧਾਈ ਦਿਤੀ ਕਿ ਪੰਜਾਬ ਕਲਾ ਪ੍ਰੀਸ਼ਦ ਨੂੰ ਨਵੀਂ ਦਿੱਖ ਦੇਣ ਦੇ ਉਨ੍ਹਾਂ ਦੇ ਉਪਰਾਲੇ ਨੂੰ ਜ਼ਰੂਰ ਬੂਰ ਪਵੇਗਾ। ਇਥੇ ਹੋਈ ਮੀਟਿੰਗ ਵਿਚ ਸ.ਹੰਸਪਾਲ ਸਣੇ ਜੱਥੇਬੰਦੀ ਦੇ ਮੀਤ ਪ੍ਰਧਾਨ ਡਾ.ਮਨਜੀਤ ਸਿੰਘ, ਜਨਰਲ ਸਕੱਤਰ ਡਾ.ਰਵੇਲ ਸਿੰਘ, ਸ.ਜੈਦੀਪ ਸਿੰਘ ਕੈਨੇਡਾ, ਸ.ਗੁਰਭੇਜ ਸਿੰਘ ਗੁਰਾਇਆ ਤੇ ਹੋਰ ਕਾਰਜਕਾਰਨੀ ਮੈਂਬਰ ਸ਼ਾਮਲ ਹੋਏ।

  ਬੈਠਕ ਪਿਛੋਂ ਜਾਰੀ ਬਿਆਨ 'ਚ ਵਿਸ਼ਵ ਪੰਜਾਬੀ ਕਾਨਫ਼ਰੰਸ ਦੇ ਸਮੁੱਚੇ ਅਹੁਦੇਦਾਰਾਂ ਨੇ ਕਿਹਾ ਕਿ ਜਿਸ ਤਰ੍ਹਾਂ ਪੰਜਾਬ ਦੀ ਇਤਿਹਾਸਕ ਸ਼ਖਸੀਅਤ ਮਰਹੂਮ ਡਾ.ਮਹਿੰਦਰ ਸਿੰਘ ਰੰਧਾਵਾ ਵਲੋਂ ਕਾਇਮ ਕੀਤੇ ਗਏ ਪੰਜਾਬ ਕਲਾ ਪ੍ਰੀਸ਼ਦ ਦੇ ਪੁਰਾਣੇ ਪ੍ਰਧਾਨਾਂ ਤੇ ਹੋਰ ਅਹੁਦੇਦਾਰਾਂ ਪ੍ਰਿੰਸੀਪਲ ਸੰਤ ਸਿੰਘ ਸੇਖੋਂ, ਕਰਤਾਰ ਸਿੰਘ ਦੁੱਗਲ ਅਤੇ ਡਾ.ਹਰਚਰਨ ਸਿੰਘ ਆਦਿ ਨੇ ਪੂਰਨੇ ਪਾਏ, ਉਸੇ ਤਰ੍ਹਾਂ ਨਵੇਂ ਅਹੁਦੇਦਾਰ ਪੰਜਾਬੀ ਨੂੰ ਦਰਪੇਸ਼ ਵੰਗਾਰਾਂ ਨਾਲ ਨਜਿੱਠ ਕੇ, ਪੰਜਾਬੀਅਤ ਦਾ ਝੰਡਾ ਬੁਲੰਦ ਕਰਨ ਲਈ ਉਪਰਾਲੇ ਕਰਨਗੇ।