ਰਾਮ ਕ੍ਰਿਸ਼ਨ ਆਸ਼ਰਮ ਵਲੋਂ ਅਧਿਆਪਕਾਂ ਦੀ ਵਰਕਸ਼ਾਪ

ਹਰਿਆਣਾ ਖ਼ਬਰਾਂ



ਨਵੀਂ ਦਿੱਲੀ, 8 ਸਤੰਬਰ (ਸੁਖਰਾਜ ਸਿੰਘ): ਰਾਮ ਕ੍ਰਿਸ਼ਨ ਮਿਸ਼ਨ ਆਸ਼ਰਮ ਦਿੱਲੀ ਦੀ ਸਰਪ੍ਰਸਤੀ ਹੇਠ ਅਧਿਆਪਕਾਂ ਲਈ ਜਾਗਰੂਕ ਨਾਗਰਿਕ ਪ੍ਰੋਗਰਾਮ ਨਾਮ ਤਹਿਤ ਇਕ ਦੋ ਰੋਜ਼ਾ ਵਰਕਸ਼ਾਪ ਲਗਾਈ ਗਈ। ਇਸ ਦਾ ਮਕਸਦ ਵਿਦਿਆਰਥੀਆਂ ਨੂੰ ਆਪਣੀ ਅੰਦਰੂਨੀ ਸ਼ਕਤੀਆਂ ਤੇ ਸਮੱਰਥਾਵਾਂ ਬਾਰੇ ਚੇਤੰਨ ਕਰਨਾ ਹੈ ਤਾਂ ਜੋ ਵਿਦਿਆਰਥੀ ਇਖਲਾਕੀ ਤਬਦੀਲੀ ਰਾਹੀਂ ਚੇਤੰਨ ਨਾਗਰਿਕ ਬਣ ਸਕਣ। ਇਸ ਵਰਕਸ਼ਾਪ ਵਿਚ ਦਿੱਲੀ ਐਨ.ਸੀ.ਆਰ. ਦੇ ਸਰਕਾਰੀ, ਗੈਰ ਸਰਕਾਰੀ, ਪਬਲਿਕ ਸਕੂਲਾਂ ਦੇ ਚੋਣਵੇਂ ਅਧਿਆਪਕਾਂ ਨੇ ਹਾਜਰੀ ਲਗਾਈ।

ਜਾਗਰੂਕ ਨਾਗਰਿਕ ਪ੍ਰੋਗਰਾਮ ਬਾਰੇ ਜਾਣਕਾਰੀ ਦਿੰਦਿਆਂ ਸਰਵੋਦਿਆ ਬਾਲ ਵਿਦਿਆਲਾ, ਕੇਸ਼ਵ ਪੁਰਮ ਦੇ ਅਧਿਆਪਕ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਪ੍ਰੋਗਰਾਮ ਵਿਦਿਆਰਥੀਆਂ ਦੇ ਨੈਤਿਕ ਤੇ ਇਖਲਾਕੀ ਵਿਕਾਸ ਲਈ ਰਾਮ ਕ੍ਰਿਸ਼ਨ ਮਿਸ਼ਨ ਵਲੋਂ ਉਲੀਕਿਆ ਗਿਆ ਹੈ, ਜਿਸ ਦੇ ਤਹਿਤ ਸਰਕਾਰੀ ਤੇ ਪਬਲਿਕ ਸਕੂਲਾਂ ਵਿਚ ਸੱਤਵੀਂ, ਅੱਠਵੀਂ ਤੇ ਨੌਵੀਂ ਦੇ ਵਿਦਿਆਰਥੀਆਂ ਲਈ ਇਹ ਤਿੰਨ ਸਾਲਾ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ, ਜਿਸ ਵਿਚ ਹਰੇਕ ਸਾਲ 45-45 ਮਿੰਟ ਦੇ 16 ਸੈਸ਼ਨਾਂ ਰਾਹੀਂ ਵਿਦਿਆਰਥੀਆਂ ਨੂੰ ਸਵੈ ਚੇਤੰਨਤਾ ਨਾਲ ਜੋੜਿਆ ਜਾ ਰਿਹਾ ਹੈ। ਉਨ੍ਹਾਂ ਨੇ ਦਸਿਆ ਕਿ ਵਿਦਿਆਰਥੀ ਬਹੁਤ ਬੇਸਬਰੀ ਨਾਲ ਸਾਲ ਦਰ ਸਾਲ ਇਸ ਪ੍ਰੋਗਰਾਮ ਦੇ ਸ਼ੁਰੂ ਹੋਣ ਦੀ ਉਡੀਕ ਕਰਦੇ ਹਨ।