ਸਬੂਤ ਸਾਹਮਣੇ ਆਉਣ ਮਗਰੋਂ ਗੁਰਦਵਾਰੇ ਦੀ ਮੁੜ ਉਸਾਰੀ ਲਈ ਮਿਲੇਗਾ ਵੱਡਾ ਹੁਲਾਰਾ: ਮਨਜਿੰਦਰ ਸਿੰਘ ਸਿਰਸਾ

ਹਰਿਆਣਾ ਖ਼ਬਰਾਂ

ਨਵੀਂ ਦਿੱਲੀ, 15 ਸਤੰਬਰ (ਸੁਕਰਾਜ ਸਿੰਘ): ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸ. ਮਨਜਿੰਦਰ ਸਿੰਘ ਸਿਰਸਾ ਨੇ ਅੱਜ ਕਿਹਾ ਕਿ ਹਰਿ ਕੀ ਪੌੜੀ ਨੇੜੇ ਸੁਭਾਸ਼ ਘਾਟ ਵਿਖੇ ਗੁਰਦਵਾਰਾ ਸਾਹਿਬ ਪਹਿਲਾਂ ਮੌਜੂਦਾ ਹੋਣ ਬਾਰੇ ਸਰਕਾਰੀ ਦਸਤਾਵੇਜ਼ੀ ਸਬੂਤ ਸਾਹਮਣੇ ਆਉਣ ਮਗਰੋਂ ਇਤਿਹਾਸਕ ਗੁਰਦਵਾਰਾ ਗਿਆਨ ਗੋਦੜੀ ਦੀ ਮੁੜ ਉਸਾਰੀ ਦੀ ਮੁਹਿੰਮ ਨੂੰ ਵੱਡਾ ਹੁਲਾਰਾ ਮਿਲੇਗਾ। ਸ. ਸਿਰਸਾ ਨੇ ਕਿਹਾ ਕਿ ਮੀਡੀਆ ਦੀਆਂ ਖਬਰਾਂ ਅਨੁਸਾਰ ਸਥਾਨਕ ਨਗਰ ਨਿਗਮ ਦੇ ਸੈਟਲਮੈਂਟ ਰਿਕਾਰਡ ਵਿਚ ਇਹ ਸਬੂਤ ਸਾਹਮਣੇ ਆਇਆ ਹੈ ਕਿ ਉਕਤ ਥਾਂ 'ਤੇ ਪਹਿਲਾਂ ਗੁਰਦਵਾਰਾ ਸਾਹਿਬ ਮੌਜੂਦ ਸੀ। ਉਨ੍ਹਾਂ ਕਿਹਾ ਕਿ ਨਗਰ ਨਿਗਮ ਦੇ 1935 ਦੇ ਰਿਕਾਰਡ ਵਿਚ ਹਰਿ ਕੀ ਪੌੜੀ ਨੇੜੇ ਗੁਰਦਵਾਰਾ ਸਾਹਿਬ ਮੌਜੂਦ ਹੋਣਾ ਦਰਸਾਇਆ ਗਿਆ ਹੈ ਅਤੇ ਭਾਰਤ ਸਕਾਊਟਸ ਐਂਡ ਗਾਈਡਜ਼ ਦਫਤਰ ਦੇ ਦਸਤਾਵੇਜ਼ਾਂ ਵਿਚ ਵੀ ਇਹ ਥਾਂ ਗੁਰਦਵਾਰੇ ਨਾਲ ਜੁੜੀ ਸਾਬਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਤਾਜ਼ਾ ਸਬੂਤ ਸਾਹਮਣੇ ਆਉਣ ਮਗਰੋਂ ਗੁਰਦਵਾਰੇ ਦੀ ਮੁੜ ਉਸਾਰੀ ਦੀ ਮੁਹਿੰਮ ਨੂੰ ਵੱਡਾ ਹੁਲਾਰਾ ਮਿਲੇਗਾ ਅਤੇ ਸਿੱਖ ਭਾਈਚਾਰਾ ਇਸਦੀ ਮੁੜ ਉਸਾਰੀ ਹੋਣ 'ਤੇ ਸਾਰਿਆਂ ਦਾ ਧੰਨਵਾਦੀ ਹੋਵੇਗਾ।
ਇਥੇ ਦੱਸਣਯੋਗ ਹੇ ਕਿ ਦਿੱਲੀ ਗੁਰਦਾਵਰਾ ਕਮੇਟੀ ਦੇ ਪ੍ਰਧਾਨ ਸ. ਮਨਜੀਤ ਸਿੰਘ ਜੀ.ਕੇ. ਅਤੇ ਸ਼੍ਰੋਮਣੀ ਗੁਰਦਵਾਰਾ ਕਮੇਟੀ ਦੇ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਮਾਮਲੇ ਵਿਚ ਅਪੀਲ ਕੀਤੀ ਸੀ ਜਿਸ ਮਗਰੋਂ ਜਥੇਦਾਰ ਹੁਰਾਂ ਨੇ ਇਸ ਮਾਮਲੇ ਵਿਚ ਕਾਰਵਾਈ ਲਈ ਇਕ ਕਮੇਟੀ ਦਾ ਗਠਨ ਕੀਤਾ ਸੀ। ਉਨ੍ਹਾਂ ਕਿਹਾ ਕਿ ਸਿੱਖ ਕਾਫੀ ਦੇਰ ਤੋਂ ਇਹ ਥਾਂ ਦਿੱਤੇ ਜਾਣ ਦੀ ਮੰਗ ਕਰ ਰਹੇ ਹਨ ਜਿਥੇ ਹਰਿ ਕੀ ਪੌੜੀ ਵਿਖੇ ਗੁਰੂ ਨਾਨਕ ਦੇਵ ਜੀ 1504-05 ਵਿਚ  ਆਏ ਸਨ।
ਉਨ੍ਹਾਂ ਕਿਹਾ ਕਿ ਇਥੇ ਗੁਰੂ ਨਾਨਕ ਪਾਤਸ਼ਾਹ ਦੇ ਨਾਮ 'ਤੇ ਗੁਰਦਵਾਰਾ ਮੌਜੂਦ ਸੀ ਤੇ ਇਹ ਥਾਂ  ਯੂ. ਪੀ. ਸਰਕਾਰ ਵਲੋਂ ਐਕਵਾਇਰ ਕਰ ਲਈ ਗਈ ਸੀ ਪਰ ਕਦੇ ਸਿੱਖ ਭਾਈਚਾਰੇ ਨੂੰ ਵਾਪਸ ਨਹੀਂ ਮੋੜੀ ਗਈ।