ਸਾਹਿਤ ਕੇਂਦਰ ਭਾਸ਼ਾ ਵਿਭਾਗ ਵਲੋਂ ਪੰਜਾਬ ਭਵਨ ਵਿਖੇ ਸਾਹਿਤਕ ਇਕੱਤਰਤਾ



ਨਵੀਂ ਦਿੱਲੀ, 6 ਸਤੰਬਰ (ਸੁਖਰਾਜ ਸਿੰਘ): ਸਾਹਿਤ ਕੇਂਦਰ ਭਾਸ਼ਾ ਵਿਭਾਗ ਵਲੋਂ ਇਥੇ ਪੰਜਾਬ ਭਵਨ ਦੇ ਕਮੇਟੀ ਹਾਲ ਵਿਚ ਸਾਹਿਤਕ ਇਕੱਤਰਤਾ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਪੰਜਾਬੀ ਸਾਹਿਤ ਸਭਾ ਦੇ ਡਾਇਰੈਕਟਰ ਬਲਬੀਰ ਮਾਧੋਪੁਰੀ ਨੇ ਪ੍ਰਧਾਨਗੀ ਦੀ ਅਤੇ ਦਿਆਲ ਸਿੰਘ ਕਾਲਜ ਦੇ ਡਾ. ਕਮਲਜੀਤ ਸਿੰਘ ਨੇ ਮੰਚ ਸੰਚਾਲਕ ਵਜੋਂ ਹਾਜਰੀ ਭਰੀ।

   ਪ੍ਰੋਗਰਾਮ ਦੇ ਸ਼ੁਰੂ ਵਿਚ ਸਾਹਿਤ ਕੇਂਦਰ ਦੀ ਵਿਸ਼ੇਸ਼ ਕਾਰਜਕਾਰੀ ਅਫ਼ਸਰ ਸ੍ਰੀਮਤੀ ਮਨਦੀਪ ਸੰਧੂ ਨੇ ਆਏ ਵਿਦਵਾਨਾਂ ਦੇ ਸਰੋਤਿਆਂ ਨੂੰ ਜੀ ਆਇਆਂ ਆਖਿਆ। ਸਭ ਤੋਂ ਪਹਿਲਾਂ ਡਾ. ਸੁਰਜੀਤ ਕੁੰਜਾਹੀ ਨੇ ਆਪਣੀ ਕਹਾਣੀ 'ਪੀਰ ਦੀ ਕਬਰ' ਸੁਣਾਈ। ਇਸ ਮਗਰੋਂ ਸੁਰਿੰਦਰ ਸਿੰਘ ਉਬਰਾਏ ਨੇ 'ਰੁਮਾਲ' ਨਾਮਕ ਲੇਖ ਪੜ੍ਹਿਆ। ਡਾ. ਹਰਵਿੰਦਰ ਔਲਖ ਨੇ 'ਨਦੀ' ਨਾਮਕ ਕਵਿਤਾ ਪੜ੍ਹੀਆਂ।

ਇਸੇ ਪ੍ਰਕਾਰ ਡਾ. ਕਮਲਜੀਤ ਸਿੰਘ ਨੇ ਅਪਣੀ ਨਵੀਂ ਕਹਾਣੀ 'ਵਹਿਮ' ਪੜ੍ਹੀ ਤੇ ਅੰਤ ਵਿਚ ਪਰਮਜੀਤ ਕੌਰ ਨੇ 'ਦੁਨੀਆ ਰੰਗ ਬਰੰਗੀ' ਅਤੇ 'ਸੁਪਨੇ' ਸਿਰਲੇਖ ਵਾਲੀਆਂ ਕਵਿਤਾਵਾਂ ਸੁਣਾਈਆਂ। ਰਚਨਾਵਾਂ ਦੇ ਦੌਰ ਤੋਂ ਬਾਅਦ ਚਰਚਾ ਵਿਚ ਹਿੱਸਾ ਲੈਂਦਿਆਂ ਵਰਿਆਮ ਮਸਤ ਨੇ ਆਪਣੇ ਵਿਚਾਰਾਂ ਰਾਹੀਂ ਸਾਰੀਆਂ ਰਚਨਾਵਾਂ ਦੀ ਸ਼ਲਾਘਾ ਕੀਤੀ ਅਤੇ ਪੰਜਾਬੀ ਦੇ ਚੰਗੇ ਭਵਿੱਖ ਲਈ ਉਮੀਦ ਜਤਾਈ। ਇਨ੍ਹਾਂ ਤੋਂ ਇਲਾਵਾ ਇਸ ਚਰਚਾ ਵਿਚ ਜਸਵੰਤ ਸਿੰਘ ਸੇਖਵਾਂ, ਡਾ. ਨਰਿੰਦਰ ਸਿੰਘ, ਡਾ. ਪ੍ਰਿਥਵੀ ਰਾਜ ਥਾਪਰ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।

ਇਕੱਤਰਤਾ ਦੇ ਅਖੀਰ ਵਿਚ ਬਲਬੀਰ ਮਾਧੋਪੁਰੀ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਸਾਰੀਆਂ ਰਚਨਾਵਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਅਤੇ ਬੀਬੀ ਮਨਦੀਪ ਸੰਧੂ ਵਲੋਂ ਕੀਤੇ ਜਾਂਦੇ ਉਪਰਾਲੇ ਦੀ ਪ੍ਰਸੰਸਾ ਕੀਤੀ। ਇਸ ਮੌਕੇ ਗੁਰੂ ਨਾਨਕ ਕਾਲਜ ਆਫ਼ ਐਜੂਕੇਸ਼ਨ ਪੰਜਾਬੀ ਬਾਗ ਦੇ ਡਾਇਰੈਕਟਰ ਡਾ. ਹਰਮੀਤ ਸਿੰਘ, ਸੈਂਭੀ ਹਰਭਜਨ ਸਿੰਘ, ਕਹਾਣੀਕਾਰ ਅਸ਼ੋਕ ਵਾਸ਼ਿਸ਼ਠ, ਐਨ.ਆਰ. ਗੋਇਲ, ਡਾ. ਦੀਪਾ ਕੁਮਾਰ, ਸਿੱਖ ਮਿਸ਼ਨ ਦਿੱਲੀ ਦੇ ਇੰਚਾਰਜ ਭਾਈ ਸੁਰਿੰਦਰ ਪਾਲ ਸਿੰਘ ਸਮਾਣਾ, ਰੇਖਾ ਰਾਣੀ, ਵਿਰਾਸਤ ਸਿਖਇਜਮ ਟਰੱਸਟ ਦੇ ਚੇਅਰਮੈਨ ਰਾਜਿੰਦਰ ਸਿੰਘ ਆਦਿ ਮੌਜੂਦ ਸਨ।