ਵੱਡਾ ਖੁਲਾਸਾ : ਡੇਰੇ ਦੇ ਹਸਪਤਾਲ 'ਚ ਹੁੰਦੇ ਸਨ ਗ਼ੈਰਕਾਨੂੰਨੀ ਗਰਭਪਾਤ

ਹਰਿਆਣਾ ਖ਼ਬਰਾਂ

ਸਿਰਸਾ : 3 ਦਿਨ ਵਿੱਚ 20 ਘੰਟੇ ਤੱਕ 10 ਖਾਸ ਟੀਮਾਂ ਨੇ ਡੇਰੇ ਵਿੱਚ ਸਰਚ ਆਪ੍ਰੇਸ਼ਨ ਪੂਰਾ ਕਰ ਲਿਆ। ਡੀ.ਸੀ. ਪ੍ਰਭਜੋਤ ਸਿੰਘ ਨੇ ਦੱਸਿਆ ਕਿ ਡੇਰਾ ਸੱਚਾ ਸੌਦਾ ਵਿੱਚ 8 ਸਤੰਬਰ ਤੋਂ ਸ਼ੁਰੂ ਕੀਤਾ ਗਿਆ ਸਰਚ ਆਪ੍ਰੇਸ਼ਨ ਪੂਰਾ ਹੋ ਚੁੱਕਿਆ ਹੈ। ਦੂਸਰੇ ਪਾਸੇ ਪੰਚਕੂਲਾ ਪੁਲਿਸ ਨੂੰ ਵੱਡੀ ਕਾਮਯਾਬੀ ਪ੍ਰਪਤ ਹੋਈ ਉਹਨਾਂ ਨੇ ਦੰਗੇ ਭੜਕਾਉਣ ਤੇ ਦੇਸ਼ ਧ੍ਰੋਹ ਮਾਮਲੇ ਵਿਚ ਗੋਬਿੰਦ ਇੰਸਾ ਨੂੰ ਗ੍ਰਿਫਤਾਰ ਕਰ ਲਿਆ ਹੈ। ਸਾਰੇ ਡਿਊਟੀ ਮੈਜਿਸਟਰੇਟਾਂ ਦੀਆਂ ਟੀਮਾਂ ਨੇ ਆਪਣੀ ਰਿਪੋਰਟ ਸੇਵਾਮੁਕਤ ਜ਼ਿਲ੍ਹਾ ਤੇ ਸੈਸ਼ਨ ਜੱਜ ਤੇ ਕੋਰਟ ਕਮਿਸ਼ਨਰ ਅਨਿਲ ਕੁਮਾਰ ਪੰਵਾਰ ਨੂੰ ਸੌਂਪ ਦਿੱਤੀ ਉਹ ਇਹ ਰਿਪੋਰਟ ਹਾਈਕੋਰਟ ਨੂੰ ਸੌਂਪਣਗੇ। 

ਤਲਾਸ਼ੀ ਦੌਰਾਨ ਡੇਰੇ ‘ਚ ਇਕ ਹਸਪਤਾਲ ਦਾ ਖ਼ੁਲਾਸਾ ਹੋਇਆ ਹੈ ਜਿਸ ‘ਚ ਕਈ ਤਰ੍ਹਾ ਦੇ ਗੈਰ-ਕਾਨੂੰਨੀ ਕੰਮ ਚਲਦੇ ਸਨ। ਸਰਚ ਦੌਰਾਨ ਡੇਰੇ ਵਿਚ ਸ਼ਾਹ ਸਤਿਨਾਮ ਜੀ ਸੁਪਰ ਸਪੈਸ਼ਲਿਟੀ ਹਸਪਤਾਲ ਦਾ ਰਿਕਾਰਡ ਕਾਫੀ ਸ਼ੱਕੀ ਮਿਲਿਆ ਹੈ। ਸੂਤਰਾਂ ਅਨੁਸਾਰ ਰਾਮ ਰਹੀਮ ਦੇ ਇਸ ਹਸਪਤਾਲ ਵਿਚ ਨਾਜਾਇਜ਼ ਗਰਭਪਾਤ ਦੇ ਕਲੀਨਿਕ ਦਾ ਵੀ ਖੁਲਾਸਾ ਹੋਇਆ ਹੈ। ਇਥੇ ਹਸਪਤਾਲ ਵਿਚ ਸਥਾਪਿਤ ਅਲਟਰਾਸਾਊਂਡ ਦਾ ਕੋਈ ਰਿਕਾਰਡ ਨਹੀਂ। ਇਸ ਹਸਪਤਾਲ ਵਿਚ ਲਿੰਗ ਜਾਂਚ ਮਗਰੋਂ ਗਰਭਪਾਤ ਵੀ ਕੀਤਾ ਜਾ ਰਿਹਾ ਸੀ। 

ਲੋਕ ਸੰਪਰਕ ਅਤੇ ਸੂਚਨਾ ਵਿਭਾਗ ਦੇ ਉਪ-ਨਿਰਦੇਸ਼ਕ ਸਤੀਸ਼ ਮਹਿਰਾ ਨੇ ਦੱਸਿਆ ਕਿ ਹਸਪਤਾਲ ਵਿਚ ਬਣਿਆ ਹੋਇਆ ਸੀਮਨ ਬੈਂਕ ਵੀ ਬਿਨਾਂ ਲਾਇਸੈਂਸ ਦੇ ਚੱਲ ਰਿਹਾ ਸੀ, ਜਿਸ ਨੂੰ ਸੀਲ ਕਰ ਦਿੱਤਾ ਗਿਆ ਹੈ। ਇਹੀ ਨਹੀਂ, ਮੁਰਦਿਆਂ ਦਾ ਰਿਕਾਰਡ ਵੀ ਮੇਨਟੇਨ ਨਹੀਂ। ਸਰਚ ਦੌਰਾਨ ਹਸਪਤਾਲ ਵਿਚੋਂ ਬਰਾਮਦ ਰਿਕਾਰਡ ਨੂੰ ਕਬਜ਼ੇ ਵਿਚ ਲੈ ਕੇ ਅਧਿਕਾਰੀਆਂ ਨੇ ਇਸ ਨੂੰ ਸੀਲਬੰਦ ਲਿਫਾਫੇ ਵਿਚ ਕੋਰਟ ਕਮਿਸ਼ਨਰ ਨੂੰ ਸੌਂਪ ਦਿੱਤਾ। 

ਦੂਸਰੇ ਪਾਸੇ ਰਾਮ ਰਹੀਮ ਜੇਲ੍ਹ ‘ਚ ਕਾਫੀ ਡਰਾਮਾ ਕਰ ਰਿਹਾ ਹੈ ਉਸਨੇ ਜੇਲ ਪ੍ਰਸਾਸ਼ਨ ਨੂੰ ਸ਼ਿਕਾਇਤ ਕੀਤੀ ਹੈ ਕਿ ਉਸਦੀ ਛਾਤੀ ਤੇ ਸਿਰ ‘ਚ ਬਹੁਤ ਤੇਜ਼ ਦਰਦ ਹੋ ਰਿਹਾ ਹੈ। ਉਸਨੇ ਜੇਲ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਸਨੂੰ ਤੁਰੰਤ ਕਿਸੇ ਵੀ ਹਸਪਤਾਲ ‘ਚ ਦਾਖਿਲ ਕਰਵਾਇਆ ਜਾਵੇ। ਜੇਲ ਸੂਤਰਾਂ ਦੇ ਮੁਤਾਬਿਕ ਉਥੇ ਡਾਕਟਰਾਂ ਨੇ ਉਸਦਾ ਮੈਡੀਕਲ ਚੈਕਅੱਪ ਕੀਤਾ ਤੇ ਤੁਰੰਤ ਉਸਨੂੰ ਚੰਡੀਗੜ੍ਹ ਦੇ ਪੀਜੀਆਈ ‘ਚ ਦਾਖਲ ਕਰਨ ਦੀ ਗੱਲ ਕਹੀ। 

ਡਾਕਟਰਾਂ ਦੀ ਇਸ ਮੰਗ ਤੋਂ ਜੇਲ ਪ੍ਰਸ਼ਾਸਨ ਨੇ ਚੰਡੀਗੜ੍ਹ ਪੁਲਿਸ ਤੋਂ ਬਾਬੇ ਨੂੰ ਪੀਜੀਆਈ ਲੈ ਕੇ ਜਾਣ ਦੀ ਪਰਮਿਸ਼ਨ ਮੰਗੀ। ਪਰ ਚੰਡੀਗੜ੍ਹ ਪੁਲਿਸ ਨੇ ਬਾਬੇ ਨੂੰ ਉਥੇ ਲੈ ਕੇ ਆਉਣ ਤੋਂ ਸਾਫ ਇਨਕਾਰ ਕਰ ਦਿੱਤਾ। ਡੀਜੀਪੀ ਤੇਜਿੰਦਰ ਲੂਥਰਾ ਨੇ ਪੱਤਰਕਾਰਾਂ ਨਾਲ ਗੱਲ ਬਾਤ ਕਰਦੇ ਹੋਏ ਦੱਸਿਆ ਕਿ ਰੋਹਤਕ ਜੇਲ ਪ੍ਰਸ਼ਾਸਨ ਨੇ ਬਾਬੇ ਨੂੰ ਇਥੇ ਪੀਜੀਆਈ ਲੈ ਕੇ ਆਉਣ ਦੀ ਪਰਮਿਸ਼ਨ ਮੰਗੀ ਸੀ। ਅੱਸੀ ਲਾਅ ਐਂਡ ਆਰਡਰ ਨੂੰ ਦੇਖਦੇ ਹੋਏ ਗੁਰਮੀਤ ਰਾਮ ਰਹੀਮ ਨੂੰ ਚੰਡੀਗੜ੍ਹ ‘ਚ ਆਉਣ ਤੋਂ ਸਾਫ ਇੰਨਕਾਰ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਰੋਹਤਕ ‘ਚ ਚੰਗੇ ਹਸਪਤਾਲ ਹਨ ਉਸਦਾ ਉਥੇ ਇਲਾਜ਼ ਹੋ ਸਕਦਾ ਹੈ।