ਯੂਨੀਵਰਸਟੀ ਆਫ਼ ਬ੍ਰਿਟਿਸ਼ ਕੋਲੰਬੀਆ 'ਚ ਭਾਈ ਵੀਰ ਸਿੰਘ ਦੇ ਯੋਗਦਾਨ ਨੂੰ ਉਭਾਰਿਆ

 

ਨਵੀਂ ਦਿੱਲੀ: 12 ਸਤੰਬਰ (ਅਮਨਦੀਪ ਸਿੰਘ):  ਕੈਨੇਡਾ ਦੀ ਯੂਨੀਵਰਸਟੀ ਆਫ਼ ਬ੍ਰਿਟਿਸ਼ ਕੋਲੰਬੀਆ ਵਿਖੇ 'ਭਾਈ ਵੀਰ ਸਿੰਘ ਅਤੇ ਸਾਹਿਤਕ ਆਧੁਨਿਕਤਾ' ਬਾਰੇ ਕਰਵਾਈ ਗਈ ਕਾਨਫਰੰਸ ਵਿਚ ਭਾਈ ਵੀਰ ਸਿੰਘ ਦੀ ਆਧੁਨਿਕ ਪੰਜਾਬੀ ਸਾਹਿਤ ਨੂੰ ਦੇਣ ਨੂੰ ਉਭਾਰਿਆ ਗਿਆ।

ਬ੍ਰਿਟਿਸ਼ ਕੋਲੰਬੀਆ ਯੂਨੀਵਰਸਟੀ ਦੀ 'ਪੰਜਾਬੀ ਅਤੇ ਸਿੱਖ ਅਧਿਐਨ ਚੇਅਰ' ਵਲੋਂ ਬੀਤੇ ਦਿਨੀਂ ਕਰਵਾਈ ਗਈ ਕਾਨਫ਼ਰੰਸ ਵਿਚ ਭਾਈ ਵੀਰ ਸਿੰਘ ਸਾਹਿਤ ਸਦਨ ਦਿੱਲੀ ਦੇ ਡਾਇਰੈਕਟਰ ਡਾ. ਮਹਿੰਦਰ ਸਿੰਘ ਨੇ ਉੱੇਚੇਚੇ ਤੌਰ 'ਤੇ ਸ਼ਿਰਕਤ ਕੀਤੀ ਤੇ ਉਥੇ ਪੜ੍ਹੇ ਅਪਣੇ ਖੋਜ ਪਰਚੇ ਵਿਚ ਉਨ੍ਹਾਂ ਸ਼ੇਖ਼ ਸਾਅਦੀ ਅਤੇ ਹੋਮਰ ਦੀਆਂ ਕੌਮਾਂਤਰੀ ਰਚਨਾਵਾਂ ਦੇ ਪੰਜਾਬੀ ਉਲੱਥੇ ਦਾ ਜ਼ਿਕਰ ਕਰਦਿਆਂ ਭਾਈ ਵੀਰ ਸਿੰਘ ਵਲੋਂ ਪੰਜਾਬੀ ਜ਼ੁਬਾਨ ਨੂੰ ਹਰ ਪੱਖੋਂ ਮੁਕੰਮਲ ਬਣਾਉਣ ਬਾਰੇ ਦਿਤੇ ਗਏ ਯੋਗਦਾਨ ਨੂੰ ਉਭਾਰਿਆ।

ਉੱਘੇ ਸਿੱਖ ਇਤਿਹਾਸਕਾਰ ਮਰਹੂਮ ਡਾ. ਗੰਡਾ ਸਿੰਘ ਦੇ ਵਿਦਿਆਰਥੀ ਰਹੇ ਡਾ. ਮਹਿੰਦਰ ਸਿੰਘ ਨੇ ਵੈਨਕੂਵਰ ਵਿਚ ਸਭ ਤੋਂ ਪਹਿਲਾਂ 1906 'ਚ ਕਾਇਮ ਹੋਏ ਗੁਰਦਵਾਰਾ ਖ਼ਾਲਸਾ ਦੀਵਾਨ ਸੁਸਾਇਟੀ ਵਿਖੇ ਪਾਵਰ ਪੁਆਇੰਟ ਪੇਸ਼ਕਾਰੀ ਰਾਹੀਂ ਗੁਰੂ ਗ੍ਰੰਥ ਸਾਹਿਬ ਦੀਆਂ ਵਿਰਾਸਤੀ  ਬੀੜਾਂ ਬਾਰੇ ਵੀ ਸੰਗਤ ਨੂੰ ਦਸਿਆ। ਭਾਰਤ-ਪਾਕਿਸਤਾਨ ਤੇ ਬੰਗਲਾ ਦੇਸ਼ ਵਿਚ ਰੱਖੀਆਂ ਹੋਈਆਂ ਵਿਰਾਸਤੀ ਬੀੜਾਂ ਸਣੇ 1984 ਵਿਚ ਨੁਕਸਾਨੀ ਗਈ ਗੁਰੂ ਗ੍ਰੰਥ ਸਾਹਿਬ ਦੀ ਬੀੜ, ਨਨਕਾਣਾ ਸਾਹਿਬ ਦੀ ਸ਼ਹੀਦੀ ਬੀੜ ਤੇ ਕਰਤਾਰਪੁਰੀ ਬੀੜ ਬਾਰੇ  ਸੰਗਤ ਨੂੰ ਇਤਿਹਾਸਕ ਜਾਣਕਾਰੀ ਦਿਤੀ ।

ਇਸ ਦੌਰਾਨ ਵੀਰ ਪੂਰਨ ਦਾਦ ਲਾਇਬ੍ਰੇਰੀ, ਵੈਨਕੂਵਰ ਵਲੋਂ ਪੰਜਾਬ ਇੰਸਟੀਚਿਊਟ ਆਫ਼ ਪੰਜਾਬ ਸਟੱਡੀਜ਼, ਦਿੱਲੀ ਵਲੋਂ ਪ੍ਰਕਾਸ਼ਤ ਕਿਤਾਬਾਂ ਸਣੇ ਭਾਈ ਵੀਰ ਸਿੰਘ ਤੇ ਪ੍ਰੋ.ਪੂਰਨ ਸਿੰਘ ਦੀਆਂ ਕਿਤਾਬਾਂ ਦੀ  ਨੁਮਾਇਸ਼ ਵੀ ਲਾਈ ਗਈ।