ਬਟਨ ਆਰਟ ਨਾਲ ਸਜਾਓ ਘਰ ਦੀਆਂ ਦੀਵਾਰਾਂ
ਬਟਨਾਂ ਦੀ ਸਜਾਵਟ ਨਾਲ ਆਕਰਸ਼ਕ ਦਿਖਾਈ ਦੇਵੇਗਾ ਤੁਹਾਡਾ ਘਰ
ਚੰਡੀਗੜ੍ਹ: ਕੋਈ ਚਾਹੁੰਦਾ ਹੈ ਕਿ ਉਸ ਦਾ ਘਰ ਸਭ ਤੋਂ ਵਧੀਆ ਦਿਖੇ। ਲੋਕ ਅਪਣੇ ਘਰਾਂ ਵਿਚ ਪੇਂਟਿੰਗ ਜਾਂ ਸ਼ੋਅਪੀਸ ਲਗਾਉਂਦੇ ਹਨ ਤਾਂ ਜੋ ਉਹਨਾਂ ਦਾ ਘਰ ਵਧੀਆ ਅਤੇ ਆਕਰਸ਼ਕ ਲੱਗੇ। ਘਰ ਨੂੰ ਸਜਾਉਣ ਲਈ ਜੇਕਰ ਅਪਣੇ ਹੱਥਾਂ ਨਾਲ ਸ਼ੋਅਪੀਸ ਬਣਾ ਕੇ ਲਗਾਏ ਜਾਣ ਤਾਂ ਘਰ ਨੂੰ ਚਾਰ ਚੰਨ ਲੱਗ ਜਾਂਦੇ ਹਨ ਤੇ ਜ਼ਿਆਦਾ ਖੁਸ਼ੀ ਵੀ ਹੁੰਦੀ ਹੈ।
ਘਰ ਦੀਆਂ ਕੰਧਾਂ 'ਤੇ ਬਟਨ ਲਗਾ ਕੇ ਸਜਾਵਟ ਕਰਨ ਨਾਲ ਘਰ ਨੂੰ ਵੱਖਰੀ ਦਿਖ ਮਿਲ ਸਕਦੀ ਹੈ। ਇਸ ਦੇ ਲਈ ਤੁਸੀਂ ਅਪਣੇ ਬੱਚਿਆਂ ਕੋਲੋਂ ਵੀ ਸਜਾਵਟ ਕਰਵਾ ਸਕਦੇ ਹੋ। ਤੁਸੀਂ ਘਰ ਵਿਚ ਬੇਕਾਰ ਪਏ ਰੰਗ-ਬਿਰੰਗੇ ਬਟਨਾਂ ਨਾਲ ਖੂਬਸੂਰਤ ਰੁੱਖ ਬਣਾ ਕੇ ਘਰ ਦੀਆਂ ਦੀਵਾਰਾਂ ਨੂੰ ਡੈਕੋਰੇਟ ਕਰ ਸਕਦੇ ਹੋ।
ਜ਼ਰੂਰੀ ਸਾਮਾਨ - ਰੰਗ-ਬਿਰੰਗੇ ਬਟਨ, ਕਲਰਫੁੱਲ ਕਾਰਟ ਜਾਂ ਚਾਟ, ਗਲੂ(ਚਿਪਕਾਉਣ ਲਈ), ਹਰੇ ਰੰਗ ਦੀ ਫੋਮ, ਕੈਂਚੀ।
ਇਸ ਤਰ੍ਹਾਂ ਬਣਾਓ ਬਟਨ ਆਰਟ
ਸਭ ਤੋਂ ਪਹਿਲਾਂ ਕਲਰਫੁੱਲ ਸ਼ੀਟ ਨੂੰ ਚੋਰਸ ਆਕਾਰ 'ਚ ਕੱਟ ਲਓ। ਇਸ ਤੋਂ ਬਾਅਦ ਹਰੇ ਰੰਗ ਦੀ ਫੋਮ ਨੂੰ ਰੁੱਖ ਦੀ ਡੰਡੀ ਦੀ ਤਰ੍ਹਾਂ ਕੱਟ ਕੇ ਚਾਟ ‘ਤੇ ਚਿਪਕਾ ਦਿਓ। ਫਿਰ ਉਸ ਰੁੱਖ ਦੀ ਟਾਹਣੀ ਉੱਪਰ ਵੱਡਾ ਬਟਨ ਅਤੇ ਆਲੇ-ਦੁਆਲੇ ਛੋਟੇ-ਛੋਟੇ ਰੰਗ-ਬਿਰੰਗੇ ਬਟਨ ਲਗਾਓ ਅਤੇ ਰੁੱਖ ਦਾ ਆਕਾਰ ਦਿਓ।
ਇਸ ਤਰ੍ਹਾਂ ਇਕ ਰੁੱਖ ਦੇ ਦੋਹਾਂ ਪਾਸੇ ਇਕ-ਇਕ ਹੋਰ ਰੁੱਖ ਬਣਾ ਦਿਓ। ਇਸ ਤੋਂ ਇਲਾਵਾ ਬਟਨਾਂ ਦੀ ਮਦਦ ਨਾਲ ਤੁਸੀਂ ਅਪਣੀ ਪਸੰਦ ਦਾ ਕੋਈ ਵੀ ਡਿਜ਼ਾਇਨ ਘਰ ਦੀਆਂ ਦੀਵਾਰਾਂ 'ਤੇ ਬਣਾ ਸਕਦੇ ਹੋ।