ਕਿਵੇਂ ਰੱਖੀਏ ਘਰ ਨੂੰ ਸਾਫ਼-ਸੁਥਰਾ, ਰੱਖੋ ਇਨ੍ਹਾਂ ਛੋਟੀ-ਛੋਟੀ ਗੱਲ੍ਹਾਂ ਦਾ ਧਿਆਨ

ਏਜੰਸੀ

ਜੀਵਨ ਜਾਚ, ਕਲਾ ਤੇ ਡਿਜ਼ਾਈਨ

ਘਰ ਜਿਥੇ ਹਰ ਕੰਮਕਾਜੀ ਇਨਸਾਨ ਅਪਣੇ ਦਿਨ ਦੀ ਥਕਾਨ ਦੂਰ ਕਰਦਾ ਹੈ। ਸਭ ਦਾ ਸੁਪਨਾ ਹੁੰਦਾ ਹੈ ਕਿ ਉਨ੍ਹਾਂ ਦਾ ਘਰ ਸਭ ਤੋਂ ਸੋਹਣਾ ਲੱਗੇ। ਹਰ ਕੋਈ ਉਸ ਦੇ ਘਰ ਦੀ ...

How to keep the house clean, take care of these little things

 

ਘਰ ਜਿਥੇ ਹਰ ਕੰਮਕਾਜੀ ਇਨਸਾਨ ਅਪਣੇ ਦਿਨ ਦੀ ਥਕਾਨ ਦੂਰ ਕਰਦਾ ਹੈ। ਸੱਭ ਦਾ ਸੁਪਨਾ ਹੁੰਦਾ ਹੈ ਕਿ ਉਨ੍ਹਾਂ ਦਾ ਘਰ ਸੱਭ ਤੋਂ ਸੋਹਣਾ ਲੱਗੇ। ਹਰ ਕੋਈ ਉਸ ਦੇ ਘਰ ਦੀ ਤਾਰੀਫ਼ ਕਰੇ। ਘਰ ਦੇ ਸੋਹਣਾ ਦਿਸਣ ਵਿਚ ਸਭ ਤੋਂ ਵੱਧ ਯੋਗਦਾਨ ਹੁੰਦਾ ਹੈ ਸਾਫ਼-ਸਫ਼ਾਈ ਦਾ, ਭਾਵੇਂ ਤੁਹਾਡਾ ਘਰ ਛੋਟਾ ਹੈ ਜਾਂ ਵੱਡਾ, ਜੇ ਸਾਫ਼-ਸਫ਼ਾਈ ਪੂਰੀ ਹੈ ਤਾਂ ਤੁਹਾਡੇ ਘਰ ਆਉਣ ਵਾਲਾ ਹਰ ਮਹਿਮਾਨ ਯਕੀਨਨ ਤੁਹਾਡੀ ਤੇ ਘਰ ਦੀ ਤਾਰੀਫ਼ ਕਰੇ ਬਿਨਾਂ ਨਹੀਂ ਰਹਿ ਸਕੇਗਾ।

ਘਰ ਦੀ ਸੁਆਣੀ ਦੀ ਸ਼ਖ਼ਸੀਅਤ ਦਾ ਅੰਦਾਜ਼ਾ ਵੀ ਘਰ ਵਿਚਲੀ ਸਫ਼ਾਈ ਤੇ ਸਜਾਵਟ ਤੋਂ ਲਾਇਆ ਜਾਂਦਾ ਹੈ ਪਰ ਕਈ ਵਾਰ ਔਰਤਾਂ ਜਾਣਕਾਰੀ ਦੀ ਘਾਟ ਕਾਰਨ ਛੋਟੀਆਂ-ਛੋਟੀਆਂ ਗੱਲਾਂ ਕਾਰਨ ਪਿੱਛੇ ਰਹਿ ਜਾਂਦੀਆਂ ਹਨ। ਆਓ, ਜਾਣੀਏ ਕਿ ਕਿੰਜ ਅਸੀਂ ਆਪਣੇ ਸੁਪਨਿਆਂ ਦੇ ਘਰ ਨੂੰ ਆਕਰਸ਼ਕ ਬਣਾ ਸਕਦੇ ਹਾਂ। ਰਸੋਈ ਦੀਆਂ ਟਾਈਲਾਂ ’ਤੇ ਜੰਮੀ ਹੋਈ ਗੰਦਗੀ ਸਾਫ਼ ਕਰਨ ਲਈ ਸਪੰਜ ਜਾਂ ਮੁਲਾਇਮ ਕੱਪੜੇ ਨੂੰ ਗਿੱਲਾ ਕਰ ਕੇ ਉਸ 'ਤੇ ਥੋੜ੍ਹਾ ਜਿਹਾ ਡਿਟਰਜੈਂਟ ਪਾਊਡਰ ਪਾ ਕੇ ਟਾਈਲਾਂ ਰਗੜੋ। ਫਿਰ ਗਰਮ ਪਾਣੀ ਨਾਲ ਸਾਫ਼ ਕਰ ਲਓ। ਸਾਰੀ ਗੰਦਗੀ ਸਾਫ਼ ਹੋ ਜਾਵੇਗੀ।

ਬੰਦ ਨਾਲੀ ਨੂੰ ਖੋਲ੍ਹਣ ਲਈ ਇਕ ਕੱਪ ਸਿਰਕੇ ਨੂੰ ਉਬਾਲ ਕੇ ਨਾਲੀ ਵਿਚ ਪਾਓ। ਕੁਝ ਮਿੰਟ ਉਂਜ ਹੀ ਢੱਕ ਕੇ ਛੱਡ ਦਿਓ। ਇਸ ਤੋਂ ਬਾਅਦ ਠੰਢੇ ਪਾਣੀ ਦੀ ਟੂਟੀ ਖੋਲ੍ਹ ਕੇ ਪਾਣੀ ਵਹਾਓ। ਬੰਦ ਨਾਲੀ ਖੁੱਲ੍ਹ ਜਾਵੇਗੀ। ਬਾਥਰੂਮ ਦੀਆਂ ਟਾਈਲਾਂ ’ਤੇ ਪਏ ਕਾਲੇ ਧੱਬਿਆਂ ਤੇ ਨਿਸ਼ਾਨਾਂ ਨੂੰ ਸਾਫ਼ ਕਰਨ ਲਈ ਕੱਟੇ ਹੋਏ ਨਿੰਬੂ ਨੂੰ ਟਾਈਲਾਂ ’ਤੇ ਰਗੜੋ ਤੇ ਪੰਦਰਾਂ ਮਿੰਟ ਲਈ ਇੰਜ ਹੀ ਛੱਡ ਦਿਓ। ਫਿਰ ਮੁਲਾਇਮ ਕੱਪੜੇ ਨਾਲ ਟਾਈਲਾਂ ਨੂੰ ਚੰਗੀ ਤਰ੍ਹਾਂ ਪੂੰਝ ਲਓ। ਟਾਈਲਾਂ ਸਾਫ਼ ਹੋ ਕੇ ਮੁੜ ਚਮਕਣ ਲੱਗਣਗੀਆਂ। ਘਰ ਵਿਚ ਪੋਚਾ ਲਾਉਣ ਲਈ ਸੂਤੀ ਕੱਪੜੇ ਜਾਂ ਤੌਲੀਏ ਦੀ ਵਰਤੋਂ ਕਰੋ।

ਇਸ ਨਾਲ ਫਰਸ਼ ’ਤੇ ਨਿਸ਼ਾਨ ਨਹੀਂ ਬਣਨਗੇ। ਰਸੋਈ ਵਿਚ ਵਾਧੂ ਸਾਮਾਨ ਨਾ ਰਖੋ, ਨਾਲ ਹੀ ਸਾਮਾਨ ਇਸ ਤਰ੍ਹਾਂ ਸੈੱਟ ਕਰੋ ਕਿ ਰਸੋਈ ਖੁੱਲ੍ਹੀ-ਡੁੱਲੀ ਲੱਗੇ। ਘਰ ਵਿਚ ਪਈਆਂ ਪੁਰਾਣੀਆਂ ਅਤੇ ਬੇਲੋੜੀਆਂ ਚੀਜ਼ਾਂ ਨੂੰ ਸਟੋਰ ਵਿਚ ਰੱਖੋ। ਇਸ ਨਾਲ ਘਰ ਥੋੜ੍ਹੀ ਖਾਲੀ ਲੱਗੇਗਾ। ਘੱਟ ਤੋਂ ਘੱਟ ਸਜਾਵਟੀ ਚੀਜ਼ਾਂ ਵਰਤੋਂ, ਜਿਵੇਂ- ਕੰਧ ’ਤੇ ਬਹੁਤ ਸਾਰੀਆਂ ਚੀਜ਼ਾਂ ਟੰਗਣ ਦੀ ਥਾਂ ਇਕ ਵੱਡੀ ਪੇਂਟਿੰਗ ਲਗਾਓ। ਹੋ ਸਕੇ ਤਾਂ ਘਰ ਵਿਚ ਵੱਧ ਤੋਂ ਵੱਧ ਗਮਲਿਆਂ ਵਿਚ ਪੌਦੇ ਲਗਾਓ, ਇਨ੍ਹਾਂ ਨਾਲ ਘਰ ਤਰੋਤਾਜ਼ਾ ਦਿਖੇਗਾ। ਕ੍ਰਾੱਕਰੀ ਸਾਫ਼ ਕਰਨ ਸਮੇਂ ਸਾਬਣ ਵਿਚ ਥੋੜਾ ਜਿਹਾ ਪੀਸਿਆ ਹੋਇਆ ਨਮਕ ਮਿਲਾ ਦਿਓ।

ਕ੍ਰਾੱਕਰੀ ਚਮਕ ਜਾਵੇਗੀ। ਜੇ ਜ਼ਮੀਨ ’ਤੇ ਤੇਲ, ਘਿਓ ਜਾਂ ਦੁੱਧ ਡਿੱਗ ਡੁੱਲ੍ਹ ਜਾਵੇ ਤਾਂ ਉਸ ’ਤੇ ਪਹਿਲਾਂ ਸੁੱਕਾ ਆਟਾ ਛਿੜਕੋ ਅਤੇ ਫਿਰ ਉਸ ਨੂੰ ਅਖ਼ਬਾਰ ਨਾਲ ਸਾਫ਼ ਕਰ ਲਓ। ਚਿਕਨਾਈ ਅਤੇ ਧੱਬੇ ਬਿਲਕੁਲ ਸਾਫ਼ ਹੋ ਜਾਣਗੇ। ਪਰਦਿਆਂ ਨੂੰ ਹਰ ਮਹੀਨੇ ਧੋਵੋ ਅਤੇ ਚੰਗਾ ਹੋਵੇਗਾ ਜੇ ਸੂਤੀ ਪਰਦਿਆਂ ਦੀ ਵਰਤੋਂ ਕੀਤੀ ਜਾਵੇ। ਮੁੱਖ ਦਰਵਾਜ਼ੇ ’ਤੇ ਧੂੜ-ਮਿੱਟੀ ਸੋਖਣ ਵਾਲਾ ਡੋਰਮੈਟ ਰੱਖੋ। ਇਸ ਨਾਲ ਘਰ ਵਿੱਚ ਬਾਹਰੋਂ ਆਉਣ ਵਾਲੀ ਧੂੜ-ਮਿੱਟੀ ਤੋਂ ਬਚਿਆ ਜਾ ਸਕਦਾ ਹੈ। ਸਿਰਹਾਣਿਆਂ ਦੇ ਕਵਰ ਅਤੇ ਬੈੱਡ ਦੀ ਚਾਦਰ ਨੂੰ ਹਰ ਹਫ਼ਤੇ ਬਦਲੋ।

ਰਸੋਈ ਦੀ ਸਿੰਕ ਨੂੰ ਕੀਟਾਣੂ ਮੁਕਤ ਕਰਨ ਲਈ ਇੱਕ ਚੌਥਾਈ ਕੱਪ ਸਿਰਕੇ ਵਿੱਚ ਬਰਾਬਰ ਮਾਤਰਾ ਵਿੱਚ ਪਾਣੀ ਮਿਲਾ ਕੇ ਸਿੰਕ ਵਿੱਚ ਪਾ ਦਿਓ ਅਤੇ ਥੋੜ੍ਹੀ ਦੇਰ ਬਾਅਦ ਸਾਫ਼ ਕਰ ਦਿਓ। ਜੇ ਪੂਰੇ ਘਰ ਨੂੰ ਪੇਂਟ ਨਹੀਂ ਕਰਨਾ ਚਾਹੁੰਦੇ ਤਾਂ ਸਿਰਫ਼ ਇਕ ਕੰਧ ’ਤੇ ਅਪਣੇ ਸੁਪਨਿਆਂ ਦੇ ਰੰਗ ਭਰ ਦਿਓ। ਉਸ ਇਕ ਕੰਧ ਨੂੰ ਕਨਟ੍ਰਾਸਟ ਬੋਲਡ ਰੰਗ ਨਾਲ ਪੇਂਟ ਕਰੋ ਜਾਂ ਕੋਈ ਵਧੀਆ ਡਿਜ਼ਾਈਨ ਵਾਲਾ ਵਾਲਪੇਪਰ ਲਗਾ ਦਿਓ। ਲਿਵਿੰਗ ਰੂਮ ਵਿਚ ਇਕ ਨੁੱਕਰ ਵਿਚ ਇਕ-ਦੋ ਮੂਰਤੀਆਂ ਜਾਂ ਫਿਰ ਕੁਝ ਗੱਦੀਆਂ, ਤਾਜ਼ੇ ਫੁੱਲ, ਮੋਮਬੱਤੀਆਂ ਰੱਖ ਕੇ ਉਸ ਨੂੰ ਕਲਾਤਮਕ ਦਿੱਖ ਦਿਓ।