ਸਭਿਆਚਾਰ ਤੇ ਵਿਰਸਾ : ਪੰਜਾਬੀ ਸਭਿਆਚਾਰ ਦਾ ਬਦਲਦਾ ਰੂਪ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਕਲਾ ਤੇ ਡਿਜ਼ਾਈਨ

ਲੋਕ ਪਹਿਰਾਵੇ, ਖਾਣ ਪੀਣ, ਸਾਰੰਗੀਆਂ, ਅਲਗੋਜ਼ੇ, ਅਖਾੜੇ, ਫੁਲਕਾਰੀਆਂ, ਚਰਖੇ, ਖੂਹ ਆਦਿ ਨਾਲੋਂ ਨਿਖੜਦੇ ਜਾ ਰਹੇ ਹਨ |

Culture and Heritage: A Transformation of Punjabi Culture

20ਵੀਂ ਸਦੀ ਉਤੇ ਪੱਛਮ ਦਾ ਪ੍ਰਭਾਵ ਇਸ ਕਦਰ ਪਿਆ ਹੈ ਕਿ ਜਿਸ ਨੇ ਸਾਡੇ ਸਾਰੇ ਸਭਿਆਚਾਰ ਨੂੰ  ਪੂਰਨ ਤੌਰ 'ਤੇ ਬਦਲ ਕੇ ਰੱਖ ਦਿਤਾ ਹੈ | ਲੋਕ ਪਹਿਰਾਵੇ, ਖਾਣ ਪੀਣ, ਸਾਰੰਗੀਆਂ, ਅਲਗੋਜ਼ੇ, ਅਖਾੜੇ, ਫੁਲਕਾਰੀਆਂ, ਚਰਖੇ, ਖੂਹ ਆਦਿ ਨਾਲੋਂ ਨਿਖੜਦੇ ਜਾ ਰਹੇ ਹਨ | ਪੁਰਾਣੇ ਸਮਿਆਂ ਵਿਚ ਕੁੜੀਆਂ ਅਪਣਾ ਜ਼ਿਆਦਾਤਰ ਸਮਾਂ ਤਿ੍ੰਞਣਾਂ ਵਿਚ ਕੱਠੀਆਂ ਬਹਿ ਕੇ ਕਸੀਦੇ ਕੱਢਣ ਵਿਚ ਬਿਤਾਇਆ ਕਰਦੀਆਂ ਸਨ ਅਤੇ ਮੁੰਡੇ ਖੇਤਾਂ ਵਿਚ ਕੰਮ ਕਰਨ ਵਿਚ ਮਸ਼ਰੂਫ਼ ਰਹਿੰਦੇ ਸਨ ਪਰ ਅੱਜਕਲ ਇਨ੍ਹਾਂ ਦੀ ਥਾਂ ਸੋਸ਼ਲ ਮੀਡੀਆ ਨੇ ਲੈ ਲਈ ਹੈ | ਹੁਣ ਜਿਸ ਨੂੰ  ਵੀ ਦੇਖੋ, ਉਹ ਸੋਸ਼ਲ ਮੀਡੀਆ ਉਤੇ ਵਿਅਸਤ ਹੈ | ਲੋਕਾਂ ਕੋਲ ਤਾਂ ਅਪਣੇ ਘਰ ਦੇ ਮੈਂਬਰਾਂ ਨਾਲ ਵੀ ਗੱਲ ਕਰਨ ਦਾ ਸਮਾਂ ਨਹੀਂ | 

ਮਾਂ ਬਾਪ ਵੀ ਉਨ੍ਹਾਂ ਨੂੰ  ਜ਼ਿਆਦਾ ਨਹੀਂ ਟੋਕਦੇ ਜਾਂ ਕਹਿ ਲਉ ਕਿ ਡਰਦੇ ਹਨ ਕਿ ਕਿਤੇ ਸਾਡਾ ਜੁਆਕ ਕੱੁਝ ਕਰ ਹੀ ਨਾ ਜਾਵੇ | ਇਸੇ ਤਰ੍ਹਾਂ ਹੁਣ ਗੱਲ ਕਰੀਏ ਫੁਲਕਾਰੀ, ਖੂਹ, ਟਿੰਡਾਂ, ਪਿੱਤਲ ਦੇ ਭਾਂਡੇ, ਦਰੀਆਂ ਤੇ ਖੇਸ, ਪੱਖੀਆਂ ਆਦਿ ਦੀ | ਅੱਜਕਲ੍ਹ ਦੇ ਬੱਚਿਆਂ ਸਾਹਮਣੇ ਇਨ੍ਹਾਂ ਚੀਜ਼ਾਂ ਦੇ ਨਾਂਅ ਲਉ ਤਾਂ ਉਹ ਮੰੂਹ ਚਿੜਾਅ ਕੇ ਹੱਸ ਪੈਂਦੇ ਹਨ ਕਿ ਇਹ ਸੱਭ ਤੁਸੀਂ ਕਿਸ ਬਾਰੇ ਗੱਲ ਕਰ ਰਹੇ ਹੋ? ਸਰਦੀਆਂ ਵਿਚ ਕਮਰਿਆਂ ਵਿਚ ਹੀਟਰ ਹੋਣਗੇ, ਗਰਮ ਕੰਬਲ ਹੋਣਗੇ ਤੇ ਉਨ੍ਹਾਂ ਨੂੰ  ਦਰੀਆਂ ਤੇ ਖੇਸਾਂ ਦੀ ਪਹਿਚਾਣ ਕਿਥੋਂ ਹੋਵੇਗੀ? ਮਸ਼ੀਨੀ ਯੁੱਗ ਆਉਣ ਦੇ ਨਾਲ ਏ. ਸੀ. ਵਿਚ ਰਹਿਣ ਵਾਲੇ ਬੱਚਿਆਂ ਨੂੰ  ਪੱਖੀਆਂ ਬਾਰੇ ਕਿਥੋਂ ਪਤਾ ਹੋਵੇਗਾ? ਡਿਨਰ ਸੈੱਟ 'ਤੇ ਵਧੀਆ ਭਾਂਡਿਆਂ ਦੀ ਵਰਤੋਂ ਘਰ ਵਿਚ ਹੋਣ ਨਾਲ ਉਹ ਪਿੱਤਲ ਦੇ ਭਾਂਡਿਆਂ ਨੂੰ  ਕਿਉਂ ਪੁਛਣਗੇ? 

ਅੱਜਕਲ੍ਹ ਦੇ ਬੱਚਿਆਂ ਨੂੰ  ਇਨ੍ਹਾਂ ਤੋਂ ਇਲਾਵਾ ਕਣਕ ਦੇ ਸਿੱਟਿਆਂ ਤਕ ਦਾ ਪਤਾ ਨਹੀਂ ਹੈ | ਹੁਣ ਗੱਲ ਕਰੀਏ ਮਾਂ-ਬੋਲੀ ਦੀ, ਲੋਕ ਅਪਣੀ ਮਾਂ-ਬੋਲੀ ਨੂੰ  ਦਿਨੋ-ਦਿਨ ਵਿਸਾਰਦੇ ਜਾ ਰਹੇ ਹਨ | ਬੱਚੇ ਤੇ ਨੌਜਵਾਨ ਸੱਭ ਘਰੋਂ ਬਾਹਰ ਜਾ ਕੇ ਪੰਜਾਬੀ ਬੋਲਣ ਵਿਚ ਹੇਠੀ ਮਹਿਸੂਸ ਕਰਦੇ ਹਨ | ਮਾਤਾ-ਪਿਤਾ ਵੀ ਦੇਖੋ-ਦੇਖੀ ਸਮਾਜਕ ਪ੍ਰਭਾਵ ਅਧੀਨ ਅਪਣੇ ਬੱਚਿਆਂ ਨੂੰ  ਅੰਗਰੇਜ਼ੀ, ਹਿੰਦੀ ਬੋਲਣ ਲਈ ਪ੍ਰੇਰਿਤ ਕਰਦੇ ਹਨ |

ਮਾਪਿਆਂ ਨੂੰ  ਚਾਹੀਦਾ ਹੈ ਕਿ ਉਹ ਅਪਣੇ ਬੱਚਿਆਂ ਨੂੰ  ਮਾਂ-ਬੋਲੀ ਨਾਲ ਜੋੜੀ ਰੱਖਣ ਤਾਂ ਹੀ ਬੱਚਿਆਂ ਵਿਚ ਮਾਂ-ਬੋਲੀ ਪ੍ਰਤੀ ਹੀਣ ਭਾਵਨਾ ਪੈਦਾ ਨਹੀਂ ਹੋਵੇਗੀ | ਪੁਰਾਤਨ ਯੁੱਗ ਦੇ ਪਹਿਰਾਵੇ ਤੇ ਆਧੁਨਿਕ ਯੁੱਗ ਦੇ ਪਹਿਰਾਵੇ ਵਿਚ ਢੇਰ ਸਾਰਾ ਅੰਤਰ ਆ ਗਿਆ ਹੈ | ਪਹਿਲਾਂ ਸਲਵਾਰ-ਕਮੀਜ਼ ਤੇ ਧੋਤੀ-ਕੁੜਤੇ, ਪੈਂਟ-ਕਮੀਜ਼ ਦਾ ਰਿਵਾਜ ਸੀ ਪਰ ਅੱਜਕਲ੍ਹ ਨੌਜਵਾਨ ਪੀੜ੍ਹੀ ਦਾ ਪਹਿਰਾਵਾ ਅੰਗਰੇਜ਼ੀ ਅਸਰ ਕਰ ਕੇ ਵਖਰੀ ਕਿਸਮ ਦਾ ਹੈ, ਉਨ੍ਹਾਂ ਲਈ ਪਹਿਰਾਵਾ ਇਕ ਹੁਨਰ ਬਣ ਗਿਆ ਹੈ | 

ਕਪੜੇ ਖ਼ਰੀਦਣ, ਸਿਵਾਉਣ, ਪਾਉਣ ਤੇ ਸਜਾਉਣ ਵਿਚ ਸੁਰਮਾ ਮਟਕਾਉਣ ਵਾਲੀ ਗੱਲ ਕੀਤੀ ਜਾਣ ਲੱਗ ਪਈ ਹੈ | ਇਹ ਇਕ ਫ਼ੈਸ਼ਨ ਹੈ ਕਿਉਂਕਿ ਲੋਕ ਦੇਖੋ-ਦੇਖੀ ਪਹਿਰਾਵਾ ਜੇ ਨਹੀਂ ਬਦਲਦੇ ਤਾਂ ਸਮਾਜ ਵਿਚ ਰਹਿੰਦੇ ਹੋਏ ਉਹ ਮੂਰਖ ਅਖਵਾਉਂਦੇ ਹਨ | ਅੱਜਕਲ੍ਹ ਪੱਛਮੀ ਪਹਿਰਾਵਾ ਲੋਕ-ਦਿਖਾਵੇ ਤੇ ਦੂਜਿਆਂ ਨੂੰ  ਅਪਣੇ ਵਲ ਆਕਰਸ਼ਿਤ ਕਰਨ ਲਈ ਪਾਉਂਦੇ ਹਨ | ਉਹ ਮਾਤਾ-ਪਿਤਾ ਨੂੰ  ਨਾ ਪੁਛਦੇ ਹੋਏ ਅਪਣੇ ਪਹਿਰਾਵੇ ਦੀ ਚੋਣ ਆਪ ਕਰਨਾ ਵਧੇਰੇ ਪਸੰਦ ਕਰਦੇ ਹਨ | ਅਜਿਹੇ ਮਾਹੌਲ ਵਿਚ ਉਹ ਸਭਿਆਚਾਰ ਤੇ ਪੰਜਾਬੀ ਪਹਿਰਾਵੇ ਬਾਰੇ ਕਿਥੋਂ ਜਾਣੰੂ ਹੋਣਗੇ?

ਅੱਜ ਰਹਿਣ-ਸਹਿਣ ਕਿੰਨਾ ਬਦਲ ਗਿਆ ਹੈ | ਸਾਂਝੇ ਪ੍ਰਵਾਰ ਟੁੱਟ ਰਹੇ ਹਨ, ਇਕੱਲਿਆਂ ਰਹਿਣਾ ਅੱਜਕਲ੍ਹ ਫ਼ੈਸ਼ਨ ਬਣ ਗਿਆ ਹੈ | ਕੋਈ ਪ੍ਰਵਾਰ ਵਿਚ ਬਜ਼ੁਰਗਾਂ ਦੀ ਗੱਲ ਨੂੰ  ਸਹਾਰ ਨਹੀਂ ਸਕਦਾ | ਬਜ਼ੁਰਗਾਂ ਨੂੰ  ਪਹਿਲਾਂ ਵਰਗਾ ਸਤਿਕਾਰ ਨਹੀਂ ਦਿਤਾ ਜਾਂਦਾ | ਘਰਾਂ ਵਿਚੋਂ, ਪ੍ਰਵਾਰਾਂ ਵਿਚੋਂ ਕਈ ਮੈਂਬਰ ਬਾਹਰ ਅਪਣੇ ਕੰਮਾਂ ਵਿਚ ਰੁੱਝੇ ਰਹਿੰਦੇ ਹਨ ਤੇ ਘਰ ਵਿਚ ਬੱਚਿਆਂ ਦਾ ਧਿਆਨ ਰੱਖਣ ਲਈ ਕੰਮ ਵਾਲੀਆਂ ਹੁੰਦੀਆਂ ਹਨ | ਉਨ੍ਹਾਂ ਵਲ ਪੂਰਾ ਧਿਆਨ ਨਾ ਦੇਣ ਕਾਰਨ ਉਹ ਵਿਗੜ ਜਾਂਦੇ ਹਨ ਤਾਂ ਹੀ ਬੱਚਿਆਂ ਦੀ ਸ਼ਖ਼ਸੀਅਤ ਦਾ ਸਹੀ ਵਿਕਾਸ ਨਹੀਂ ਹੁੰਦਾ | 

ਅਜੋਕੇ ਸਮੇਂ ਵਿਚ ਲੋੜ ਹੈ ਜਾਗਰੂਕਤਾ ਦੀ, ਕਿਉਂਕਿ ਆਧੁਨਿਕ ਬਦਲਾਅ ਨੇ ਸਾਡੇ ਸਭਿਆਚਾਰ ਦੀ ਮਹੱਤਤਾ ਨੂੰ  ਘਟਾ ਦਿਤਾ ਹੈ | ਜੇ ਅਸੀਂ ਅਪਣੇ ਸਭਿਆਚਾਰ ਨੂੰ  ਆਉਣ ਵਾਲੀ ਪੀੜ੍ਹੀ ਨੂੰ  ਸੌਂਪਣਾ ਚਾਹੁੰਦੇ ਹਾਂ ਤਾਂ ਜ਼ਰੂਰੀ ਹੈ ਕਿ ਸਭਿਆਚਾਰ ਨਾਲ ਸਬੰਧਤ ਪ੍ਰਦਰਸ਼ਨੀਆਂ ਲਗਾਈਆਂ ਜਾਣ | ਸਰਕਾਰ ਨੂੰ  ਚਾਹੀਦਾ ਹੈ ਕਿ ਬੱਚਿਆਂ ਦੀ ਮੁਢਲੀ ਸਿਖਿਆ ਮਾਂ-ਬੋਲੀ ਵਿਚ ਦੇਵੇ | ਸੰਸਾਰ ਭਰ ਦੇ ਵਿਦਵਾਨ ਮੰਨਦੇ ਹਨ ਕਿ ਬੱਚੇ ਦੀ ਸ਼ਖ਼ਸੀਅਤ ਦਾ ਤਾਂ ਹੀ ਸਹੀ ਵਿਕਾਸ ਹੋਵੇਗਾ, ਜੇ ਉਨ੍ਹਾਂ ਦੀ ਮੁਢਲੀ ਸਿਖਿਆ ਮਾਂ-ਬੋਲੀ ਵਿਚ ਹੋਵੇਗੀ | ਲੋੜ ਹੈ ਸਮੇਂ ਅਨੁਸਾਰ ਸੰਭਲਣ ਦੀ | ਜੇ ਇਸੇ ਤਰ੍ਹਾਂ ਅਸੀਂ ਸਭਿਆਚਾਰ ਨੂੰ  ਵਿਸਾਰਦੇ ਗਏ ਤਾਂ ਇਕ ਦਿਨ ਅਸੀਂ ਅਪਣਾ ਸਭਿਆਚਾਰ ਪਛਮੀ ਪ੍ਰਭਾਵ ਹੇਠ ਗੁਆ ਕੇ ਹੀਣਭਾਵਨਾ ਦਾ ਸ਼ਿਕਾਰ ਹੋ ਜਾਵਾਂਗੇ |

-ਕੁਲਦੀਪ ਸਿੰਘ, ਪਿੰਡ ਲੌਂਗੋਵਾਲ, ਸੰਗਰੂਰ
94172-76076