ਘਰਾਂ ਵਿਚੋਂ ਅਲੋਪ ਹੋ ਰਿਹਾ ਹੈ ਤੰਦੂਰ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਕਲਾ ਤੇ ਡਿਜ਼ਾਈਨ

ਪੁਰਾਣੇ ਪੰਜਾਬ ਦੇ ਘਰਾਂ 'ਚ ਰੋਟੀ ਪਕਾਉਣ ਲਈ ਚੁੱਲ੍ਹੇ ਦੇ ਨਾਲ-ਨਾਲ ਤੰਦੂਰ ਵੀ ਹੁੰਦਾ ਸੀ ਜਿਸ 'ਤੇ 1 ਡੰਗ ਦੀ ਤਾਂ ਘੱਟੋ-ਘੱਟ ਜ਼ਰੂਰ ਰੋਟੀ ਲਾਹੀ ਜਾਂਦੀ ਸੀ

Punjabi culture

ਪੁਰਾਣੇ ਪੰਜਾਬ ਦੇ ਘਰਾਂ 'ਚ ਰੋਟੀ ਪਕਾਉਣ ਲਈ ਚੁੱਲ੍ਹੇ ਦੇ ਨਾਲ-ਨਾਲ ਆਮ ਤੌਰ 'ਤੇ ਤੰਦੂਰ ਵੀ ਹੁੰਦਾ ਸੀ ਜਿਸ ਉੱਤੇ ਇਕ ਡੰਗ ਦੀ ਤਾਂ ਘੱਟੋ-ਘੱਟ ਜ਼ਰੂਰ ਰੋਟੀ ਲਾਹੀ ਜਾਂਦੀ ਸੀ | ਤੰਦੂਰ ਦੀ ਬਨਾਵਟ ਸਿਲੰਡਰ ਜਾਂ ਭੜੋਲੇ ਵਰਗੀ ਹੁੰਦੀ ਸੀ ਤੇ ਇਹ ਖ਼ਾਸ ਮਿੱਟੀ ਦਾ ਬਣਿਆ ਹੁੰਦਾ ਸੀ | ਆਮ ਪੇਂਡੂ ਘਰਾਂ ਵਿਚ ਇਸ ਨੂੰ  ਚੌਂਤਰੇ ਉਪਰ ਇਕ ਕੋਨੇ 'ਚ ਲਗਾਇਆ ਜਾਂਦਾ ਸੀ ਤੇ ਇਸ ਦੇ ਬਾਹਰ ਪਾਂਡੋ ਮਿੱਟੀ ਦਾ ਪੋਚਾ ਫੇਰਿਆ ਜਾਂਦਾ ਸੀ | ਤੰਦੂਰ ਦੇ ਨਾਲ ਹੀ ਆਮ ਤੌਰ ਤੇ ਮਿੱਟੀ ਦਾ ਇਕ ਛੋਟਾ ਜਿਹਾ ਥੜ੍ਹਾ ਵੀ ਬਣਾਇਆ ਹੁੰਦਾ ਸੀ ਜਿਸ ਉਤੇ ਪਰਾਤ, ਛਾਬਾ ਤੇ ਹੋਰ ਭਾਂਡੇ ਵਗ਼ੈਰਾ ਰੱਖੇ ਜਾਂਦੇ ਸਨ | ਤੰਦੂਰ ਧਰਤੀ ਵਿਚ ਗੱਡ ਕੇ ਵੀ ਲਗਾਏ ਹੁੰਦੇ ਸਨ ਪਰ ਜ਼ਿਆਦਾਤਰ ਇਹ ਬਾਹਰ ਚੌਂਤਰੇ 'ਤੇ ਲੱਗੇ ਹੁੰਦੇ ਸਨ ਜਿਨ੍ਹਾਂ 'ਤੇ ਖੜ ਕੇ ਰੋਟੀ ਲਾਹੀ ਜਾਂਦੀ ਸੀ |

ਪੁਰਾਣੇ ਸਮੇਂ ਵਿਚ ਘਰ ਦੇ ਚੁੱਲ੍ਹੇ ਚੌਂਕੇ ਦੀ ਸਜਾਵਟ ਦੇ ਨਾਲ-ਨਾਲ ਤੰਦੂਰ ਤੇ ਰੋਟੀ ਲਾਉਣੀ ਵੀ ਔਰਤ ਦੇ ਸਚਿਆਰੀ ਹੋਣ ਦਾ ਸਬੂਤ ਹੁੰਦਾ ਸੀ | ਪਿੰਡਾਂ 'ਚ ਜ਼ਿਆਦਤਰ ਸਵੇਰ ਦੇ ਵੇਲੇ ਆਂਢ ਗੁਆਂਢ ਦੀਆਂ ਕੁੜੀਆਂ ਬੁੜ੍ਹੀਆਂ ਤੰਦੂਰ 'ਤੇ ਰੋਟੀ ਲਾਹੁਣ ਲਈ ਕਿਸੇ ਇਕ ਘਰ 'ਚ ਇਕੱਠੀਆਂ ਹੋ ਜਾਂਦੀਆਂ ਸਨ | ਉਹ ਤੰਦੂਰ 'ਤੇ ਰੋਟੀ ਲਾਹੁਣ ਲਈ ਆਉਣ ਸਮੇਂ ਅਪਣੇ ਨਾਲ ਲਕੜਾਂ, ਛਟੀਆਂ ਆਦਿ ਬਾਲਣ ਲੈ ਕੇ ਆਉਂਦੀਆਂ ਸਨ ਤਾਕਿ ਤੰਦੂਰ ਵਾਲੇ ਘਰਦਿਆਂ 'ਤੇ ਬਾਲਣ ਦਾ ਬੋਝ ਨਾ ਪਵੇ |

ਜਦ ਉਹ ਸਾਰੀਆਂ ਅਪਣੀ ਅਪਣੀ ਪਰਾਤ ਲੈ ਕੇ ਇਕੱਠੀਆਂ ਹੋ ਜਾਂਦੀਆਂ ਤਾਂ ਉਨ੍ਹਾਂ ਵਿਚੋਂ ਕੋਈ ਸਿਆਣੀ ਉਮਰ ਦੀ ਔਰਤ ਤੰਦੂਰ 'ਚ ਰੋਟੀਆਂ ਲਾਉਂਦੀ ਤੇ ਦੂਜੀਆਂ ਕੁੜੀਆਂ, ਬਜ਼ੁਰਗ ਔਰਤਾਂ ਪੇੜੇ ਕਰਦੀਆਂ ਸਨ | ਸਿਆਣੀ ਉਮਰ ਦੀ ਔਰਤ ਰੋਟੀ ਲਾਹੁਣ ਸਮੇਂ ਕੱਚੀ ਉਮਰ ਦੀਆਂ ਕੁੜੀਆਂ ਨੂੰ  ਤੰਦੂਰ ਤਪਾਉਣ ਤੋਂ ਲੈ ਕੇ ਰੋਟੀ ਲਾਹੁਣ ਤਕ ਦਾ ਢੰਗ ਵੀ ਨਾਲ-ਨਾਲ ਦਸਦੀਆਂ ਰਹਿੰਦੀਆਂ ਸਨ | ਉਸ ਸਮੇਂ ਕਹਿੰਦੇ ਹੁੰਦੇ ਸੀ ਕਿ ਪਾਣੀ-ਹੱਥੀ ਰੋਟੀ ਹਰ ਔਰਤ ਤੰਦੂਰ 'ਤੇ ਨਹੀਂ ਲਾਹ ਸਕਦੀ | ਕੋਈ ਸੁਘੜ ਸਿਆਣੀ ਔਰਤ ਹੀ ਪਾਣੀ ਹੱਥੀ ਰੋਟੀ ਤੰਦੂਰ 'ਤੇ ਲਾਉਂਦੀ ਸੀ |

ਤੰਦੂਰ ਤੇ ਰੋਟੀ ਲਾਉਣ ਤੋਂ ਪਹਿਲਾਂ ਉਸ ਨੂੰ  ਚੰਗੀ ਤਰ੍ਹਾਂ ਤਪਾਇਆ ਜਾਂਦਾ ਸੀ ਤੇ ਜਦ ਉਹ ਤਪ ਕੇ ਲਾਲ ਹੋ ਜਾਂਦਾ ਸੀ ਤਾਂ ਫਿਰ ਇਸ ਦੇ ਅੰਦਰ ਰੋਟੀਆਂ ਲਾਈਆਂ ਜਾਂਦੀਆਂ ਸਨ | ਕਈ ਵਾਰ ਅਨਜਾਣ ਤੇ ਸਿਖਾਂਦਰੂ ਕੁੜੀਆਂ ਰੋਟੀ ਲਾਉਣ ਸਮੇਂ ਅਪਣੇ ਹੱਥ ਵੀ ਮਚਾ ਬੈਠਦੀਆਂ ਸਨ |  ਇਸ ਸਾਰੀ ਕਿਰਿਆ ਦੇ ਦੌਰਾਨ ਔਰਤਾਂ ਆਪਸ ਵਿਚ ਗੱਲਾਂ-ਬਾਤਾਂ ਵੀ ਕਰਦੀਆਂ ਰਹਿੰਦੀਆਂ ਸਨ ਕਿਉਂਕਿ ਪੁਰਾਣੇ ਸਮਿਆਂ 'ਚ ਔਰਤਾਂ ਨੂੰ  ਘਰ ਦੀ ਚਾਰ-ਦੀਵਾਰੀ 'ਚੋਂ ਬਾਹਰ ਨਿਕਲਣ ਦੇ ਬਹੁਤ ਘੱਟ ਮੌਕੇ ਮਿਲਦੇ ਸਨ | ਤਿ੍ੰਝਣ ਤੇ ਖੂਹ 'ਤੇ ਪਾਣੀ ਭਰਨ ਤੋਂ ਬਾਅਦ ਤੰਦੂਰ ਹੀ ਇਕ ਅਜਿਹੀ ਥਾਂ ਸੀ ਜਿਥੇ ਉਹ ਇਕੱਠੀਆਂ ਹੋ ਕੇ ਅਪਣੇ ਸੁੱਖ ਦੁੱਖ ਸਾਂਝੇ ਤੇ ਮਨ ਹਲਕਾ ਕਰਦੀਆਂ ਸਨ | ਤੰਦੂਰ ਉਹਨਾਂ ਦੇ ਸੁੱਖਾਂ ਦੁੱਖਾਂ ਦਾ ਸਾਂਝੀ ਸੀ | ਇਸ ਕਰ ਕੇ ਹੀ ਤਾਂ ਤੰਦੂਰ ਦਾ ਜ਼ਿਕਰ ਸਾਡੇ ਲੋਕ ਗੀਤਾਂ ਵਿਚ ਵੀ ਆਉਂਦਾ ਹੈ |

ਕੋਠੇ ਉੱਤੇ ਕੋਠੜਾ, ਉਪਰ ਬਣਿਆ ਤੰਦੂਰ |
ਗਿਣ ਗਿਣ ਲਾਵਾਂ ਰੋਟੀਆਂ, ਖਾਵਣ ਵਾਲਾ ਦੂਰ |
ਊਠਾਂ ਦੇ ਗਲ ਟੱਲੀਆਂ, ਲੱਦੀ ਤਾਂ ਜਾਂਦੇ ਲੁੰਗ |
ਤਾੜੀ ਮਾਰਨ ਝੁੱਲੀਆਂ, ਝੰਗ ਨੂੰ  ਲਗੜਾ ਰੰਗ |

ਪਰ ਵਕਤ ਬਦਲਣ ਨਾਲ ਜਦ ਘਰਾਂ ਦੀ ਜਗ੍ਹਾ 'ਤੇ ਕੋਠੀਆਂ ਉਸਰ ਗਈਆਂ ਤਾਂ ਪੁਰਾਣੀ ਝਲਾਨੀ ਦੀ ਥਾਂ ਆਧੁਨਿਕ ਰਸੋਈ ਨੇ ਲੈ ਲਈ ਤਾਂ ਉਸ ਨੇ ਚੁੱਲ੍ਹੇ, ਹਾਰੇ ਤੇ ਕੰਧੋਲੀ ਦੇ ਨਾਲ ਤੰਦੂਰ ਨੂੰ  ਵੀ ਨਿਗਲ ਲਿਆ | ਅੱਜ ਪਿੰਡਾਂ ਵਿਚ ਵਿਰਲੇ ਟਾਂਵੇਂ ਘਰਾਂ 'ਚ ਹੀ ਤੰਦੂਰ ਵੇਖਣ ਨੂੰ  ਮਿਲਦਾ ਹੈ ਪਰ ਉਸ 'ਤੇ ਵੀ ਰੋਟੀ ਨਹੀਂ ਲਾਹੀ ਜਾਂਦੀ ਸਗੋਂ ਉਹ ਵੀ ਹੁਣ ਘਰਦਿਆਂ ਦੀ ਬੇਕਦਰੀ ਕਾਰਨ ਹੌਲੀ ਹੌਲੀ ਖੁਰ ਰਿਹਾ ਹੈ |

ਗੈਸੀ ਚੁੱਲ੍ਹੇ ਨੇ ਤੰਦੂਰ ਨੂੰ  ਘਰਾਂ 'ਚੋਂ ਲਾਂਭੇ ਕਰ ਦਿਤਾ ਹੈ ਤੇ ਬਾਕੀ ਅੱਜਕਲ ਕੁੜੀਆਂ ਤਾਂ ਚੁੱਲ੍ਹੇ 'ਤੇ ਰੋਟੀ ਪਕਾ ਕੇ ਰਾਜ਼ੀ ਨਹੀਂ ਹਨ, ਫਿਰ ਭਲਾ ਤੰਦੂਰ ਵਲ ਤਾਂ ਉਹ ਕਿਉਂ ਵੇਖਣਗੀਆਂ | ਭਾਵੇਂ ਅੱਜਕਲ ਚਕਵੇਂ ਤੰਦੂਰ ਵੀ ਆ ਗਏ ਹਨ ਪਰ ਫਿਰ ਵੀ ਉਨ੍ਹਾਂ ਦੀ ਵਰਤੋਂ ਘਰਾਂ ਵਿਚ ਨਾਂ-ਮਾਤਰ ਹੀ ਹੁੰਦੀ ਹੈ | ਕਦੇ ਤੰਦੂਰ ਪਿਆਰ ਤੇ ਭਾਈਚਾਰਕ ਸਾਂਝ ਦਾ ਪ੍ਰਤੀਕ ਹੁੰਦਾ ਸੀ ਪਰ ਅੱਜਕਲ ਇਹ ਵਿਆਹਾਂ, ਹੋਟਲਾਂ ਤੇ ਢਾਬਿਆਂ 'ਚ ਹੀ ਵੇਖਣ ਨੂੰ  ਮਿਲਦਾ ਹੈ | ਇਸ ਲਈ ਸਾਡਾ ਫ਼ਰਜ਼ ਬਣਦਾ ਹੈ ਕਿ ਪੰਜਾਬੀ ਜਨ-ਜੀਵਨ ਦੇ ਇਸ ਅਨਿੱਖੜਵੇਂ ਅੰਗ ਨੂੰ  ਬਚਾਉਣ ਦਾ ਯਤਨ ਕਰੀਏ |

ਮਨਜੀਤ ਮਾਨ
ਪਿੰਡ ਸਾਹਨੇਵਾਲੀ (ਮਾਨਸਾ)
ਮੋ. 7009898044