ਵਖਰਾ ਹੀ ਰੰਗ ਬੰਨ੍ਹਦੀ ਸੀ ਕੋਠੇ ’ਤੇ ਮੰਜੇ ਜੋੜ ਕੇ ਲਗਾਏ ਸਪੀਕਰ ਦੀ ਆਵਾਜ਼

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਕਲਾ ਤੇ ਡਿਜ਼ਾਈਨ

ਵਿਆਹ ਜਾਂ ਹੋਰ ਖ਼ੁਸ਼ੀ ਦੇ ਸਮਾਗਮ ਮੌਕੇ ਸਪੀਕਰ ਲਿਆਉਣ ਦਾ ਚਾਅ ਵੀ ਵਖਰਾ ਹੀ ਹੁੰਦਾ ਸੀ।

Speaker

 

ਮੁਹਾਲੀ : ਮੰਜੇ ਜੋੜ ਕੇ ਕੋਠੇ ’ਤੇ ਲਗਾਏ ਸਪੀਕਰ (Speaker) ਤੋਂ ਯਮਲੇ ਜੱਟ ਦਾ ‘ਸਤਿਗੁਰ ਨਾਨਕ ਤੇਰੀ ਲੀਲਾ ਨਿਆਰੀ ਆ’ ਵੱਜਿਆ ਗੀਤ ਘਰ ਵਿਚ ਵਿਆਹ ਜਾਂ ਖ਼ੁਸ਼ੀ ਦੇ ਕਿਸੇ ਹੋਰ ਸਮਾਗਮ ਦਾ ਸੁਨੇਹਾ ਸਾਰੇ ਪਿੰਡ ਵਿਚ ਦੇ ਦਿੰਦਾ ਸੀ। ਯਮਲੇ ਜੱਟ ਦੇ ਇਕ ਤੋਂ ਬਾਅਦ ਇਕ ਬਾਅਦ ਵਜਦੇ ਧਾਰਮਕ ਗੀਤ ਪੂਰੇ ਪਿੰਡ ਵਿਚ ਧਾਰਮਕ ਫਿਜ਼ਾ ਪੈਦਾ ਕਰ ਦਿੰਦੇ ਸਨ। ਵਿਆਹ ਜਾਂ ਹੋਰ ਖ਼ੁਸ਼ੀ ਦੇ ਸਮਾਗਮ ਮੌਕੇ ਸਪੀਕਰ ਲਿਆਉਣ ਦਾ ਚਾਅ ਵੀ ਵਖਰਾ ਹੀ ਹੁੰਦਾ ਸੀ।

 

 

ਵਿਆਹ ਵਿਚ ਸ਼ਾਮਲ ਹਰ ਵਿਅਕਤੀ ਸਪੀਕਰ ਲਿਆਉਣ ਲਈ ਉਤਾਵਲਾ ਹੁੰਦਾ ਸੀ ਅਤੇ ਬੱਚਿਆਂ ਨੇ ਸਪੀਕਰ (Speaker) ਲਿਆਉਣ ਵਾਲਿਆਂ ਦੇ ਨਾਲ ਵੈਸੇ ਹੀ ਦੌੜ ਜਾਣਾ ਹੁੰਦਾ ਸੀ। ਸਪੀਕਰ (Speaker ਲਿਆਉਣ ਲਈ ਘਰ ਦੇ ਸਿਆਣੇ ਬੰਦਿਆਂ ਵਲੋਂ ਬਕਾਇਦਾ ਜ਼ਿੰਮੇਵਾਰ ਵਿਅਕਤੀ ਦੀ ਡਿਊਟੀ ਲਗਾਈ ਜਾਂਦੀ ਸੀ। ਸਮਾਗਮ ਤੋਂ ਪਹਿਲਾਂ ਸਪੀਕਰ (Speaker) ਵਾਲੇ ਨੂੰ ਸਾਈ ਫੜ੍ਹਾ ਕੇ ਬੁਕਿੰਗ ਕੀਤੀ ਜਾਂਦੀ ਸੀ ਅਤੇ ਸਮਾਗਮ ਵਾਲੇ ਦਿਨ ਉਹ ਅਪਣਾ ਸਾਰਾ ਸਾਮਾਨ ਤਿਆਰ ਕਰ ਕੇ ਰਖਦਾ ਸੀ।

 

ਉਸ ਕੋਲ ਬਾਲਟੀਨੁਮਾ ਸਪੀਕਰ (Speaker) ਤੋਂ ਇਲਾਵਾ ਇਕ ਲੱਕੜ ਦੇ ਟਰੰਕ ਜਿਹੇ ’ਚ ਪੱਥਰ ਦੇ ਰਿਕਾਰਡ ਅਤੇ ਰਿਕਾਰਡ ਵਜਾਉਣ ਵਾਲੀ ਮਸ਼ੀਨ ਟਿਕਾਈ ਹੁੰਦੀ ਸੀ। ਸਪੀਕਰ ਲੈਣ ਗਏ ਵਿਅਕਤੀਆਂ ਨੂੰ ਸਪੀਕਰ (Speaker) ਵਾਲਾ ਬਾਲਟੀਨੁਮਾ ਸਪੀਕਰ (Speaker) ਅਤੇ ਸਾਮਾਨ ਵਾਲਾ ਟਰੰਕ ਫੜਾ ਦਿੰਦਾ ਜਾਂ ਕਈ ਵਾਰ ਉਹ ਅਪਣੇ ਸਾਈਕਲ ਦੇ ਹੈਂਡਲ ਵਿਚ ਬਾਲਟੀਨੁਮਾ ਸਪੀਕਰ ਫਸਾ ਕੇ ਪਿੱਛੇ ਕੈਰੀਅਰ ’ਤੇ ਟਰੰਕ ਟਿਕਾ ਸਪੀਕਰ (Speaker)ਲੈਣ ਗਏ ਵਿਅਕਤੀਆਂ ਨਾਲ ਹੋ ਤੁਰਦਾ।

 

ਘਰ ਵਿਚ ਹਰ ਕਿਸੇ ਨੂੰ ਸਪੀਕਰ (Speaker) ਵਾਲੇ ਦੇ ਆਉਣ ਦਾ ਬੇਸਬਰੀ ਨਾਲ ਇੰਤਜ਼ਾਰ ਹੁੰਦਾ ਸੀ ਕਿਉਂਕਿ ਘਰ ’ਚ ਸਮਾਗਮ ਦਾ ਮਾਹੌਲ ਸਪੀਕਰ ਵੱਜਣ ਨਾਲ ਹੀ ਬਣਨਾ ਹੁੰਦਾ ਸੀ। ਸਪੀਕਰ (Speaker) ਵਾਲੇ ਨੂੰ ਸਪੀਕਰ (Speaker)ਦਾ ਸਾਰਾ ਸਾਮਾਨ ਟਿਕਾਉਣ ਲਈ ਉਸ ਵਲੋਂ ਕੀਤੀ ਚੋਣ ਅਨੁਸਾਰ ਥਾਂ ਦਿਤੀ ਜਾਂਦੀ ਸੀ। ਘਰ ਵਿਚ ਸਪੀਕਰ ਦੇ ਆਉਣ ’ਤੇ ਘਰ ਦੀ ਛੱਤ ’ਤੇ ਦੋ ਮੰਜੇ ਦੌਣਾਂ ਵਾਲਾ ਪਾਸਾ ਉਪਰ ਕਰ ਕੇ ਖੜੇ ਕਰ ਲਏ ਜਾਂਦੇ ਸਨ। ਮੰਜੇ ਖੜੇ ਕਰਨ, ਉਨ੍ਹਾਂ ਨੂੰ ਟਿਕਾਉਣ ਅਤੇ ਰੱਸੇ ਨਾਲ ਬੰਨ੍ਹਣ ਦਾ ਸਾਰਾ ਕੰੰਮ ਸਪੀਕਰ (Speaker) ਵਾਲਾ ਖ਼ੁਦ ਕਰਦਾ ਹੁੰਦਾ ਸੀ। ਦੌਣਾਂ ਵਾਲਾ ਪਾਸਾ ਉਪਰ ਇਸ ਲਈ ਕੀਤਾ ਜਾਂਦਾ ਸੀ ਤਾਕਿ ਦੌਣ ਵਿਚ ਸਪੀਕਰ (Speaker) ਆਸਾਨੀ ਨਾਲ ਬੰਨਿ੍ਹਆ ਜਾ ਸਕੇ। ਵੱਡੇ ਪਿੰਡਾਂ ’ਚ ਵੱਖ ਵੱਖ ਦਿਸ਼ਾਵਾਂ ਵਲ ਮੂੰਹ ਕਰ ਕੇ ਦੋ ਦੋ ਸਪੀਕਰ ਬੰਨ੍ਹਣ ਦਾ ਵੀ ਰਿਵਾਜ ਸੀ। ਮੰਜਿਆਂ ਨਾਲ ਸਪੀਕਰ (Speaker)ਬੰਨ੍ਹਣ ਤੋਂ ਬਾਅਦ ਸਪੀਕਰ (Speaker) ਵਾਲਾ ਸਪੀਕਰ ਦੇ ਪਿਛਲੇ ਪਾਸੇ ਯੂਨਿਟ ਕਸਦਿਆਂ ਉਸ ਨਾਲ ਤਾਰਾਂ ਜੋੜ ਕੇ ਥੱਲੇ ਟਿਕਾਈ ਮਸ਼ੀਨ ਨਾਲ ਜੋੜ ਲੈਂਦਾ ਸੀ। ਸਾਰੀ ਫ਼ਿਟਿੰਗ ਉਪਰੰਤ ਮਸ਼ੀਨ ’ਤੇ ਤਵਾ ਚੜ੍ਹਾ ਕੇ ਉਸ ਦੀ ਸਵਿਚ ਆਨ ਕਰਦਾ ਤਾਂ ਵੱਜਿਆ ਪਹਿਲਾ ਗੀਤ ਸੱਭ ਨੂੰ ਸਮਾਗਮ ਦੇ ਰੰਗ ਵਿਚ ਰੰਗ ਜਾਂਦਾ।

ਸਪੀਕਰ (Speaker)ਵਾਲਾ ਮਸ਼ੀਨ ’ਤੇ ਤਵਾ ਘੁੰਮਣਾ ਸ਼ੁਰੂ ਕਰ ਕੇ ਖ਼ੁਦ ਚਾਹ ਪਾਣੀ ਪੀਣ ਬੈਠ ਜਾਂਦਾ ਅਤੇ ਯਮਲੇ ਜੱਟ ਦੇ ਗੀਤਾਂ ਤੋਂ ਬਾਅਦ ਵਾਰੀ ਆਉਂਦੀ ਪਾਲੀ ਦੇਤਵਾਲੀਆ ਅਤੇ ਕੁਲਦੀਪ ਮਾਣਕ ਜਿਹੇ ਗਾਇਕਾਂ ਦੀਆਂ ਕਲੀਆਂ ਅਤੇ ਇਤਿਹਾਸਕ, ਧਾਰਮਕ ਗੀਤਾਂ ਦੀ। ਕਈ ਵਾਰ ਕਵੀਸ਼ਰੀ ਵਾਰਾਂ ਅਤੇ ਢਾਡੀਆਂ ਦਾ ਦੌਰ ਵੀ ਚਲਦਾ। ਸਪੀਕਰ ਦੀ ਚਲਦੀ ਮਸ਼ੀਨ ਅਤੇ ਇਸ ਦੇ ਤਵੇ ਬਦਲਣ ਦਾ ਨਜ਼ਾਰਾ ਵੇਖਣ ਲਈ ਸਪੀਕਰ ਵਾਲੇ ਕੋਲ ਬੱਚਿਆਂ ਦਾ ਝੁਰਮਟ ਜੁੜਿਆ ਰਹਿੰਦਾ। ਸਪੀਕਰ ਵਾਲੇ ਵਲੋਂ ਬਹੁਤ ਹੀ ਸਲੀਕੇ ਨਾਲ ਟਿਕਾਏ ਪੱਥਰ ਦੇ ਤਵੇ ਅਤੇ ਤਵਿਆਂ ’ਤੇ ਪ੍ਰਕਾਸ਼ਤ ਗਾਇਕਾਂ ਦੀਆਂ ਤਸਵੀਰਾਂ ਬੱਚਿਆਂ ਨੂੰ ਬਹੁਤ ਆਕਰਸ਼ਿਤ ਕਰਦੀਆਂ ਸਨ। ਜਿਉਂ ਜਿਉਂ ਸ਼ਾਮ ਟਲਦੀ ਤਾਂ ਪ੍ਰਵਾਰ ਵਾਲੇ ਅਪਣੇ ਨਾਲ ਹੀ ਸਪੀਕਰ (Speaker) ਵਾਲੇ ਨੂੰ ਹਵਾ ਪਿਆਜ਼ੀ ਕਰ ਲੈਂਦੇ।

ਸ਼ਰਾਬ ਦੀ ਰੰਗੀਨੀ ’ਚ ਰੰਗਿਆ ਸਪੀਕਰ (Speaker)  ਵਾਲਾ ਦਾਰੂ ਪੀ ਰਹੇ ਪ੍ਰਵਾਰਕ ਮੈਂਬਰਾਂ, ਪਰੀਹਿਆਂ ਅਤੇ ਰਿਸ਼ਤੇਦਾਰਾਂ ਦੀਆਂ ਸਿਫ਼ਾਰਸ਼ਾਂ ’ਤੇ ਗੀਤ ਵਜਾਉਣੇ ਸ਼ੁਰੂ ਕਰਦਾ। ਇਹ ਦੌਰ ਮੁਹੰਮਦ ਸਦੀਕ, ਦੀਦਾਰ ਸੰਧੂ ਅਤੇ ਸੁਰਿੰਦਰ ਛਿੰਦਾ ਜਿਹੇ ਗਾਇਕਾਂ ਦੇ ਦੋਗਾਣੇ ਗੀਤਾਂ ਦਾ ਹੁੰਦਾ ਸੀ। ਪੱਥਰ ਦੇ ਤਵੇ ’ਤੇ ਟਿਕਾਈ ਸੂਈ ਦੇ ਫਸਣ ਨਾਲ ਕਈ ਵਾਰ ਗੀਤ ਦੇ ਕੁੱਝ ਬੋਲ ਹੀ ਵਾਰ ਵਾਰ ਵੱਜਣ ਲਗਦੇ। ਇਸ ਤਰ੍ਹਾਂ ਵਾਰ ਵਾਰ ਬੋਲ ਵੱਜਣ ਨੂੰ ਝਿਰਖੀ ਪੈਣਾ ਕਹਿੰਦੇ ਸਨ। ਝਿਰਖੀ ਪੈਣ ’ਤੇ ਸਪੀਕਰ (Speaker)ਵਾਲਾ ਤਵੇ ਤੋਂ ਸੂਈ ਚੁਕ ਕੇ ਦੁਬਾਰਾ ਟਿਕਾਉਂਦਾ ਤਾਂ ਗੀਤ ਅੱਗੇ ਵੱਜਣਾ ਸ਼ੁਰੂ ਹੋ ਜਾਂਦਾ। ਕਈ ਵਾਰ ਸਪੀਕਰ (Speaker) ਵਾਲਾ ਬਰਾਤੀਆਂ ਤੋਂ ਵੀ ਪਹਿਲਾਂ ਸ਼ਰਾਬੀ ਹੋ ਕੇ ਖਿੱਲਰ ਪੁੱਲਰ ਜਾਂਦਾ ਤਾਂ ਬਰਾਤ ਵਾਲੇ ਖ਼ੁਦ ਹੀ ਤਵੇ ਬਦਲਣ ਲਗਦੇ।

ਉਹਨੀਂ ਦਿਨੀਂ ਸਪੀਕਰ (Speaker) ’ਤੇ ਵਜਦੇ ਗੀਤ ਹੀ ਮਨੋਰੰਜਨ ਦਾ ਮੁੱਖ ਸਾਧਨ ਹੁੰੰਦੇ ਸਨ। ਸਮੇਂ ਦੇ ਬਦਲਾਅ ਨਾਲ ਜਿਥੇ ਮਨੋਰੰਜਨ ਦੇ ਤਮਾਮ ਹੋਰ ਸਾਧਨ ਹੋਂਦ ਵਿਚ ਆਏ ਹਨ ਉਥੇ ਹੀ ਮੰਜੇ ਜੋੜ ਕੇ ਸਪੀਕਰ (Speaker) ਲਗਾਉਣ ਦਾ ਰਿਵਾਜ ਅਲੋਪ ਹੋਣ ਵਰਗਾ ਹੈ। ਕਈ ਪਿੰਡਾਂ ਅਤੇ ਪੇਂਡੂ ਪਿਛੋਕੜ ਵਾਲੇ ਪ੍ਰਵਾਰਾਂ ਵਲੋਂ ਸ਼ਹਿਰਾਂ ਵਿਚ ਵਿਆਹਾਂ ਅਤੇ ਖ਼ੁਸ਼ੀ ਦੇ ਹੋਰ ਸਮਾਗਮਾਂ ਦੌਰਾਨ ਮੁੜ ਤੋਂ ਸਪੀਕਰ ਵਜਾਇਆ ਜਾਣ ਲੱਗਿਆ ਹੈ। ਪਰ ਹੁਣ ਸਪੀਕਰ (Speaker) ਮੰਜੇ ਜੋੜ ਕੇ ਨਹੀਂ ਸਗੋਂ ਘਰਾਂ ਦੇ ਬਨੇਰਿਆਂ ਨਾਲ ਬੰਨਿ੍ਹਆ ਵਿਖਾਈ ਦਿੰਦਾ ਹੈ। ਡੀ.ਜੇ ਦੇ ਸਾਊਂਡ ਸਿਸਟਮ ਵਿਚ ਗਵਾਚੀ ਮੰਜਿਆਂ ਵਾਲੇ ਸਪੀਕਰ ਦੀ ਆਵਾਜ਼ ਨੂੰ ਯਾਦ ਕਰਦਿਆਂ ਵਿਆਹਾਂ ਵਿਚ ਸਪੀਕਰਾਂ ਵਲੋਂ ਬੰਨਿ੍ਹਆ ਜਾਣ ਵਾਲਾ ਰੰਗ ਮੁੜ ਮੁੜ ਚੇਤੇ ਆਉਂਦਾ ਹੈ।

ਬਿੰਦਰ ਸਿੰਘ ਖੁੱਡੀ ਕਲਾਂ,  ਖੋਜ ਅਫ਼ਸਰ ਜ਼ਿਲ੍ਹਾ ਭਾਸ਼ਾ ਦਫਤਰ, ਬਰਨਾਲਾ 
98786-05965