ਓਡੀਸ਼ਾ ਦੇ ਦੋ ਵਿਦਿਆਰਥੀਆਂ ਨੇ ਬਣਾਏ ਕਮਾਲ ਦੇ 'ਈਕੋ ਫ੍ਰੈਂਡਲੀ ਪੈੱਨ', ਦੇਖੋ ਵੀਡੀਓ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਕਲਾ ਤੇ ਡਿਜ਼ਾਈਨ

ਵਰਤਣ ਮਗਰੋਂ ਸੁੱਟੇ ਜਾਣ 'ਤੇ ਪੈੱਨ 'ਚੋਂ ਉੱਗਦੇ ਨੇ ਪੌਦੇ

Eco-friendly Pens

ਓਡੀਸ਼ਾ: 'ਤੁਸੀਂ ਪੈੱਨ ਤਾਂ ਬਥੇਰੇ ਦੇਖੇ ਹੋਣਗੇ। ਮਹਿੰਗੇ ਤੋਂ ਮਹਿੰਗੇ ਅਤੇ ਸਸਤੇ ਤੋਂ ਸਸਤੇ, ਜੋ ਸਿਆਹੀ ਖ਼ਤਮ ਹੋਣ ਤੋਂ ਬਾਅਦ ਕਿਸੇ ਕੰਮ ਨਹੀਂ ਆਉਂਦੇ ਬਲਕਿ ਸੁੱਟੇ ਜਾਣ 'ਤੇ ਪਲਾਸਟਿਕ ਜਾਂ ਲੋਹੇ ਦੇ ਇਹ ਪੈੱਨ ਵਾਤਾਵਰਣ ਨੂੰ ਜ਼ਰੂਰ ਖ਼ਰਾਬ ਕਰਦੇ ਹਨ। ਪਰ ਕੀ ਤੁਸੀਂ ਕਦੇ ਅਜਿਹੇ ਪੈੱਨ ਦੇਖੇ ਹਨ, ਜਿਨ੍ਹਾਂ ਨੂੰ ਵਰਤ ਕੇ ਸੁੱਟਣ ਤੋਂ ਬਾਅਦ ਵਾਤਾਵਰਣ ਖ਼ਰਾਬ ਹੋਣਾ ਤਾਂ ਦੂਰ ਬਲਕਿ ਉਨ੍ਹਾਂ ਪੈੱਨਾਂ ਵਿਚੋਂ ਪੌਦੇ ਉਗਣੇ ਸ਼ੁਰੂ ਹੋ ਜਾਂਦੇ ਹੋਣ। ਹੈਰਾਨ ਹੋਣ ਦੀ ਲੋੜ ਨਹੀਂ।

ਓਡੀਸ਼ਾ ਦੇ ਭੁਵਨੇਸ਼ਵਰ ਵਿਚ ਰਹਿਣ ਵਾਲੇ ਦੋ ਵਿਦਿਆਰਥੀਆਂ ਵੱਲੋਂ ਅਜਿਹੇ ਈਕੋ ਫ੍ਰੈਂਡਲੀ ਪੈੱਨ ਤਿਆਰ ਕੀਤੇ ਗਏ ਹਨ। ਦਰਅਸਲ ਪ੍ਰੇਮ ਪਾਂਡੇ ਅਤੇ ਅਹਿਮਦ ਰਜ਼ਾ ਨਾਂਅ ਦੇ ਇਨ੍ਹਾਂ ਵਿਦਿਆਰਥੀਆਂ ਵੱਲੋਂ ਅਪਣਾ ਸਟਾਰਟਅੱਪ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਵੱਲੋਂ ਅਪਣੀ ਕੰਪਨੀ ਦਾ ਨਾਮ 'ਲਿਖਣਾ' ਰੱਖਿਆ ਗਿਆ ਹੈ। ਇਸੇ ਤਹਿਤ ਉਨ੍ਹਾਂ ਵੱਲੋਂ ਈਕੋ ਫ੍ਰੈਂਡਲੀ ਪੈੱਨ ਬਣਾਏ ਗਏ ਹਨ, ਜਿਨ੍ਹਾਂ ਦੀ ਕੀਮਤ 5 ਤੋਂ 7 ਰੁਪਏ ਰੱਖੀ ਗਈ ਹੈ।

ਇਨ੍ਹਾਂ ਵਿਦਿਆਰਥੀਆਂ ਵੱਲੋਂ ਅਖ਼ਬਾਰ, ਫਲ, ਫੁੱਲ ਅਤੇ ਫੁੱਲਾਂ ਦੇ ਬੀਜਾਂ ਦੀ ਮਦਦ ਨਾਲ ਈਕੋ ਫ੍ਰੈਂਡਲੀ ਪੈੱਨ ਬਣਾ ਕੇ ਪਲਾਸਟਿਕ ਦੇ ਪੈੱਨਾਂ ਨੂੰ ਚੁਣੌਤੀ ਦਿੱਤੀ ਗਈ ਹੈ। ਹਾਲਾਂਕਿ ਇਹ ਪੈੱਨ ਪੂਰੀ ਤਰ੍ਹਾਂ ਪਲਾਸਿਟਕ ਫਰੀ ਨਹੀਂ ਹਨ ਕਿਉਂਕਿ ਇਨ੍ਹਾਂ ਦਾ ਰਿਫਿਲ ਪਲਾਸਟਿਕ ਦਾ ਹੀ ਹੈ। ਪਰ ਪੈੱਨ ਦੀ ਬਾਡੀ ਅਖ਼ਬਾਰੀ ਕਾਗਜ਼ ਤੋਂ ਤਿਆਰ ਕੀਤੀ ਗਈ ਹੈ, ਜਿਨ੍ਹਾਂ ਨੂੰ ਵਰਤਣ ਤੋਂ ਬਾਅਦ ਤੁਸੀਂ ਅਪਣੇ ਘਰ ਦੇ ਗਮਲਿਆਂ ਵਿਚ ਸੁੱਟ ਸਕਦੇ ਹੋ। ਜਿੱਥੇ ਕੁੱਝ ਹੀ ਦਿਨਾਂ ਬਾਅਦ ਪੈੱਨ ਵਿਚੋਂ ਪੌਦਾ ਉਗ ਆਵੇਗਾ ਕਿਉਂਕਿ ਇਸ ਪੈੱਨ ਵਿਚ ਫੁੱਲਾਂ ਜਾਂ ਫਲਾਂ ਦੇ ਬੀਜ ਵੀ ਪਾਏ ਗਏ ਹਨ।

ਵਿਦਿਆਰਥੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਅਗਲਾ ਨਿਸ਼ਾਨਾ ਰਿਫਿਲ ਨੂੰ ਵੀ ਪਲਾਸਟਿਕ ਮੁਕਤ ਕਰਨ ਦਾ ਹੈ। ਦੱਸ ਦਈਏ ਕਿ ਈਕੋ ਫ੍ਰੈਂਡਲੀ ਪੈੱਨ ਸਿਰਫ਼ ਭਾਰਤ ਵਿਚ ਹੀ ਨਹੀਂ ਬਲਕਿ ਜਰਮਨੀ ਅਤੇ ਆਸਟ੍ਰੇਲੀਆ ਵਿਚ ਵੀ ਕਾਫ਼ੀ ਹਰਮਨ ਪਿਆਰੇ ਹਨ। ਵਾਤਾਵਰਣ ਸੰਭਾਲ ਦੀ ਦਿਸ਼ਾ ਵਿਚ ਇਸ ਵਿਦਿਆਰਥੀਆਂ ਦੇ ਇਸ ਕਦਮ ਨੂੰ ਸਾਰੇ ਪਾਸੇ ਤੋਂ ਭਰਪੂਰ ਸ਼ਲਾਘਾ ਮਿਲ ਰਹੀ ਹੈ।

ਦੇਖੋ ਵੀਡੀਓ: