ਵੱਖ-ਵੱਖ ਤਰੀਕੇ ਨਾਲ ਸਜਾਈ ਜਾਂਦੀ ਹੈ ਪੱਗ 

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਕਲਾ ਤੇ ਡਿਜ਼ਾਈਨ

ਹਰ ਇਕ ਵਿਅਕਤੀ ਦਾ ਪੱਗ ਬੰਨਣ ਦਾ ਅਪਣਾ ਤਰੀਕਾ ਹੁੰਦਾ ਹੈ ਅਤੇ ਖਾਸ ਮੌਕਿਆਂ 'ਤੇ ਖਾਸ ਤਰੀਕੇ ਦੀ ਪੱਗ ਬੰਨ੍ਹੀ ਜਾਂਦੀ ਹੈ |

different types of turbans

ਪੱਗ ਸਿੱਖਾਂ ਦੀ ਪਹਿਚਾਣ ਹੈ ਅਤੇ ਸਿੱਖ ਪੱਗ ਨੂੰ ਅਪਣੀ ਸ਼ਾਨ ਮੰਨਦੇ ਹਨ | ਸਿੱਖਾਂ ਵਲੋਂ ਬੰਨੀ ਜਾਂਦੀ ਪੱਗ ਦੀਆਂ ਸਾਰੀ  ਦੁਨੀਆਂ ਵਿਚ ਧੂਮਾਂ ਹਨ ਅਤੇ ਹਰ ਦੇਸ਼-ਵਿਦੇਸ਼ ਵਿਚ ਪੱਗ ਨੂੰ ਬਹੁਤ ਮਾਨ ਅਤੇ ਸਤਿਕਾਰ ਮਿਲਦਾ ਹੈ | ਦਸਤਾਰਧਾਰੀ ਵਿਅਕਤੀ ਦੀ ਹਰ ਕੋਈ ਇੱਜ਼ਤ ਕਰਦਾ ਹੈ | ਹਰ ਇਕ ਵਿਅਕਤੀ ਦਾ ਪੱਗ ਬੰਨਣ ਦਾ ਅਪਣਾ ਤਰੀਕਾ ਹੁੰਦਾ ਹੈ ਅਤੇ ਖਾਸ ਮੌਕਿਆਂ 'ਤੇ ਖਾਸ ਤਰੀਕੇ ਦੀ ਪੱਗ ਬੰਨ੍ਹੀ ਜਾਂਦੀ ਹੈ | ਅੱਜ ਤੁਹਾਨੂੰ ਵੱਖ-ਵੱਖ ਤਰੀਕਿਆਂ ਨਾਲ ਬੰਨ੍ਹੀ ਜਾਂਦੀ ਪੱਗ ਬਾਰੇ ਦਸਾਂਗੇ 

1 ਪੋਚਵੀਂ ਪੱਗ- ਅੱਜਕਲ ਇਹ ਨੌਜਵਾਨ ਉਮਰ ਦੇ ਮੁੰਡੇ ਬੰਨ੍ਹਦੇ ਹਨ | ਇਸ ਪੱਗ ਦਾ ਹਰ ਪੇਚ ਪੂਰੀ ਤਰ੍ਹਾਂ ਸਾਫ ਹੁੰਦਾ ਹੈ | ਇਸਦੀ ਪੂਣੀਂ ਖਾਸ ਤਰੀਕੇ ਨਾਲ ਬਹੁਤ ਹੀ ਸਫ਼ਾਈ ਨਾਲ ਕੀਤੀ ਜਾਂਦੀ ਹੈ | ਪੱਗ ਦੀ ਬਣਤਰ ਸਿਰ ਵਾਲੇ ਪਾਸਿਓਂ ਇਕੋ ਜਿਹੀ ਹੁੰਦੀ ਹੈ ਅਤੇ ਇਸਦੇ ਉੱਪਰ ਵਾਲੇ ਪੇਚ ਵੀ ਪੂਰੀ ਤਰ੍ਹਾਂ ਸਾਫ ਅਤੇ ਇਕ ਬਰਾਬਰ ਹੁੰਦੇ ਹਨ |

2 ਪਟਿਆਲਾਸ਼ਾਹੀ ਪੱਗ- ਇਸ ਪੱਗ ਦੀ ਬਣਤਰ ਸੱਜੇ ਪਾਸਿਉਂ ਨੀਵੀਂ ਅਤੇ ਖੱਬੇ ਪਾਸਿਉਂ ਉੱਚੀ ਹੁੰਦੀ ਹੈ | ਇਸ ਪੱਗ ਵਿਚ ਸਫ਼ਾਈ ਦਾ ਪੂਰਾ ਧਿਆਨ ਰੱਖਿਆ ਜਾਂਦਾ ਹੈ | ਇਸ ਪੱਗ ਦੀ ਬਣਤਰ ਸਿਰ ਦੇ ਉਪਰੀ ਪਾਸਿਉਂ ਇਕੋ ਜਿਹੀ ਨਹੀਂ ਹੁੰਦੀ ਅਤੇ ਇਸ ਪੱਗ ਦੇ ਸੱਜੇ ਪਾਸੇ ਵਾਲੇ ਪੇਚਾਂ ਵਿਚ ਵਿੱਥ ਰੱਖੀ ਜਾਂਦੀ ਹੈ | ਇਸ ਪੱਗ 'ਤੇ ਅੱਜਕਲ ਬਹੁਤ ਗੀਤ ਬਣ ਰਹੇ ਹਨ |

3 ਵੱਟਾਂਵਾਲੀ ਪੱਗ- ਅੱਜ ਦੇ ਸਮੇਂ ਵਿਚ ਇਸ ਪੱਗ ਦਾ ਬਹੁਤ ਰਿਵਾਜ਼ ਹੈ ਅਤੇ ਹਰ ਵਰਗ ਇਸ ਪੱਗ ਨੂੰ ਬੰਨ੍ਹਣਾ ਪਸੰਦ ਕਰਦਾ ਹੈ | ਇਸ ਪੱਗ ਦੇ ਪੇਚਾਂ ਵਿਚ ਸਫ਼ਾਈ ਨਹੀਂ ਹੁੰਦੀ ਅਤੇ ਇਸਦੀ ਪੂਣੀਂ ਵੱਲ ਕੋਈ ਖਾਸ ਧਿਆਨ ਨਹੀਂ ਦਿਤਾ ਜਾਂਦਾ | ਇਸ ਪੱਗ ਦੀ ਬਣਤਰ ਜਿਆਦਾਤਰ ਪਟਿਆਲਾਸ਼ਾਹੀ ਪੱਗ ਵਰਗੀ ਹੁੰਦੀ ਹੈ ਪਰ ਵੱਟਾਂਵਾਲੀ ਹੋਣ ਕਰਕੇ ਖੱਬੇ ਪਾਸੇ ਵਾਲੇ ਪੇਚਾਂ ਦਾ ਕੁਝ ਖਾਸ ਪਤਾ ਨਹੀਂ ਲਗਦਾ |

4 ਯੂ ਕੇ ਸਟਾਇਲ ਪੱਗ - ਇਹ ਪੱਗ ਜ਼ਿਆਦਾਤਰ ਵਿਦੇਸ਼ਾਂ ਦੇ ਲੋਕਾਂ ਵਿਚ ਪ੍ਰਚਲਿਤ ਹੈ | ਇਸ ਪੱਗ ਦਾ ਕੱਪੜਾ ਸਿੰਗਲ ਹੁੰਦਾ ਹੈ ਭਾਵ ਇਸ ਪੱਗ ਨੂੰ ਸੀਨ ਜਾਂ ਫਿਰ ਪੀਕੋ ਨਹੀਂ ਕੀਤੀ ਜਾਂਦੀ | ਇਸ ਪੱਗ ਵਿਚ ਜ਼ਿਆਦਾ ਫੁਲਾਵਟ ਨਹੀਂ ਹੁੰਦੀ ਅਤੇ ਸਫ਼ਾਈ ਦਾ ਬਹੁਤ ਧਿਆਨ ਰੱਖਿਆ ਜਾਂਦਾ ਹੈ | ਇਸ ਪੱਗ ਦੇ ਪੇਚ ਵੀ ਪਟਿਆਲਾਸ਼ਾਹੀ ਪੱਗ ਵਾਂਗ ਸੱਜੇ ਪਾਸੇ ਨੂੰ ਨੀਵੇਂ ਆਉਂਦੇ ਹਨ ਅਤੇ ਖੱਬੇ ਵਾਲੇ ਪਾਸੇ ਨੂੰ ਉਪਰ ਜਾਂਦੇ ਹਨ |

5 ਮਲਵਈ ਪੱਗ- ਇਸ ਪੱਗ ਦੀ ਬਣਤਰ ਅਤੇ ਪੇਚ ਪੋਚਵੀਂ ਪੱਗ ਵਰਗੇ ਹੀ ਹੁੰਦੇ ਹਨ ਪਰ ਇਸਦੇ ਪੇਚ ਪੋਚਵੀਂ ਪੱਗ ਵਾਂਗ ਖੱਬੇ ਪਾਸੇ ਨਹੀਂ ਸੱਜੇ ਪਾਸੇ ਹੁੰਦੇ ਹਨ | ਇਸ ਪੱਗ ਦਾ ਪ੍ਰਚਲਨ ਬਹੁਤ ਘੱਟ ਗਿਆ ਹੈ | ਸਿਰਫ ਬਜ਼ੁਰਗ ਹੀ ਇਸ ਪੱਗ ਨੂੰ ਬੰਨ੍ਹਦੇ ਹਨ |

6 ਤੁਰਲੇ ਵਾਲੀ ਪੱਗ- ਇਹ ਪੱਗ ਖਾਸ ਤੌਰ 'ਤੇ ਵਿਆਹ ਦੇ ਸਮੇਂ ਬੰਨ੍ਹੀ ਜਾਂਦੀ ਸੀ ਪਰ ਅੱਜਕਲ ਇਸਦਾ ਪ੍ਰਚਲਨ ਬਹੁਤ ਘੱਟ ਗਿਆ ਹੈ | ਇਸ ਪੱਗ ਨੂੰ ਬੰਨ੍ਹਣ ਲਈ ਪਹਿਲਾਂ ਮਾਵਾ ਲਗਾ ਕੇ ਸੁਕਾਇਆ ਜਾਂਦਾ ਹੈ | ਇਸ ਪੱਗ ਦੇ ਪੇਚਾਂ ਦੀ ਸਫ਼ਾਈ ਵੱਲ ਬਹੁਤਾ ਧਿਆਨ ਨਹੀਂ ਦਿਤਾ ਜਾਂਦਾ ਪਰ ਇਸ ਸਟਾਇਲ ਵਿਚ ਪੱਗ ਦੇ ਖੱਬੇ ਪਾਸੇ ਉੱਪਰ ਵਲ ਤੁਰਲਾ ਛੱਡਿਆ ਜਾਂਦਾ ਹੈ ਅਤੇ ਹੇਠਾਂ ਵਾਲੇ ਪਾਸੇ ਤਕਰੀਬਨ ਇਕ ਫੁੱਟ ਦਾ ਲੜ੍ਹ ਛੱਡਿਆ ਜਾਂਦਾ ਹੈ |

7 ਭੰਗੜੇ ਵਾਲੀ ਪੱਗ- ਇਹ ਪੱਗ ਸਿਰਫ ਭੰਗੜੇ ਸਮੇਂ ਬੰਨ੍ਹੀ ਜਾਂਦੀ ਹੈ | ਇਸ ਪੱਗ ਦੀ ਬਣਤਰ ਅਤੇ ਬੰਨ੍ਹਣ ਦਾ ਤਰੀਕਾ ਬਾਕੀ ਪੱਗਾਂ ਨਾਲੋਂ ਵੱਖਰਾ ਹੁੰਦਾ ਹੈ | ਇਸ ਪੱਗ ਨੂੰ ਬੰਨ੍ਹਣ ਲਈ ਮਾਵਾ ਲਗਾਉਣਾ ਪੈਂਦਾ ਹੈ | ਇਸਦੇ ਪੇਚ ਸਾਹਮਣੇ ਵਾਲੇ ਪਾਸੇ ਹੁੰਦੇ ਹਨ | ਇਸ ਪੱਗ ਨੂੰ ਬੰਨ੍ਹਣ ਲਈ ਖੱਬੇ ਪਾਸੇ ਲੜ੍ਹ ਛੱਡਣਾ ਪੈਂਦਾ ਹੈ ਅਤੇ ਅੰਤ ਵਿਚ ਸਾਹਮਣੇ ਵਾਲੇ ਪਾਸੇ ਅਰਧ ਗੋਲੇ ਦੇ ਆਕਾਰ ਵਾਲਾ ਤੁਰਲਾ ਲਗਾਇਆ ਜਾਂਦਾ ਹੈ |

ਵਲੋਂ- ਸੁਰਖ਼ਾਬ ਚੰਨ