ਬੜੇ ਸੋਹਣੇ ਲਗਦੇ ਸੀ ਛੱਤ ਉਪਰ ਲੱਗੇ ਝਾਲਰੀ ਪੱਖੇ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਕਲਾ ਤੇ ਡਿਜ਼ਾਈਨ

ਪੱਖਿਆਂ ਨੂੰ ਚੰਗੀ ਦਿਖ ਦੇਣ ਲਈ ਜਾਂ ਵੱਧ ਹਵਾ ਦੇਣ ਲਈ ਔਰਤਾਂ ਨੇ ਸਭਿਆਚਾਰਕ ਝਾਲਰਦਾਰ ਸੁੰਦਰ ਪੱਖੀਆਂ ਬਣਾਉਣੀਆਂ ਸ਼ੁਰੂ ਕਰ ਦਿਤੀਆਂ

Old fan

ਚੰਡੀਗੜ੍ਹ: ਅੱਜ  ਮਨੁੱਖ ਕੋਲ ਵਿਗਿਆਨ ਦੀ ਤਰੱਕੀ ਬਦੌਲਤ ਗਰਮੀ ਤੋਂ ਬਚਣ ਲਈ ਅਨੇਕਾਂ ਸਾਧਨ ਮੌਜੂਦ ਹਨ। ਅੱਜ ਤੋਂ ਕਰੀਬ 60-70 ਸਾਲਾਂ ਦੀ ਹੀ ਗੱਲ ਹੈ ਜਦੋਂ ਪੰਜਾਬ ਵਿਚ ਅਜੇ ਬਿਜਲੀ ਨਹੀਂ ਸੀ ਆਈ।  ਪਿੰਡਾਂ ਵਿਚ ਤਾਂ ਬਿਜਲੀ ਦਾ ਨਾਂ ਨਿਸ਼ਾਨ ਤਕ ਵੀ ਨਹੀਂ ਸੀ। ਪੇਂਡੂ ਗ਼ਰੀਬ ਲੋਕਾਂ ਲਈ ਤਾਂ ਸਰਦੀ, ਗਰਮੀ ਜਾਂ ਬਰਸਾਤ ਸੱਭ ਦੁੱਖ ਹੀ ਲੈ ਕੇ ਆਉਂਦੇ ਸਨ।

ਸਰਦੀਆਂ ਵਿਚ ਤਾਂ ਫਿਰ ਵੀ ਠੀਕ ਸੀ, ਲੋਕ ਚੁੱਲ੍ਹੇ ਅਗੇ ਬੈਠ ਕੇ ਜਾਂ ਬਾਹਰ ਅੱਗ ਬਾਲ ਕੇ ਸੇਕ ਲੈਂਦੇ ਜਾਂ ਫਿਰ ਠੰਢ ਤੋਂ ਬਚਣ ਲਈ ਰਜਾਈ ਵਿਚ ਵੜ ਜਾਂਦੇ ਸਨ ਪਰ ਗਰਮੀਆਂ ਵਿਚ ਤਾਂ ਤੋਬਾ-ਤੋਬਾ ਹੋ ਜਾਂਦੀ ਸੀ। ਉਸ ਵੇਲੇ ਦੇ ਲੋਕ ਬੜੀ ਮੁਸ਼ਕਲ ਨਾਲ ਕਟਦੇ ਗਰਮੀਆਂ ਦੇ ਦਿਨ। ਜਦੋਂ ਉਸ ਵੇਲੇ ਪਿੰਡਾਂ ਵਿਚ ਬਿਜਲੀ ਹੀ ਨਹੀਂ ਸੀ ਹੁੰਦੀ ਤਾਂ ਕਿਥੋਂ ਆਉਣੇ ਸਨ ਬਿਜਲੀ ਨਾਲ ਚੱਲਣ ਵਾਲੇ ਪੱਖੇ?

ਬਾਹਰ ਪਾਣੀ ਦੀ ਘਾਟ ਕਾਰਨ ਉਨ੍ਹਾਂ ਦਿਨਾਂ ਵਿਚ ਗਰਮੀ ਵੀ ਅੰਤਾਂ ਦੀ ਪੈਂਦੀ ਸੀ। ਖੇਤ-ਕੱਲਰ ਸੱਭ ਧੁੱਪ ਨਾਲ ਤਪਦੇ, ਗਰਮ ਲੂਆਂ ਚਲਦੀਆਂ ਤੇ ਕਈ ਕਈ ਮਹੀਨੇ ਚੱਲਣ ਵਾਲੀਆਂ ਗਰਮ ਹਵਾਵਾਂ ਮਨੁੱਖ ਦੇ ਪਿੰਡੇ ਨੂੰ ਝੁਲਸ ਕੇ ਰੱਖ ਦਿੰਦੀਆਂ ਸੀ। ਅਜਿਹੀ ਹਾਲਤ ਵਿਚ ਕੱਚੇ ਮਕਾਨ ਗਰਮੀ ਤੋਂ ਕੁੱਝ ਰਾਹਤ ਦਿੰਦੇ ਪਰ ਹਵਾ ਦੀ ਲੋੜ ਪੂਰੀ ਕਰਨ ਲਈ ਹੱਥਾਂ ਨਾਲ ਚਲਾਉਣ ਵਾਲੇ ਪੱਖੇ ਮਨੁੱਖ ਨੇ ਅਪਣੀ ਲੋੜ ਅਨੁਸਾਰ ਬਣਾ ਲਏ।  

ਪੱਖਿਆਂ ਨੂੰ ਚੰਗੀ ਦਿਖ ਦੇਣ ਲਈ ਜਾਂ ਵੱਧ ਹਵਾ ਦੇਣ ਲਈ ਔਰਤਾਂ ਨੇ ਸਭਿਆਚਾਰਕ ਝਾਲਰਦਾਰ ਸੁੰਦਰ ਪੱਖੀਆਂ ਬਣਾਉਣੀਆਂ ਸ਼ੁਰੂ ਕਰ ਦਿਤੀਆਂ।  ਇਹ ਪੱਖੀਆਂ ਜਿਥੇ ਛੋਟੇ ਬੱਚਿਆਂ ਨੂੰ ਝੱਲਣ ਦੇ ਕੰਮ ਆਉਂਦੀਆਂ ਉਥੇ ਮਹਿਮਾਨ ਨਿਵਾਜ਼ੀ ਲਈ ਵੀ ਜ਼ਰੂਰਤ ਨੂੰ ਪੂਰਾ ਕਰਦੀਆਂ। ਗਰਮੀ ਦੇ ਦਿਨਾਂ ਵਿਚ ਇਹ ਰੰਗਦਾਰ ਸੁੰਦਰ ਪੱਖੀਆਂ ਇੰਨੀਆਂ ਲੋੜੀਂਦੀਆਂ ਹੁੰਦੀਆਂ ਕਿ ਪਿੰਡਾਂ ਵਿਚ ਕੁੜੀਆਂ ਦੇ ਵਿਆਹ ਦੇ ਦਾਜ ਵਿਚ ਖ਼ਾਸ ਤੌਰ 'ਤੇ ਰੱਖੀਆਂ ਜਾਂਦੀਆਂ ਜੋ ਕੁੜੀਆਂ ਨੂੰ ਸਹੁਰੇ ਘਰ ਦੀ ਲੋੜ ਅਤੇ ਕੁੜੀ ਦੀ ਕਲਾ-ਕ੍ਰਿਤੀ ਲਈ ਅਪਣੀ ਲੋੜ ਮਹਿਸੂਸ ਕਰਵਾਉਂਦੀਆਂ।

ਪੰਜਾਬੀ ਪੇਂਡੂ ਲੋਕ ਮਹਿਮਾਨ ਨਿਵਾਜ਼ੀ ਵਿਚ ਤਾਂ ਸ਼ੁਰੂ ਤੋਂ ਹੀ ਮਾਹਰ ਹਨ, ਇਸ ਲਈ ਪਿੰਡ ਵਿਚ ਜਦੋਂ ਵੀ ਗਰਮੀ ਦੇ ਦਿਨਾਂ ਵਿਚ ਕਿਸੇ ਦੇ ਘਰ ਕੋਈ ਮਹਿਮਾਨ ਆਉਂਦਾ ਤਾਂ ਉਸ ਦਾ ਮੰਜਾ ਵਿਹੜੇ ਵਿਚ ਲੱਗੀ ਨਿੰਮ ਹੇਠ ਡਾਹ ਕੇ ਉਪਰ ਦਰੀ ਅਤੇ ਫੁੱਲ-ਬੂਟੀਆਂ ਵਾਲੀ ਨਵੀਂ ਚਾਦਰ ਵਿਛਾ ਕੇ  ਬਿਠਾਇਆ ਜਾਂਦਾ ਅਤੇ ਉਸ ਨੂੰ ਕੋਈ ਵੀ ਹੱਥ-ਪੱਖੀ ਦੇਣਾ ਨਾ ਭੁਲਦਾ। ਜੇ ਕੋਈ ਮਹਿਮਾਨ ਖ਼ਾਸ ਹੁੰਦਾ ਤਾਂ ਘਰ ਦੇ ਨਿਆਣਿਆਂ ਨੂੰ ਹੀ ਉਸ ਮਹਿਮਾਨ ਲਈ ਪੱਖੀ ਝੱਲਣ ਲਾ ਦਿਤਾ ਜਾਂਦਾ। ਬਸ ਇਹੀ ਇਕ ਵਸੀਲਾ ਸੀ ਗਰਮੀ ਤੋਂ ਬਚਣ ਦਾ। ਪਰ ਪਿੰਡਾਂ ਵਿਚ ਕੁੱਝ ਲੋਕ ਆਰਥਕ ਤੌਰ 'ਤੇ ਚੰਗੇ ਵੀ ਸਨ ਜਿਨ੍ਹਾਂ ਕੋਲ ਖੁਲ੍ਹੇ ਘਰ ਜਾਂ ਘਰ ਅੱਗੇ ਖੁਲ੍ਹੀਆਂ ਡਿਉਢੀਆਂ ਸਨ।

ਅਜਿਹੇ ਵੱਡੇ ਘਰਾਂ ਜਾਂ ਡਿਉਢੀਆਂ ਵਿਚ ਛੱਤ ਉਪਰ ਪੱਖੇ ਲਗਾ ਦਿਤਾ ਜਾਂਦੇ ਸਨ। ਇਹ ਪੱਖੇ ਅੱਜ ਵਾਲੇ ਬਿਜਲੀ ਵਾਲੇ ਪੱਖੇ ਨਹੀਂ ਸਨ, ਸਗੋਂ ਪੱਖੀ ਦੀ ਤਰ੍ਹਾਂ ਦੇ ਝਾਲਰਦਾਰ ਵੱਡੇ-ਵੱਡੇ ਛੱਜ ਵਾਂਗ ਬਣੇ ਪੱਖੇ ਹੁੰਦੇ ਸਨ, ਜੋ ਛੱਤ ਉਪਰ ਟੰਗੇ ਹੁੰਦੇ ਸਨ ਅਤੇ ਜਿਨ੍ਹਾਂ ਨੂੰ ਹੇਠਾਂ ਬੈਠ ਕੇ ਰੱਸੀ ਨਾਲ ਖਿੱਚਿਆ ਜਾਂਦਾ ਸੀ। ਇਹ ਪੱਖੇ ਕਾਫ਼ੀ ਵੱਡੇ ਸਨ, ਇਸ ਲਈ ਵੱਧ ਹਵਾ ਦਿੰਦੇ ਸਨ। ਦੂਜਾ ਇਨ੍ਹਾਂ ਨੂੰ ਚਲਾਉਣਾ ਬਹੁਤ ਸੌਖਾ ਸੀ। ਇਨ੍ਹਾਂ ਪੱਖਿਆਂ ਦੀ ਹਵਾ ਕਾਫ਼ੀ ਦੂਰ ਤਕ ਜਾਂਦੀ ਸੀ ਜਿਸ ਨਾਲ  ਜ਼ਿਆਦਾ ਲੋਕ ਇਕ ਪੱਖੇ ਹੇਠ ਬੈਠ ਕੇ ਹੀ ਹਵਾ ਲੈ ਸਕਦੇ ਸਨ ਅਤੇ ਗਰਮੀ ਤੋਂ ਬਚਾਅ ਹੁੰਦਾ ਸੀ।

ਸੱਭ ਤੋਂ ਵੱਡੀ ਗੱਲ ਇਹ ਹੁੰਦੀ ਸੀ ਕਿ ਇਹ ਪੱਖੇ ਛੱਤ ਉਪਰ ਲੱਗੇ ਬੜੇ ਸੋਹਣੇ ਲਗਦੇ ਸਨ। ਜਿਨ੍ਹਾਂ ਘਰਾਂ ਵਿਚ ਇਹ ਛੱਤ ਵਾਲੇ ਪੱਖੇ ਲੱਗੇ ਹੁੰਦੇ ਸਨ ਉਨ੍ਹਾਂ ਨੂੰ ਵੇਖਣ ਲਈ ਗਰਮੀ ਦੇ ਮਾਰੇ ਪਿੰਡਾਂ ਦੇ ਬੱਚੇ ਦੌੜ-ਦੌੜ ਜਾਂਦੇ ਅਤੇ ਰੱਸੀਆਂ ਖਿੱਚਣ ਦੀ ਵਾਰੀ ਲਈ ਅਪਣੀ ਡਿਊਟੀ ਲਗਵਾ ਲੈਂਦੇ। ਉਹ ਨਾਲੇ ਪੱਖੇ ਨੂੰ ਚਲਾਉਣ ਦਾ ਅਨੰਦ ਲੈਂਦੇ ਨਾਲੇ ਗਰਮੀ ਤੋਂ ਬਚ ਜਾਂਦੇ। ਕਈ ਘਰਾਂ ਦੀਆਂ ਡਿਉਢੀਆਂ ਵਿਚ ਤਾਂ ਔਰਤਾਂ ਦਰੀਆਂ ਬੁਣਨ ਦੇ ਪੱਕੇ ਅੱਡੇ ਬਣਾ ਲੈਂਦੀਆਂ ਅਤੇ ਉਪਰ ਛੱਤ ਵਾਲਾ ਇਹ ਵੱਡਾ ਪੱਖਾ ਵੀ ਲਗਵਾ ਲੈਂਦੀਆਂ।  

ਪਿੰਡਾਂ ਵਿਚ ਕਈ ਲੋਕ ਘਰ ਬੈਠ ਕੇ ਹੀ ਪੱਕੇ ਤੌਰ 'ਤੇ ਘਰ ਦਾ ਕੰਮ ਕਰਦੇ ਸਨ ਤਾਂ ਉਹ ਵੀ ਅਪਣੇ ਕੰਮ ਵਾਲੀ ਥਾਂ ਉਪਰ ਇਹ ਝਾਲਰੀ ਪੱਖਾ ਲਗਵਾ ਲੈਂਦੇ। ਕਈ ਬਾਣੀਏ ਜੋ ਦੁਕਾਨ ਦਾ ਕੰਮ ਕਰਦੇ ਸਨ ਉਹ ਤਾਂ ਇਸ ਪੱਖੇ ਦਾ ਪੂਰਾ-ਪੂਰਾ ਲਾਹਾ ਲੈਂਦੇ। ਗਾਹਕ ਵੀ ਭੁਗਤਦੇ ਰਹਿੰਦੇ ਅਤੇ ਵਿਹਲੇ ਹੋ ਕੇ ਰੱਸੀ ਵੀ ਖਿਚਦੇ ਰਹਿੰਦੇ।
ਉਨ੍ਹਾਂ ਦਿਨਾਂ ਵਿਚ ਕੁੱਝ ਹੱਥ ਨਾਲ ਝੱਲਣ ਵਾਲੇ ਵੱਡੇ ਪੱਖੇ ਵੀ ਬਣਾਏ ਜਾਂਦੇ ਸਨ, ਜਿਨ੍ਹਾਂ ਨੂੰ ਫੜਨ ਅਤੇ ਝੋਲਣ ਲਈ ਵਿਚਕਾਰ ਇਕ ਡੰਡਾ ਪਾਇਆ ਜਾਂਦਾ ਸੀ।

ਗਰਮੀ ਦੇ ਦਿਨਾਂ ਵਿਚ ਧਾਰਮਕ ਜਾਂ ਸਮਾਜਕ ਇਕੱਠ ਸਮੇਂ ਅਜਿਹੇ ਵੱਡੇ ਪੱਖਿਆਂ ਦੀ ਵਰਤੋਂ ਕੀਤੀ ਜਾਂਦੀ ਸੀ। ਇਹ ਪੱਖੇ ਛੋਟੀਆਂ ਪੱਖੀਆਂ ਦਾ ਵੱਡਾ ਰੂਪ ਹੀ ਹੁੰਦੇ ਸਨ ਪਰ ਜਦ ਤੋਂ ਪਿੰਡਾਂ ਵਿਚ ਬਿਜਲੀ ਆ ਗਈ ਹੈ ਤਾਂ ਹਰ ਘਰ ਵਿਚ ਬਿਜਲੀ ਦੇ ਪੱਖਿਆਂ ਨੇ ਹੀ ਅਪਣੇ ਪੈਰ ਜਮਾ ਲਏ ਹਨ। ਉਨ੍ਹਾਂ ਝਾਲਰੀ ਪੱਖਿਆਂ ਦੀ ਥਾਂ ਤਿੰਨ ਪਰਾਂ ਵਾਲੇ ਬਿਜਲੀ ਦੇ ਪੱਖੇ ਲਟਕਣ ਲੱਗੇ ਅਤੇ ਬਿਜਲੀ ਦਾ ਬਟਨ ਦਬਾਉਂਦੇ ਹੀ ਹਵਾ ਦੀ ਲੋੜ ਪੂਰੀ ਕਰ ਕੇ ਗਰਮੀ ਨੂੰ ਭਜਾਉਣ ਲੱਗੇ। ਲੋਕਾਂ ਨੂੰ ਵੀ ਬੜਾ ਸੁੱਖ ਜਿਹਾ ਲਗਿਆ।

ਵੱਡੇ-ਵੱਡੇ ਵਿਹੜਿਆਂ ਵਿਚ ਵੀ ਤੇਜ਼ ਰਫ਼ਤਾਰ ਫ਼ਰਾਟੇ ਪੱਖੇ ਬਿਜਲੀ ਨਾਲ ਚਲਦੇ ਹੋਏ ਹਵਾ ਮਾਰਨ ਲੱਗੇ। ਲੋਕ, ਹੱਥ ਪੱਖੇ ਜਾਂ ਛੱਤ ਵਾਲੇ ਵੱਡੇ ਦੇਸੀ ਪੱਖਿਆਂ ਨੂੰ ਭੁੱਲ ਗਏ।  ਇਥੋਂ ਤਕ ਕਿ ਉਨ੍ਹਾਂ ਪੇਂਡੂ ਵਿਆਹਾਂ ਵਿਚ ਦਾਜ ਲਈ ਰੱਖੀਆਂ ਸੋਹਣੀਆਂ ਕਢਾਈ ਵਾਲੀਆਂ ਪੱਖੀਆਂ ਦੀ ਥਾਂ ਵੀ ਟੇਬਲ ਫ਼ੈਨ ਨੇ ਲੈ ਲਈ ਅਤੇ ਹਰ ਗ਼ਰੀਬ-ਅਮੀਰ ਲੋਕ ਦਾਜ ਵਿਚ ਲੜਕੀ ਨੂੰ ਇਹ ਪੱਖੇ ਦੇਣ ਲੱਗ ਪਏ।

ਜਿਉਂ ਜਿਉਂ ਮਨੁੱਖ ਦੇਸੀ ਛੱਤ ਵਾਲੇ ਪੱਖਿਆਂ ਤੋਂ ਦੂਰ ਜਾਂਦਾ ਗਿਆ ਤਿਉਂ ਤਿਉਂ ਘਰਾਂ ਵਿਚ ਵੀ ਬਿਜਲੀ ਪੱਖਿਆਂ ਦੀ ਥਾਂ ਕੂਲਰਾਂ ਨੇ ਲੈ ਲਈ ਅਤੇ ਬਹੁਤੇ ਰੱਜੇ-ਪੁਜੇ ਘਰਾਂ ਵਿਚ ਤਾਂ ਏਸੀ ਵੀ ਆ ਗਿਆ। ਹੁਣ ਤਾਂ ਇਹ ਹਾਲਾਤ ਹਨ ਕਿ ਸ਼ਹਿਰਾਂ ਵਿਚ ਤਾਂ ਇਕ ਇਕ ਘਰ ਵਿਚ ਕਈ ਕਈ ਏਸੀ ਲੱਗੇ ਹੋਏ ਹਨ।  ਪੰਜਾਬ ਦੇ ਪਿੰਡਾਂ ਵਿਚ ਵੀ ਹੁਣ ਮਹਿਮਾਨ ਨੂੰ ਨਿੰਮ ਹੇਠ ਮੰਜਾ ਡਾਹ ਕੇ ਪੱਖੀ ਦੇਣ ਦੀ ਥਾਂ ਏਸੀ ਵਾਲੇ ਕਮਰੇ ਵਿਚ ਹੀ ਬਿਠਾਇਆ ਜਾਂਦਾ ਹੈ।  

ਅੱਜ ਵਿਗਿਆਨਕ ਸਹੂਲਤ ਦਾ ਹਰ ਕੋਈ ਫ਼ਾਇਦਾ ਲੈਣਾ ਚਾਹੁੰਦਾ ਹੈ ਅਤੇ ਜ਼ਮਾਨੇ ਦੀ ਗਤੀ ਵੀ ਬੜੀ ਤੇਜ਼ੀ ਨਾਲ ਬਦਲਦੀ ਵੇਖੀ ਗਈ ਹੈ।  ਪਰ ਜੋ ਸੁੱਖ ਤੇ ਚੈਨ ਕੁਦਰਤੀ ਵਾਤਾਵਰਣ ਵਿਚ ਰਹਿ ਕੇ ਉਨ੍ਹਾਂ ਛੱਤ ਵਾਲੇ ਝਾਲਰੀ ਪੱਖਿਆਂ ਹੇਠ ਮਿਲਦਾ ਸੀ ਉਹ ਅੱਜ ਏਸੀ ਲੱਗੇ ਹੋਏ ਬੰਦ ਕਮਰਿਆਂ ਵਿਚ ਨਹੀਂ ਲਭਦਾ। ਬਹੁਤ ਸਾਰੇ ਲੋਕ ਤਾਂ ਏਸੀ ਦੀ ਹਵਾ ਨਾਲ ਬਿਮਾਰ ਹੋ ਜਾਂਦੇ ਹਨ ਅਤੇ ਕੁਦਰਤ ਅਤੇ ਕੁਦਰਤੀ ਹਵਾ ਤੋਂ ਦੂਰ ਰਹਿ  ਕੇ ਬਿਮਾਰੀਆਂ ਸਹੇੜ ਬੈਠਦੇ ਹਨ।

ਸਾਡੇ ਪੁਰਾਣੇ ਪੱਖੇ, ਪੱਖੀਆਂ ਅਤੇ ਉਹ ਝਾਲਰੀ ਪੱਖੇ ਸਾਡੇ ਸਭਿਆਚਾਰ ਦਾ ਅੰਗ ਵੀ ਬਣੇ ਰਹੇ ਹਨ।  ਅੱਜ ਕੱਲ੍ਹ ਦੇ ਬੱਚਿਆਂ ਨੇ ਤਾਂ ਉਹ ਪੱਖੇ ਵੇਖੇ ਹੀ ਨਹੀਂ ਹਨ।  ਇਸ ਦੇ ਨਾਲ ਹੀ ਅੱਜ ਦੀਆਂ ਕੁੜੀਆਂ ਵੀ ਇਹ ਗੀਤ ਭੁੱਲ ਗਈਆਂ ਹਨ ਕਿ -
ਵੇ! ਲੈ ਦੇ ਮੈਨੂੰ ਮਖ਼ਮਲ ਦੀ ਪੱਖੀ ਘੁੰਗਰੂਆਂ ਵਾਲੀ...
ਕੁੱਝ ਵੀ ਹੋਵੇ ਸਾਰੇ ਮਾਪਿਆਂ ਅਤੇ ਅਧਿਆਪਕਾਂ ਦਾ ਫ਼ਰਜ਼ ਬਣਦਾ ਹੈ ਕਿ ਉਹ ਅਪਣੇ ਬੱਚਿਆਂ ਨੂੰ ਪੰਜਾਬੀ ਸਭਿਆਚਾਰ ਬਾਰੇ ਜ਼ਰੂਰ ਦਸਦੇ ਰਹਿਣ ।

-ਮੋਬਾਈਲ : 98764-52223