ਹਾਸ਼ੀਏ ’ਤੇ ਜਾ ਰਿਹੈ ਕਿਰਤ ਅਤੇ ਕਲਾ ਦਾ ਉਤਮ ਨਮੂਨਾ ‘ਮਿੱਟੀ ਦਾ ਦੀਵਾ’
ਕਿਰਤ ਅਤੇ ਕਲਾ ਦੇ ਇਸ ਉਤਮ ਨਮੂਨੇ ਦਾ ਲਗਾਤਾਰ ਹਾਸ਼ੀਏ ਵਲ ਜਾਣਾ ਸਾਡੇ ਆਧੁਨਿਕ ਹੋਣ ’ਤੇ ਵੱਡਾ ਸਵਾਲ ਹੈ।
ਸਮੇਂ ਦੀ ਤਬਦੀਲੀ ਨਾਲ ਮਨੁੱਖੀ ਸਭਿਆਚਾਰ ਵੀ ਤਬਦੀਲ ਹੁੰਦਾ ਰਹਿੰਦਾ ਹੈ। ਤਿੱਥਾਂ ਤਿਉਹਾਰਾਂ ਅਤੇ ਖ਼ੁਸ਼ੀਆਂ ਦੇ ਮੌਕੇ ਮਨਾਉਣ ਦੇ ਤਰੀਕਿਆਂ ਅਤੇ ਸਲੀਕਿਆਂ ਵਿਚ ਵੀ ਪ੍ਰੀਵਰਤਨ ਵੇਖਣ ਨੂੰ ਮਿਲਦਾ ਰਹਿੰਦਾ ਹੈ। ਇਸ ਪ੍ਰੀਵਰਤਨ ਦੀ ਬਦੌਲਤ ਉੱਤਰੀ ਭਾਰਤ ਦੇ ਪ੍ਰਮੁੱਖ ਤਿਉਹਾਰ ਦੀਵਾਲੀ ਦੇ ਮਨਾਉਣ ਵਿਚ ਵੀ ਤਬਦੀਲੀ ਵੇਖਣ ਨੂੰ ਮਿਲ ਰਹੀ ਹੈ। ਕਿਸੇ ਸਮੇਂ ਦੀਵਾਲੀ ਦਾ ਕੇਂਦਰ ਬਿੰਦੂ ਰਹਿਣ ਵਾਲਾ ‘ਮਿੱਟੀ ਦਾ ਦੀਵਾ’ ਲਗਾਤਾਰ ਹਾਸ਼ੀਏ ਵਲ ਧਕੇਲਿਆ ਜਾ ਰਿਹਾ ਹੈ। ਬਿਜਲਈ ਲੜੀਆਂ ਦੀ ਆਮਦ ਨਾਲ ਮਿੱਟੀ ਦੇ ਦੀਵੇ ਦੀ ਮੰਗ ਤੇਜ਼ੀ ਨਾਲ ਘੱਟ ਰਹੀ ਹੈ।
ਮਿੱਟੀ ਦਾ ਦੀਵਾ ਅਪਣੇ ਆਪ ਵਿਚ ਕਿਰਤ ਅਤੇ ਕਲਾ ਦੀ ਵਿਲੱਖਣ ਪੇਸ਼ਕਾਰੀ ਹੈ। ਪੁਰਤਾਨ ਸਮਿਆਂ ’ਚ ਮਿੱਟੀ ਦਾ ਦੀਵਾ ਨਾ ਕੇਵਲ ਦੀਵਾਲੀ ਮੌਕੇ ਸਗੋਂ ਰੋਜ਼ਮਰਾ ਦੌਰਾਨ ਵੀ ਰਾਤਾਂ ਨੂੰ ਰੌਸ਼ਨੀਆਂ ਕਰਨ ਦਾ ਮੁੱਖ ਸ੍ਰੋਤ ਸੀ। ਉਨ੍ਹਾਂ ਸਮਿਆਂ ਵਿਚ ਵਪਾਰੀਕਰਨ ਅਤੇ ਬਾਜ਼ਾਰੀਕਰਨ ਦਾ ਬੋਲਬਾਲਾ ਨਾ ਹੋਣ ਕਾਰਨ ਸਮਾਜ ਵਿਚ ਲੋਕ ਇਕ ਦੂਜੇ ’ਤੇ ਨਿਰਭਰ ਸਨ ਅਤੇ ਇਹ ਆਪਸੀ ਨਿਰਭਰਤਾ ਹੀ ਆਮ ਲੋਕਾਂ ਦੇ ਗੂੜ੍ਹੇ ਸਬੰਧਾਂ ਦਾ ਮੁੱਖ ਆਧਾਰ ਸੀ। ਅਜੋਕੇ ਸਮੇਂ ਵਿਚ ਘਟਦੀ ਆਪਸੀ ਨਿਰਭਰਤਾ ਸਮਾਜ ’ਚ ਤਰੇੜਾਂ ਪੈਦਾ ਕਰਨ ਦਾ ਵੱਡਾ ਸਬੱਬ ਬਣੀ ਹੈ। ਪੁਰਾਤਨ ਸਮਿਆਂ ਵਿਚ ਆਮ ਲੋਕਾਂ ਦੀਆਂ ਤਮਾਮ ਜ਼ਰੂਰਤਾਂ ਦੀ ਪੂਰਤੀ ਪਿੰਡਾਂ ਵਿਚੋਂ ਹੀ ਹੋ ਜਾਂਦੀ ਸੀ। ਸ਼ਹਿਰ ਜਾਣ ਦਾ ਰੁਝਾਨ ਅੱਜ ਵਾਂਗ ਵਿਆਪਕ ਨਹੀਂ ਸੀ।
ਪੁਰਾਣੇ ਸਮਿਆਂ ਵਿਚ ਧਾਤਾਂ ਦਾ ਇਸਤੇਮਾਲ ਵੀ ਨਾਂਹ ਦੇ ਬਰਾਬਰ ਹੀ ਸੀ। ਖਾਣਾ ਬਣਾਉਣ ਅਤੇ ਖਾਣ ਤੋਂ ਲੈ ਕੇ ਤਮਾਮ ਵਸਤਾਂ ਦੀ ਸਾਂਭ ਸੰਭਾਲ ਲਈ ਮਿੱਟੀ ਦੇ ਬਰਤਨਾਂ ਦਾ ਇਸਤੇਮਾਲ ਕੀਤਾ ਜਾਂਦਾ ਸੀ। ਪਿੰਡਾਂ ’ਚ ਵਸਦੇ ਪਰਜਾਪਤ ਜਾਤੀ ਦੇ ਲੋਕ ਇਸ ਤਰ੍ਹਾਂ ਦੇ ਬਰਤਨ ਘੜੇ, ਧੌਲੇ ਤਪਲੇ, ਝਾਰੀਆਂ ਅਤੇ ਕੁੱਜੇ ਆਦਿ ਬਣਾਉਣ ਦੇ ਨਾਲ ਨਾਲ ਦੀਵੇ ਵੀ ਤਿਆਰ ਕੀਤੇ ਜਾਂਦੇ ਸਨ। ਪਰਜਾਪਤ ਪ੍ਰਵਾਰਾਂ ਵਲੋਂ ਵਸਤਾਂ ਕਿਸਾਨ ਪ੍ਰਵਾਰਾਂ ਨੂੰ ਕਣਕ ਆਦਿ ਅਨਾਜ ਅਤੇ ਪਸ਼ੂਆਂ ਦੇ ਹਰੇ ਚਾਰੇ ਬਦਲੇ ਕਿਸਾਨ ਪ੍ਰਵਾਰਾਂ ਨੂੰ ਦਿਤੀਆਂ ਜਾਂਦੀਆਂ ਸਨ। ਬਾਕੀ ਜਾਤੀਆਂ ਦੇ ਪ੍ਰਵਾਰ ਵੀ ਅਪਣੀ ਜ਼ਰੂਰਤ ਅਨੁਸਾਰ ਪਰਜਾਪਤ ਪ੍ਰਵਾਰਾਂ ਤੋਂ ਇਹ ਵਸਤਾਂ ਖ਼ਰੀਦ ਲੈਂਦੇ ਸਨ।
ਮਿੱਟੀ ਦੇ ਬਰਤਨ ਅਤੇ ਮਿੱਟੀ ਦੇ ਦੀਵੇ ਕਿਰਤ ਦੇ ਨਾਲ-ਨਾਲ ਕਲਾ ਦਾ ਵੀ ਉਤਮ ਨਮੂਨਾ ਹੁੰਦੇ ਹਨ। ਇਨ੍ਹਾਂ ਨੂੰ ਤਿਆਰ ਕਰਨ ਲਈ ਵਿਸ਼ੇਸ਼ ਮੁਹਾਰਤ ਦੀ ਜ਼ਰੂਰਤ ਪੈਂਦੀ ਹੈ। ਮਿੱਟੀ ਦੇ ਦੀਵੇ ਪਿੱਛੇ ਵੀ ਇਕ ਕਾਰੀਗਰ ਦੀ ਸਖ਼ਤ ਮਿਹਨਤ ਛੁਪੀ ਹੁੰਦੀ ਹੈ। ਇਸ ਨੂੰ ਤਿਅਰ ਕਰਨ ਲਈ ਪਰਜਾਪਤ ਪ੍ਰਵਾਰਾਂ ਵਲੋਂ ਪਹਿਲਾਂ ਕਾਲੀ ਮਿੱਟੀ ਲਿਆ ਕੇ ਉਸ ਨੂੰ ਬੜੀ ਮਿਹਨਤ ਨਾਲ ਕੁੱਟ ਕੇ ਬਾਰੀਕ ਕੀਤਾ ਜਾਂਦਾ ਹੈ। ਅੱਜਕਲ ਇਹ ਕਾਲੀ ਮਿੱਟੀ ਬੜੀ ਮੁਸ਼ਕਲ ਨਾਲ ਮਹਿੰਗੇ ਰੇਟਾਂ ’ਤੇ ਉਪਲਬਧ ਹੁੰਦੀ ਹੈ। ਮਹੀਨ ਕੀਤੀ ਕਾਲੀ ਮਿੱਟੀ ਨੂੰ ਪਾਣੀ ਵਿਚ ਭਿਉਣ ਉਪਰੰਤ ਆਟੇ ਵਾਂਗ ਗੁੰਨਿ੍ਹਆ ਜਾਂਦਾ ਹੈ। ਇਸ ਗੁੰਨ੍ਹੀ ਹੋਈ ਮਿੱਟੀ ਨੂੰ ਚੱਕ ’ਤੇ ਚਾੜ੍ਹ ਕੇ ਬੜੀ ਕਾਰੀਗਰੀ ਨਾਲ ਲੋੜੀਂਦਾ ਆਕਾਰ ਦਿਤਾ ਜਾਂਦਾ ਹੈ।
ਮਿੱਟੀ ਦੇ ਤਮਾਮ ਬਰਤਨ ਅਤੇ ਦੀਵੇ ਬਣਾਉਣ ਦਾ ਤਰੀਕਾ ਇਹੋ ਹੀ ਹੈ। ਗਿੱਲੀ ਮਿੱਟੀ ਨੂੰ ਚੱਕ ’ਤੇ ਰੱਖ ਕੇ ਚੱਕ ਨੂੰ ਮਸ਼ੀਨ ਦੀ ਤੇਜ਼ੀ ਨਾਲ ਘੁੰਮਾਇਆ ਜਾਂਦਾ ਹੈ। ਤੇਜ਼ ਘੁੰਮਦੇ ਚੱਕ ’ਤੇ ਮਿੱਟੀ ਨੂੰ ਹੱਥਾਂ ਦੀ ਕਾਰੀਗਰੀ ਨਾਲ ਮਨਚਾਹਿਆ ਆਕਾਰ ਦੇਣ ਉਪਰੰਤ ਮਜ਼ਬੂਤ ਧਾਗੇ ਨਾਲ ਕੱਟ ਕੇ ਬਾਕੀ ਮਿੱਟੀ ਤੋਂ ਵੱਖ ਕਰ ਲਿਆ ਜਾਂਦਾ ਹੈ। ਇਸ ਤਰੀਕੇ ਤਿਆਰ ਕੀਤੇ ਦੀਵਿਆਂ ਨੂੰ ਸੁਕਾਉਣ ਲਈ ਧੁੱਪ ਵਿਚ ਚਿਣਿਆ ਜਾਂਦਾ ਹੈ। ਪਰਜਾਪਤ ਕਾਰੀਗਰਾਂ ਵਲੋਂ ਬਹੁਤ ਸਾਰੀਆਂ ਕਿਸਮਾਂ ਅਤੇ ਅਕਾਰਾਂ ਦੇ ਦੀਵੇ ਤਿਆਰ ਕੀਤੇ ਜਾਂਦੇ ਹਨ। ਦੀਵਾਲੀ ਲਈ ਸਾਧਾਰਣ ਦੀਵੇ ਤਿਆਰ ਕਰਨ ਦੇ ਨਾਲ ਮਸ਼ਾਲ ਅਤੇ ਚੌਮੁਖੇ ਦੀਵਿਆਂ ਸਮੇਤ ਅੱਜਕਲ ਕਈ ਤਰ੍ਹਾਂ ਦੇ ਆਕਰਸ਼ਕ ਅਤੇ ਰੰਗ ਬਿਰੰਗੇ ਦੀਵੇ ਵੀ ਤਿਆਰ ਕੀਤੇ ਜਾਂਦੇ ਹਨ।
ਧਾਤ ਦੇ ਬਰਤਨਾਂ ਦੀ ਆਮਦ ਨੇ ਜਿਥੇ ਮਿੱਟੀ ਦੇ ਬਰਤਨਾਂ ਦੀ ਮੰਗ ਵਿਚ ਕਮੀ ਕਰ ਦਿਤੀ ਉੱਥੇ ਹੀ ਮਿੱਟੀ ਦੇ ਦੀਵੇ ਦੀ ਸਰਦਾਰੀ ਨੂੰ ਵੀ ਲਗਾਤਾਰ ਖੋਰਾ ਲੱਗ ਰਿਹਾ ਹੈ। ਕੋਈ ਸਮਾਂ ਸੀ ਜਦੋਂ ਪਰਜਾਪਤ ਪ੍ਰਵਾਰਾਂ ਵਲੋਂ ਦਿਵਾਲੀ ਮੌਕੇ ਸਭ ਘਰਾਂ ਵਿੱਚ ਹੀ ਦੀਵੇ ਪਹੁੰਚਾ ਦਿਤੇ ਜਾਂਦੇ ਸਨ। ਪ੍ਰਵਾਰ ਦੀਆਂ ਬਜ਼ੁਰਗ ਔਰਤਾਂ ਮਿੱਟੀ ਦੇ ਦੀਵਿਆਂ ਨੂੰ ਪਹਿਲਾਂ ਪਾਣੀ ਵਿਚ ਭਿਉਂ ਕੇ ਦੀਵੇ ਦੀ ਖੁਸ਼ਕੀ ਦੂਰ ਕਰਦੀਆਂ ਸਨ। ਅਜਿਹਾ ਕਰਨ ਨਾਲ ਦੀਵੇ ਵਿਚ ਪੈਣ ਵਾਲੇ ਸਰੋ੍ਹਂ ਦੇ ਤੇਲ ਦੀ ਖਪਤ ਘੱਟ ਜਾਂਦੀ ਸੀ। ਫਿਰ ਬਹੁਤ ਹੀ ਚਾਵਾਂ ਨਾਲ ਰੂੰ ਦੀਆਂ ਬੱਤੀਆਂ ਤਿਆਰ ਕੀਤੀਆਂ ਜਾਂਦੀਆਂ ਸਨ ਅਤੇ ਹਨੇਰਾ ਹੋਣ ’ਤੇ ਬੜੇ ਚਾਵਾਂ ਨਾਲ ਮਿੱਟੀ ਦੇ ਦੀਵੇ ਲਗਾਏ ਜਾਂਦੇ ਸਨ। ਘਰਾਂ ਦੇ ਬਨੇੇਰਿਆਂ ਅਤੇ ਹੋਰ ਸਥਾਨਾਂ ’ਤੇ ਜਗਦੇ ਮਿੱਟੀ ਦੇ ਦੀਵੇ ਵਖਰਾ ਹੀ ਨਜ਼ਾਰਾ ਪੇਸ਼ ਕਰਦੇ ਸਨ।
ਅੱਜਕਲ ਦੀਆਂ ਕੁੜੀਆਂ ਨੂੰ ਰੂੰ ਦੀਆਂ ਬੱਤੀਆਂ ਨਹੀਂ ਵੱਟਣੀਆਂ ਆਉਂਦੀਆਂ। ਇਸੇ ਲਈ ਰੈਡੀਮੇਡ ਬੱਤੀਆਂ ਨੇ ਘਰਾਂ ਵਿਚ ਵੱਟੀਆਂ ਬੱਤੀਆਂ ਦੀ ਜਗ੍ਹਾ ਲੈ ਲਈ ਹੈ। ਅੱਜਕਲ ਦੀਵਾਲੀ ਮੌਕੇ ਮਿੱਟੀ ਦੇ ਦੀਵੇ ਤਾਂ ਸਿਰਫ਼ ਸ਼ਗਨ ਦੀ ਪੂਰਤੀ ਲਈ ਹੀ ਜਗਾਏ ਜਾਂਦੇ ਹਨ। ਘਰਾਂ ਨੂੰ ਰੁਸ਼ਨਾਉਣ ਲਈ ਤਾਂ ਚੀਨੀ ਬਿਜਲਈ ਲੜੀਆਂ ਦਾ ਇਸਤੇਮਾਲ ਹੀ ਧੜੱਲੇ ਨਾਲ ਕੀਤਾ ਜਾਣ ਲੱਗਿਆ ਹੈ। ਬਿਜਲਈ ਲੜੀਆਂ ਦਾ ਇਸਤੇਮਾਲ ਜਾਨ ਲੇਵਾ ਹਾਦਸਿਆਂ ਦੇ ਵਾਪਰਨ ਦਾ ਵੀ ਸਬੱਬ ਵੀ ਅਕਸਰ ਬਣਦਾ ਰਹਿੰਦਾ ਹੈ। ਮਿੱਟੀ ਦੇ ਦੀਵੇ ਦਾ ਇਸਤੇਮਾਲ ਵਾਤਵਾਰਣ ਲਈ ਵੀ ਚੰਗਾ ਮੰਨਿਆ ਗਿਆ ਹੈ। ਕਿਰਤ ਅਤੇ ਕਲਾ ਦੇ ਇਸ ਉਤਮ ਨਮੂਨੇ ਦਾ ਲਗਾਤਾਰ ਹਾਸ਼ੀਏ ਵਲ ਜਾਣਾ ਸਾਡੇ ਆਧੁਨਿਕ ਹੋਣ ’ਤੇ ਵੱਡਾ ਸਵਾਲ ਹੈ। ਬਿੰਦਰ ਸਿੰਘ ਖੁੱਡੀ ਕਲਾਂ- 98786-05965