ਪੰਜਾਬੀ ਸਭਿਆਚਾਰ ਵਿਚੋਂ ਅਲੋਪ ਹੋਏ 'ਹੱਥ ਪੱਖੇ'

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਕਲਾ ਤੇ ਡਿਜ਼ਾਈਨ

ਬੇਸ਼ੱਕ ਅਸੀ AC, ਬਿਜਲੀ ਪੱਖਿਆਂ ਅਤੇ ਕੂਲਰਾਂ ਦਾ ਭਰਪੂਰ ਅਨੰਦ ਮਾਣ ਰਹੇ ਹਾਂ ਪਰ ਫਿਰ ਵੀ ਹੱਥ ਪੱਖਿਆਂ ਦੀ ਅਪਣੀ ਹੀ ਪਛਾਣ ਹੈ

'Hand fans'

ਬੇਸ਼ੱਕ ਅਸੀ ਏ.ਸੀ., ਬਿਜਲੀ ਪੱਖਿਆਂ ਅਤੇ ਕੂਲਰਾਂ ਦਾ ਭਰਪੂਰ ਅਨੰਦ ਮਾਣ ਰਹੇ ਹਾਂ ਪਰ ਫਿਰ ਵੀ ਹੱਥ ਪੱਖਿਆਂ ਦੀ ਅਪਣੀ ਹੀ ਪਛਾਣ ਹੈ | ਕੋਈ ਵੇਲਾ ਸੀ ਜਦੋਂ ਹੱਥ ਪੱਖੇ ਘਰਾਂ 'ਚ ਬੜੇ ਚਾਅ ਨਾਲ ਬੁਣੇ ਜਾਂਦੇ ਸਨ | ਔਰਤਾਂ ਦਾ ਹੱਥ-ਪੱਖੇ, ਪੱਖੀਆਂ, ਦਰੀਆਂ, ਮੰਜੇ-ਪੀੜ੍ਹੀਆਂ ਬੁਣਨਾ ਆਮ ਸ਼ੌਂਕ ਸੀ ਜੋ ਕਿ ਘਰ ਦੀ ਲੋੜ ਨੂੰ  ਵੀ ਪੂਰਾ ਕਰਦਾ ਸੀ | ਹੱਥ ਪੱਖੇ, ਹੱਥ ਪੱਖੀ ਦੀ ਤਰ੍ਹਾਂ ਹੀ ਬੁਣੇ ਜਾਂਦੇ ਸਨ ਪਰ ਆਕਾਰ ਵਿਚ ਹੱਥ ਪੱਖੀਆਂ ਨਾਲੋਂ ਵੱਡੇ ਹੁੰਦੇ ਸਨ |

ਪਹਿਲਾਂ ਹੱਥ ਪੱਖੇ ਦਾ ਚੱਕਰਦਾਰ ਤਾਰ, ਜਿਸ ਨਾਲ ਮੁੱਠੀਨੁਮਾ ਹੱਥੀ ਜੜਤ ਹੁੰਦੀ ਸੀ, ਫ਼ਰੇਮ ਬਾਜ਼ਾਰ ਵਿਚੋਂ ਖ਼ਰੀਦਿਆਂ ਜਾਂਦਾ, ਫਿਰ ਉਸ 'ਤੇ ਕੁੜੀਆਂ ਰੰਗਦਾਰ ਰੇਸ਼ਮੀ ਧਾਂਗਿਆਂ ਦਾ ਤਾਣਾ ਪਾਉਂਦੀਆਂ | ਫਿਰ ਸੂਈ ਵਿਚ ਧਾਗਾ ਪਾ ਕੇ ਉਸ ਨੂੰ  ਬੁਣਿਆਂ ਜਾਂਦਾ ਸੀ | ਹੱਥ ਪੱਖੇ ਨੂੰ  ਕੁੜੀਆਂ ਬੜੀ ਮਿਹਨਤ ਨਾਲ ਬੁਣਦੀਆ | ਪੱਖਿਆਂ ਉਤੇ ਮੁਟਿਆਰਾਂ ਬੜੀਆਂ ਰੀਝਾਂ ਨਾਲ ਵੇਲ-ਬੂਟੇ ਤੇ ਮੋਰ-ਘੁੱਗੀਆਂ ਆਦਿ ਦੇ ਨਮੂਨੇ ਪਾਉਂਦੀਆਂ |

ਅਜਿਹੇ ਨਮੂਨੇ ਪਾਏ ਜਾਂਦੇ ਕਿ ਦੇਖਣ ਵਾਲੇ ਦੀ ਭੁੱਖ ਲਹਿ ਜਾਂਦੀ | ਪੱਖਿਆਂ ਦੇ ਨਮੂਨੇ ਦੇਖਣਯੋਗ ਹੁੰਦੇ ਸਨ | ਵੰਨ-ਸੁਵੰਨੇ ਪੱਖੇ ਦੇਖ ਕੇ ਮਨ ਗਦਗਦ ਹੋ ਜਾਂਦਾ | ਜੇ ਕਿਸੇ ਦੇ ਪੱਖੇ ਦਾ ਨਮੂਨਾ ਬਹੁਤ ਹੀ ਵਖਰਾ ਹੁੰਦਾ ਤਾਂ ਉਸ ਤੋਂ ਉਹ ਹੱਥ ਪੱਖਾ ਦੋ-ਚਾਰ ਦਿਨ ਲਈ ਮੰਗ ਕੇ ਉਹੋ ਜਿਹਾ ਨਮੂਨਾ ਘਰ 'ਚ ਪਾ ਲਿਆ ਜਾਂਦਾ | ਪੱਖੇ ਨੂੰ  ਬੁਣਨ ਤੋਂ ਬਾਅਦ ਇਸ ਦੁਆਲੇ ਵਲਦਾਰ ਝਾਲਰ ਲਾਈ ਜਾਂਦੀ | ਝਾਲਰ ਇਕ ਖ਼ਾਸ ਨਮੂਨੇ ਦੀ ਬਣਾਈ ਜਾਂਦੀ ਸੀ, ਜਿਹੜੀ ਕਿ ਪੱਖੇ ਵਾਲੇ ਪਾਸਿਉ ਪਲੇਟ ਪਾ ਕੇ ਛੋਟੀ ਕੀਤੀ ਹੁੰਦੀ ਸੀ ਅਤੇ ਬਾਹਰੋਂ ਖੁਲ੍ਹੀ ਹੁੰਦੀ ਸੀ | 

ਝਾਲਰ ਵੀ ਏਨੀ ਪਿਆਰੀ ਲਗਾਈ ਹੁੰਦੀ ਕਿ ਦੇਖਣ ਵਾਲੇ ਦਾ ਮਨ ਮੋਹ ਲੈਂਦੀ | ਇਸ ਤਰ੍ਹਾਂ ਇਹ ਹੱਥ-ਪੱਖਾ ਝੱਲ ਮਾਰਨ ਲਈ ਤਿਆਰ ਹੋ ਜਾਂਦਾ | ਹੱਥ ਨਾਲ ਝੱਲਣ ਵਾਲੇ ਇਹ ਪੱਖੇ ਕਿਸੇ ਵੇਲੇ ਲੋਕਾਂ ਦਾ ਪਸੀਨਾ ਸੁਕਾਉਣ ਦੇ ਕੰਮ ਆਉਂਦੇ ਸਨ | ਇਹ ਪੱਖੇ ਆਮ ਤੌਰ 'ਤੇ ਸਮਾਜਕ ਤੇ ਧਾਰਮਕ ਇੱਕਠਾਂ ਵਿਚ ਵਰਤੇ ਜਾਂਦੇ ਸਨ | ਵਿਆਹ-ਸ਼ਾਦੀਆਂ ਵਿਚ ਲਾਵਾਂ-ਫੇਰਿਆਂ ਵੇਲੇ ਇਹ ਪੱਖੇ ਝੱਲੇ ਜਾਂਦੇ ਸਨ |

ਗੁਰਦਵਾਰਿਆਂ ਵਿਚ ਇਹ ਪੱਖੇ ਆਮ ਹੁੰਦੇ ਸਨ | ਗੁਰਦਵਾਰਿਆਂ ਦੇ ਇਕੱਠਾਂ ਵਿਚ ਸੰਗਤਾਂ ਦੀ ਸੇਵਾ ਇਨ੍ਹਾਂ ਦੀ ਸੇਵਾ ਇਨ੍ਹਾਂ ਪੱਖਿਆਂ ਨਾਲ ਕੀਤੀ ਜਾਂਦੀ ਸੀ | ਪੱਖਾ ਝੱਲਣ ਦੀ ਸੇਵਾ ਕਰਨੀ ਲੋਕ ਖ਼ੁਸ਼ਕਿਸਮਤੀ ਵਾਲਾ ਕੰਮ ਸਮਝਦੇ ਸਨ | ਗਰਮੀ ਦੇ ਮਹੀਨਿਆਂ ਵਿਚ ਵਹੁਟੀਆ ਵੀ ਰੀਝ ਕਰਦੀਆਂ ਕਿ ਕੰਤ ਉਨ੍ਹਾਂ ਨੂੰ  ਪੱਖੇ ਦੀ ਹਵਾ ਦੇਵੇ, ਤਾਹੀਉਂ ਤਾਂ ਲੋਕ ਗੀਤਾਂ ਵਿਚ ਇਸ ਦਾ ਜ਼ਿਕਰ ਇਸ ਤਰ੍ਹਾਂ ਆਉਂਦਾ ਹੈ:

ਤੂੰ ਸੌਵੇਂ ਮੈਂ ਪੱਖਾ ਝੱਲਦੀ, ਚੰਨ ਜਿਹਾ ਤੇਰਾ ਮੂੰਹ, 
ਮੇਰਾ ਵੀ ਜੀਅ ਕਰਦਾ ਸੌਵਾਂ, ਪੱਖਾ ਝੱਲੇਂ ਤੂੰ,
ਪਰ ਅੱਜਕਲ ਬਿਜਲਈ ਪੱਖਿਆਂ, ਕੂਲਰਾਂ, ਏ. ਸੀ. ਵਰਗੇ ਸਾਧਨਾਂ ਨੇ ਇਨ੍ਹਾਂ ਪੱਖਿਆਂ ਦੀ ਕਦਰ ਖ਼ਤਮ ਕਰ ਦਿਤੀ ਹੈ | ਪੱਖਿਆਂ ਦੇ ਜਾਣ ਨਾਲ ਪੱਖਾ ਝੱਲਣ ਦੀ ਸਾਂਝ ਤੇ ਪੱਖੇ ਬਣਾਉਣ ਦੀ ਇਹ ਕਲਾ ਵੀ ਖ਼ਤਮ ਹੋ ਰਹੀ ਹੈ |

-ਤਸਵਿੰਦਰ ਸਿੰਘ ਬੜੈਚ, ਪਿੰਡ: ਦੀਵਾਲਾ ਲੁਧਿਆਣਾ,, 98763-22677