ਬੀਤੇ ਕੱਲ ਦੇ ਪੰਜਾਬੀ ਵਿਆਹ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਕਲਾ ਤੇ ਡਿਜ਼ਾਈਨ

ਇਉਂ ਬਹਿ ਲੱਡੂ ਵਟਦੇ ਨਹੀਓਂ ਤੇ ਨਹੀਓਂ ਮੰਜੇ ਜੋੜ ਸਪੀਕਰ ਲਗਦੇ

Old Punjab

ਪੰਜਾਬ ਵਿਚ ਇਕ ਸਮਾਂ ਇਹੋ ਜਿਹਾ ਵੀ ਰਿਹਾ ਹੈ ਜਦੋਂ ਕਿਸੇ ਵਿਆਹ ਸ਼ਾਦੀ ਵੇਲੇ ਘਰ ਘਰ ਤੋਂ ਮੰਜੇ-ਬਿਸਤਰੇ ਇਕੱਠੇ ਕਰਨੇ, ਘਰਾਂ ਵਿਚ ਵਿਆਹ ਕਰਨੇ। ਸਾਰੇ ਪਿੰਡ ਵਾਲੇ ਘਰ ਵਿਚ ਹੀ ਦੁੱਧ ਦੇ ਜਾਇਆ ਕਰਦੇ ਸਨ ਅਤੇ ਘਰ ਦੁੱਧ ਦੇਣ ਜੋ ਵੀ ਪਿੰਡ ਦਾ ਸੱਜਣ ਆਉਂਦਾ ਸੀ, ਉਸ ਨੂੰ ਚਾਹ ਪਿਆਉਣੀ ਤੇ ਨਾਲ ਕੁੱਝ ਖਾਣ ਲਈ ਵੀ ਦੇਣਾ। ਦੋ ਤਿੰਨ ਦਿਨ ਪਹਿਲਾਂ ਹੀ ਕੋਠੇ ਉਪਰ ਮੰਜੇ ਜੋੜ ਕੇ ਸਪੀਕਰ ਲਾ ਦੇਣੇ।

ਉਹ ਸਮੇਂ ਬਹੁਤ ਚੰਗੇ ਸਨ, ਸਾਰੇ ਘਰਾਂ ਵਿਚ ਲਵੇਰਾ ਰਖਿਆ ਹੁੰਦਾ ਸੀ ਤੇ ਪਿੰਡ ਵਿਚੋਂ ਹੀ ਮਣਾਂ ਮੂੰਹੀਂ ਦੁੱਧ ਇਕੱਠਾ ਹੋ ਜਾਇਆ ਕਰਦਾ ਸੀ। ਕਦੇ ਵੀ ਦੁੱਧ ਮੁੱਲ ਲੈਣ ਦੀ ਨੌਬਤ ਨਹੀਂ ਸੀ ਆਉਂਦੀ। ਘਰਾਂ ਦੇ ਮੁੰਡੇ ਹੀ ਰਲਮਿਲ ਕੇ ਸੇਵਾ ਭਾਵਨਾ ਨਾਲ ਆਈ ਹੋਈ ਬਰਾਤ ਦੀ ਜਾਂ ਫਿਰ ਮੇਲ-ਗੇਲ ਦੀ ਸੇਵਾ ਕਰਦੇ ਸਨ। ਕੋਈ ਕਿਸੇ ਨਾਲ ਹੀਣ ਭਾਵਨਾ ਨਹੀਂ ਰਖਦਾ ਸੀ।

ਅੱਜ ਕਲ੍ਹ ਵਾਂਗ ਮਠਿਆਈਆਂ ਮੁੱਲ ਲੈਣ ਦਾ ਬਿਲਕੁਲ ਵੀ ਰਿਵਾਜ ਨਹੀਂ ਸੀ, ਸਗੋਂ ਵਿਆਹ ਵੇਲੇ ਘਰਾਂ ਵਿਚ ਹੀ ਹਲਵਾਈ ਬਿਠਾ ਕੇ ਮਨਮਰਜ਼ੀ ਨਾਲ ਲੱਡੂ, ਜਲੇਬੀਆਂ, ਸ਼ਕਰਪਾਰੇ, ਮੱਠੀਆਂ, ਪਕੌੜੀਆਂ ਅਤੇ ਪਕੌੜੇ ਆਦਿ ਬਣਾਏ ਜਾਂਦੇ ਸਨ। ਦੋ ਤਿੰਨ ਦਿਨ ਪਹਿਲਾਂ ਹੀ ਹਲਵਾਈ ਨੇ ਕੜਾਹੀ ਚੜ੍ਹਾ ਦੇਣੀ ਤੇ ਜਦੋਂ ਲੱਡੂ ਵਟਣੇ ਉਦੋਂ ਹੀ ਸ਼ਰੀਕੇ ਕਬੀਲੇ 'ਚੋਂ ਹਰ ਘਰ ਦਾ ਇਕ-ਇਕ ਬੰਦਾ ਕੜਾਹੀ 'ਤੇ ਬੁਲਾਉਣਾ ਤਾਕਿ ਹੱਥੋ- ਹੱਥੀ ਸਾਰੇ ਲੱਡੂ ਵੱਟ ਕੇ ਜਲਦੀ ਕੰਮ ਨਿਪਟਾ ਦਿਤਾ ਜਾਵੇ।

ਸਾਰਿਆਂ ਦਾ ਮਾਣ ਸਤਿਕਾਰ ਵੀ ਕੀਤਾ ਜਾਂਦਾ ਰਿਹਾ ਹੈ। ਇਕ ਦੋ ਦਿਨ ਪਹਿਲਾਂ ਮੰਗਣਾ (ਰੋਪਣਾ) ਪਾਉਣੀ ਤੇ ਅਗਲੇ ਹੀ ਦਿਨ ਬਰਾਤ ਲੈ ਕੇ ਜਾਣੀ ਤੇ ਘਰ ਘਰ ਦੇ ਇਕ-ਇਕ ਬੰਦੇ ਨੂੰ ਬਰਾਤ ਵਿਚ ਲੈ ਕੇ ਜਾਂਦੇ ਹੁੰਦੇ ਸੀ। ਮੰਗਣੇ (ਰੋਪਣਾ) 'ਤੇ ਆਏ ਪਿੰਡ ਦੀ ਪੰਚਾਇਤ ਤੇ ਸ਼ਰੀਕੇ ਅਤੇ ਪਿੰਡ ਵਾਲਿਆਂ ਨੂੰ ਚਾਹ ਪਾਣੀ ਪਿਆਇਆ ਜਾਂਦਾ ਤੇ ਰੰਗ ਬਿਰੰਗੇ ਕਾਗ਼ਜ਼ ਦੇ ਲਿਫ਼ਾਫ਼ਿਆਂ ਵਿਚ ਪਤਾਸੇ ਪਾ ਕੇ ਨਿਸ਼ਾਨੀ ਦੇ ਤੌਰ 'ਤੇ ਦਿਤੇ ਜਾਂਦੇ ਸਨ।

ਬੇਸ਼ੱਕ ਹੌਲੀ-ਹੌਲੀ ਇਹ ਨਿਸ਼ਾਨੀ ਪਤਾਸਿਆਂ ਤੋਂ ਬਦਲ ਕੇ ਫਿਰ ਚਾਰ ਲੱਡੂ ਪਾ ਕੇ ਦੇਣ ਦੀ ਵੀ ਰਹੀ ਹੈ। ਇਸੇ ਤਰ੍ਹਾਂ ਮੰਜੇ ਬਿਸਤਰੇ ਜਦ ਇਕੱਠੇ ਕਰਨੇ ਤਾਂ ਕਲਮ ਦਵਾਤ ਨਾਲ ਲੈ ਕੇ ਜਾਣੀ, ਬਿਸਤਰੇ ਅਤੇ ਮੰਜਿਆਂ 'ਤੇ ਨੰਬਰ ਲਾਉਣੇ ਅਤੇ ਕਾਰਜ ਸੰਪੰਨ ਹੋਣ ਤੋਂ ਬਾਅਦ ਸੱਭ ਨੇ ਅਪਣੇ ਅਪਣੇ ਮੰਜੇ ਬਿਸਤਰੇ ਪਛਾਣ ਕੇ ਲੈ ਜਾਣੇ। ਜੇਕਰ ਕੋਈ ਚਾਦਰ ਸਰ੍ਹਾਣਾ ਅੱਗੇ ਪਿੱਛੇ ਵੀ ਹੋ ਜਾਣਾ ਤਾਂ ਕਿਸੇ ਕਿਸਮ ਦਾ ਹਰਜਾਨਾ ਨਹੀਂ ਭਰਾਇਆ ਜਾਂਦਾ ਸੀ।

ਕੋਠੇ 'ਤੇ ਮੰਜੇ ਜੋੜ ਕੇ ਸਪੀਕਰ ਦੋ ਦਿਨ ਪਹਿਲਾਂ ਹੀ ਲਗਾ ਲੈਣਾ ਤੇ ਦੋ ਦਿਨ ਬਾਅਦ ਵੀ ਚਲਦਾ ਰਹਿੰਦਾ ਸੀ। ਵਿਆਹ ਕੇ ਲਿਆਉਣ ਤੋਂ ਬਾਅਦ ਦੂਸਰੇ ਦਿਨ ਮੁਕਲਾਵਾ ਲੈਣ ਜਾਇਆ ਕਰਦੇ ਸਨ ਤੇ ਉਦੋਂ ਤਕ ਵੀ ਸਪੀਕਰ ਲਗਿਆ ਰਹਿੰਦਾ ਸੀ। 

ਲਾਲ ਚੰਦ ਯਮਲਾ ਜੱਟ ਜੀ, ਸੁਰਿੰਦਰ ਕੌਰ ਪ੍ਰਕਾਸ਼ ਕੌਰ,ਕੇ ਦੀਪ ਜਗਮੋਹਨ ਕੌਰ,ਚਾਂਦੀ ਰਾਮ ਵਲੀਪੁਰੀਆ,ਆਸਾ ਸਿੰਘ ਮਸਤਾਨਾ ਜੀ, ਆਲਮ ਲੁਹਾਰ ਤੇ ਵਾਰਾਂ ਦਾ ਰਿਵਾਜ ਪੁਰਾਤਨ ਪੰਜਾਬ ਵਿਚ ਸਿਖ਼ਰਾਂ 'ਤੇ ਰਿਹਾ ਹੈ, ਜਿਸ ਨੂੰ ਕਿ ਸਾਡੇ ਪੁਰਖਿਆਂ ਦੀ ਫ਼ਰਮਾਇਸ਼ 'ਤੇ ਲਗਾਇਆ ਜਾਂਦਾ ਸੀ। ਕੋਈ ਬਹੁਤੇ ਧੂਮ ਧੜੱਕੇ ਵਾਲੇ ਸਾਜ਼ਾਂ ਵਾਲੇ ਗੀਤ ਨਹੀਂ ਸੀ ਹੁੰਦੇ, ਸਗੋਂ ਮਿੱਠਾ ਮਿੱਠਾ ਸਾਜ਼ ਕੰਨਾਂ ਵਿਚ ਰਸ ਘੋਲਦਾ ਸੀ। ਬਹੁਤ ਹੀ ਪਿਆਰ ਮੁਹੱਬਤ ਇਤਫ਼ਾਕ ਨਾਲ ਸਾਰੇ ਕਾਰਜ ਸੰਪੰਨ ਹੋਇਆ ਕਰਦੇ ਸਨ।

ਜਸਵੀਰ ਸ਼ਰਮਾ ਦੱਦਾਹੂਰ
ਮੋਬਾਈਲ : 95691-49556