ਮਾਝੇ ਦੀ ਮਨਪ੍ਰੀਤ ਕੌਰ ਦੇ ਹੱਥ ਦੀਆਂ ਬਣੀਆਂ ਫੁਲਕਾਰੀਆਂ ਵਿਦੇਸ਼ੀ ਪੰਜਾਬੀਆਂ ਦੀ ਪਹਿਲੀ ਪਸੰਦ
ਸਾਡਾ ਸਭਿਆਚਾਰ, ਵਿਰਸਾ ਅਤੇ ਪਿਛੋਕੜ ਪ੍ਰਦਰਸ਼ਨੀਆਂ ਦਾ ਹਿੱਸਾ ਬਣ ਕੇ ਰਹਿ ਗਿਆ ਹੈ।
ਅੱਜ-ਕਲ ਪਛਮੀ ਸਭਿਅਤਾ ਅਪਨਾਉਣ ਦੇ ਚੱਕਰ ਵਿਚ ਅਸੀਂ ਅਪਣੇ ਪੰਜਾਬ ਦੇ ਅਮੀਰ ਵਿਰਸੇ ਨੂੰ ਭੁਲਦੇ ਜਾ ਰਹੇ ਹਾਂ। ਸਾਡਾ ਸਭਿਆਚਾਰ, ਵਿਰਸਾ ਅਤੇ ਪਿਛੋਕੜ ਪ੍ਰਦਰਸ਼ਨੀਆਂ ਦਾ ਹਿੱਸਾ ਬਣ ਕੇ ਰਹਿ ਗਿਆ ਹੈ। ਪੁਰਾਣੇ ਸਮਿਆਂ ਵਿਚ ਦਰੀਆਂ, ਖੇਸੀਆਂ ਅਤੇ ਫੁਲਕਾਰੀਆਂ ਕਢਣੀਆਂ ਪੰਜਾਬਣਾਂ ਦਾ ਸ਼ੌਕ ਹੁੰਦਾ ਸੀ। ਪਰ ਅੱਜ-ਕਲ ਫੁਲਕਾਰੀਆਂ ਕਢਣੀਆਂ ਤਾਂ ਕੀ, ਪੰਜਾਬਣਾਂ ਫੁਲਕਾਰੀਆਂ ਲੈਂਦੀਆਂ ਹੀ ਨਹੀਂ। ਸਾਡੀ ਨਵੀਂ ਪੀੜ੍ਹੀ ਨੂੰ ਤਾਂ ਇਹ ਵੀ ਨਹੀਂ ਪਤਾ ਹੋਣਾ ਕਿ ਫੁਲਕਾਰੀ ਹੁੰਦੀ ਕੀ ਹੈ?
ਪਛਮੀ ਸਭਿਅਤਾ ਦੇ ਇਸ ਦੌਰ ਵਿਚ ਪੰਜਾਬ ਦੀ ਇਕ ਅਜਿਹੀ ਧੀ ਹੈ, ਜੋ ਅਪਣਾ ਵਿਰਸਾ ਸਾਂਭਣ ਲਈ ਯਤਨਸ਼ੀਲ ਅਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਘਰ ਵਿਚ ਆਰਥਕ ਤੰਗੀ ਹੋਣ ਕਾਰਨ ਮਨਪ੍ਰੀਤ ਅਪਣੇ ਪ੍ਰਵਾਰ ਦੀ ਮਦਦ ਕਰਨਾ ਚਾਹੁੰਦੀ ਸੀ। ਮਨਪ੍ਰੀਤ ਦੇ ਦਾਦੀ ਜੀ ਅਤੇ ਮਾਤਾ ਜੀ ਫੁਲਕਾਰੀਆਂ ਬਣਾਇਆ ਕਰਦੇ ਸਨ। ਇਕ ਦਿਨ ਅਚਾਨਕ ਮਨਪ੍ਰੀਤ ਦੀ ਨਜ਼ਰ ਅਪਣੀ ਦਾਦੀ ਜੀ ਦੇ ਟਰੰਕ ਵਿਚ ਪਈ ਫੁਲਕਾਰੀ ’ਤੇ ਪਈ ਤਾਂ ਉਨ੍ਹਾਂ ਨੇ ਸੋਚਿਆ ਕਿ ਕਿਉਂ ਨਾ ਫੁਲਕਾਰੀ ਬਣਾਉਣ ਦੇ ਕੰਮ ਨੂੰ ਇਕ ਕਾਰੋਬਾਰ ਦੇ ਰੂਪ ਵਿਚ ਸ਼ੁਰੂ ਕੀਤਾ ਜਾਵੇ।
ਅਪਣੀ ਇਸ ਸੋਚ ਨੂੰ ਹਕੀਕਤ ਵਿਚ ਬਦਲਣ ਲਈ ਮਨਪ੍ਰੀਤ ਨੇ ਅਪਣੇ ਦੋਸਤਾਂ ਨਾਲ ਅਪਣੇ ਵਿਚਾਰ ਸਾਂਝੇ ਕੀਤੇ। ਪਰ ਉਨ੍ਹਾਂ ਦੇ ਦੋਸਤਾਂ ਨੇ ਇਹ ਕਹਿ ਕੇ ਨਾਂਹ ਕਰ ਦਿਤੀ ਕਿ ਇਸ ਕਾਰੋਬਾਰ ਵਿਚ ਕੋਈ ਫ਼ਾਇਦਾ ਨਹੀਂ, ਅੱਜ-ਕਲ ਲੋਕ ਇਹ ਸੱਭ ਪਸੰਦ ਨਹੀਂ ਕਰਦੇ। ਸਾਰੇ ਕਹਿੰਦੇ ਸੀ ਕਿ ਇਸ ਕੰਮ ਵਿਚ ਕੋਈ ਫ਼ਾਇਦਾ ਨਹੀਂ। ਇਸ ਤੋਂ ਬਾਅਦ ਮਨਪ੍ਰੀਤ ਨੇ ਅਪਣੇ ਇਸ ਵਿਰਸੇ ਨੂੰ ਮੁੜ ਸੁਰਜੀਤ ਕਰਨ ਲਈ ਕੋਸ਼ਿਸ਼ਾਂ ਕਰਨੀਆਂ ਸ਼ੁਰੂ ਕਰ ਦਿਤੀਆਂ।
ਸੰਨ 2015 ਵਿਚ 5 ਔਰਤਾਂ ਦੇ ਇਕ ਗਰੁਪ ਦੀ ਮਦਦ ਨਾਲ ਸੱਭ ਤੋਂ ਪਹਿਲਾਂ ਉਨ੍ਹਾਂ ਨੇ ਪੰਜ ਫੁਲਕਾਰੀਆਂ ਬਣਾਈਆਂ। ਫੁਲਕਾਰੀਆਂ ਬਣਾਉਣ ਤੋਂ ਬਾਅਦ ਉਨ੍ਹਾਂ ਨੇ ਸੋਚਿਆ ਕਿ ਹੁਣ ਇਨ੍ਹਾਂ ਨੂੰ ਵੇਚਿਆ ਕਿਥੇ ਜਾਵੇ? ਇਸ ਉਦੇਸ਼ ਲਈ ਉਨ੍ਹਾਂ ਨੇ ਇੰਟਰਨੈੱਟ ’ਤੇ ਖੋਜ ਆਰੰਭ ਕੀਤੀ ਜਿਸ ਤੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਇਕ ਸਰਕਾਰੀ ਸੰਸਥਾ ਹੈ, ਜੋ ਫੁਲਕਾਰੀਆਂ ਦੀ ਖ਼ਰੀਦ ਕਰਦੀ ਹੈ। ਮਨਪ੍ਰੀਤ ਨੇ ਉਸ ਸੰਸਥਾ ਨੂੰ ਫੁਲਕਾਰੀਆਂ ਦਿਖਾਈਆਂ ਅਤੇ ਸੰਸਥਾ ਨੇ ਉਹ ਪੰਜ ਫੁਲਕਾਰੀਆਂ ਵੇਚਣ ਲਈ ਲੈ ਲਈਆਂ। ਇਹ ਸੰਸਥਾ ਫੁਲਕਾਰੀਆਂ ਦੇ ਪੈਸੇ ਉਦੋਂ ਦਿੰਦੀ ਸੀ, ਜਦ ਫੁਲਕਾਰੀਆਂ ਵਿਕ ਜਾਂਦੀਆਂ ਸੀ। ਇਸ ਕਾਰਨ ਮਨਪ੍ਰੀਤ ਹੁਰਾਂ ਨੂੰ ਪੈਸੇ ਦੋ-ਤਿੰਨ ਮਹੀਨਿਆਂ ਬਾਅਦ ਮਿਲਦੇ ਸੀ ਜਿਸ ਕਾਰਨ ਘਰ ਦਾ ਖ਼ਰਚਾ ਚਲਣਾ ਵੀ ਮੁਸ਼ਕਲ ਸੀ।
ਇਕ ਸਾਲ ਤਕ ਇਹ ਸਿਲਸਿਲਾ ਇਸ ਤਰ੍ਹਾਂ ਹੀ ਚਲਦਾ ਰਿਹਾ। ਇਕ ਸਾਲ ਤਕ ਇਸੇ ਤਰ੍ਹਾਂ ਚਲਣ ਤੋਂ ਬਾਅਦ ਉਨ੍ਹਾਂ ਨੇ ਸੋਚਿਆ ਕਿ ਇਸ ਤਰ੍ਹਾਂ ਤਾਂ ਕੰਮ ਨਹੀਂ ਚਲ ਸਕਦਾ ਕਿਉਂਕਿ ਉਨ੍ਹਾਂ ਨੇ ਗਰੁਪ ਦੇ ਬਾਕੀ ਮੈਂਬਰਾਂ ਨੂੰ ਵੀ ਪੈਸੇ ਦੇਣੇ ਹੁੰਦੇ ਸਨ। ਇਸ ਲਈ ਉਨ੍ਹਾਂ ਨੇ ਇੰਟਰਨੈੱਟ ਦੀ ਮਦਦ ਲਈ। ਸੋਸ਼ਲ ਮੀਡਿਆ ’ਤੇ ਪੇਜ ਬਣਾਏ। ਪਰ ਇਥੇ ਵੀ ਇਕ ਫੁਲਕਾਰੀ ਨੂੰ ਖ਼ਰੀਦਣ ਲਈ ਲੋਕ ਬਹੁਤੀ ਦਿਲਚਸਪੀ ਨਹੀਂ ਦਿਖਾਉਂਦੇ ਸਨ। ਇਸ ਕਾਰਨ ਮਨਪ੍ਰੀਤ ਨੇ ਸੋਚਿਆ ਕਿ ਜਿਸ ਚੀਜ਼ ਨੂੰ ਲੋਕ ਬੈਕਵਰਡ ਸਮਝਦੇ ਹਨ, ਕਿਉਂ ਨਾ ਇਸ ਨੂੰ ਇਕ ਮਾਡਰਨ ਦਿਖ ਦਿਤੀ ਜਾਵੇ?
ਮਨਪ੍ਰੀਤ ਦਾ ਇਹ ਤਰੀਕਾ ਕਾਫ਼ੀ ਹਦ ਤਕ ਕਾਰਗਰ ਸਾਬਤ ਹੋਇਆ। ਇਸ ਨਾਲ ਉਨ੍ਹਾਂ ਦੀਆਂ ਫੁਲਕਾਰੀਆਂ ਦੀ ਵਿਕਰੀ ਵੱਧ ਗਈ। ਇਸ ਗਰੁਪ ਵਿਚ ਸ਼ਹਿਰ ਦੀਆਂ 20-30 ਔਰਤਾਂ ਕੰਮ ਕਰਦੀਆਂ ਸਨ, ਪਰ ਮਨਪ੍ਰੀਤ ਇਸ ਕੰਮ ਵਿਚ ਪਿੰਡਾਂ ਦੀਆਂ ਔਰਤਾਂ ਨੂੰ ਵੀ ਅਪਣੇ ਨਾਲ ਜੋੜਨਾ ਚਾਹੁੰਦੇ ਸਨ, ਕਿਉਂਕਿ ਪਿੰਡਾਂ ਦੀਆਂ ਔਰਤਾਂ ਨੂੰ ਅਪਣੇ ਵਿਰਸੇ ਅਤੇ ਸਭਿਆਚਾਰ ਬਾਰੇ ਜ਼ਿਆਦਾ ਜਾਣਕਾਰੀ ਹੁੰਦੀ ਹੈ ਅਤੇ ਉਹ ਇਸ ਕੰਮ ਵਿਚ ਕਾਫ਼ੀ ਤਜਰਬਾ ਰਖਦੀਆਂ ਹਨ।
ਪਰ ਪਿੰਡਾਂ ਦੀਆਂ ਔਰਤਾਂ ਲਈ ਬਾਹਰ ਆ ਕੇ ਕੰਮ ਕਰਨਾ ਬਹੁਤ ਮੁਸ਼ਕਲ ਹੁੰਦਾ ਹੈ। ਇਸ ਲਈ ਅਪਣੇ ਨਾਲ ਜੁੜੀਆਂ ਪਿੰਡਾਂ ਦੀਆਂ ਔਰਤਾਂ ਨੂੰ ਮਨਪ੍ਰੀਤ ਆਪ ਘਰ ਜਾ ਕੇ ਫੁਲਕਾਰੀ ਬਣਾਉਣ ਦਾ ਸਮਾਨ ਦੇ ਕੇ ਆਉਂਦੇ ਹਨ, ਤਾਂ ਜੋ ਉਨ੍ਹਾਂ ਨੂੰ ਕੋਈ ਦਿੱਕਤ ਨਾ ਆਵੇ। ਮਨਪ੍ਰੀਤ ਦੇ ਇਸ ਉਦਮ ਨਾਲ ਉਨ੍ਹਾਂ ਔਰਤਾਂ ਨੂੰ ਰੁਜ਼ਗਾਰ ਮਿਲਿਆ, ਜੋ ਘਰ ਤੋਂ ਬਾਹਰ ਆ ਕੇ ਕੰਮ ਨਹੀਂ ਕਰ ਸਕਦੀਆਂ ਸਨ।
ਇੰਟਰਨੈੱਟ ’ਤੇ ਮਨਪ੍ਰੀਤ ਹੁਰਾਂ ਨੂੰ ਸੱਭ ਤੋਂ ਪਹਿਲਾਂ ਵਿਦੇਸ਼ ਤੋਂ ਆਰਡਰ ਮਿਲਿਆ। ਉਨ੍ਹਾਂ ਨੇ ਵਿਆਹ ਵਿਚ ਤੋਹਫ਼ੇ ਵਜੋਂ ਦੇਣ ਲਈ 40 ਫੁਲਕਾਰੀਆਂ ਦਾ ਆਰਡਰ ਦਿਤਾ। ਇਸ ਆਰਡਰ ਤਹਿਤ ਭੇਜੀਆਂ ਫੁਲਕਾਰੀਆਂ ਨੂੰ ਬਹੁਤ ਪਸੰਦ ਕੀਤਾ ਗਿਆ ਜਿਸ ਨਾਲ ਵਿਦੇਸ਼ਾਂ ਵਿਚ ਵੀ ਉਨ੍ਹਾਂ ਦੀਆਂ ਫੁਲਕਾਰੀਆਂ ਦੀ ਮੰਗ ਵੱਧ ਗਈ। ਵਿਦੇਸ਼ੀ ਮੀਡੀਆ ਨੇ ਵੀ ਮਨਪ੍ਰੀਤ ਦੇ ਗਰੁਪ ਦੀ ਬਹੁਤ ਮਦਦ ਕੀਤੀ। ਉਨ੍ਹਾਂ ਨੇ ਮਨਪ੍ਰੀਤ ਦਾ ਵੀਡੀਉ ਕਾਲ ਜ਼ਰੀਏ ਇੰਟਰਵਿਊ ਲੈ ਕੇ ਪ੍ਰਮੋਟ ਕੀਤਾ ਜਿਸ ਕਾਰਨ ਉਨ੍ਹਾਂ ਨੂੰ ਵਿਦੇਸ਼ਾਂ ਜਿਵੇਂ ਕਿ ਕੈਨੇਡਾ, ਅਮਰੀਕਾ ਵਿਚੋਂ ਹੋਰ ਬਹੁਤ ਸਾਰੇ ਆਰਡਰ ਮਿਲ ਰਹੇ ਹਨ।
- ਅਜੀਤ ਸਿੰਘ ਘਰਿਆਲਾ ਪੱਟੀ
62807-68443