ਡਿਜ਼ਾਇਨਰ ਨੇ ਇਨਸਾਨ ਦੀਆਂ ਹੱਡੀਆਂ ਨਾਲ ਬਣਾਇਆ 4 ਲੱਖ ਦਾ ਹੈਂਡਬੈਗ!

ਏਜੰਸੀ

ਜੀਵਨ ਜਾਚ, ਫ਼ੈਸ਼ਨ

ਇਕ ਡਿਜ਼ਾਇਨਰ ਅਜਿਹਾ ਹੈਂਡਬੈਗ ਵੇਚ ਰਿਹਾ ਹੈ, ਜਿਸ ਵਿਚ ਇਨਸਾਨ ਦੀ ਰੀੜ ਦੀ ਹੱਡੀ ਅਤੇ ਮਗਰਮੱਛ ਦੀ ਜੀਭ ਦੀ ਵਰਤੋਂ ਕੀਤੀ ਗਈ ਹੈ।

Photo

ਨਵੀਂ ਦਿੱਲੀ: ਇਕ ਡਿਜ਼ਾਇਨਰ ਅਜਿਹਾ ਹੈਂਡਬੈਗ ਵੇਚ ਰਿਹਾ ਹੈ, ਜਿਸ ਵਿਚ ਇਨਸਾਨ ਦੀ ਰੀੜ ਦੀ ਹੱਡੀ ਅਤੇ ਮਗਰਮੱਛ ਦੀ ਜੀਭ ਦੀ ਵਰਤੋਂ ਕੀਤੀ ਗਈ ਹੈ। ਇਸ ਹੈਂਡਬੈਗ ਦੀ ਕੀਮਤ 3 ਲੱਖ 81 ਹਜ਼ਾਰ ਰੁਪਏ ਤੋਂ ਜ਼ਿਆਦਾ ਰੱਖੀ ਗਈ ਹੈ। ਮੀਡੀਆ ਰਿਪੋਰਟ ਅਨੁਸਾਰ ਇੰਡੋਨੇਸ਼ੀਆ ਦੇ ਰਹਿਣ ਵਾਲੇ ਡਿਜ਼ਾਇਨਰ ਦਾ ਦਾਅਵਾ ਹੈ ਕਿ ਉਸ ਨੇ ਨੈਤਿਕ ਤਰੀਕੇ ਨਾਲ ਕੈਨੇਡਾ ਦੇ ਇਨਸਾਨ ਦੀ ਹੱਡੀ ਖਰੀਦੀ, ਪਰ ਉਸ ਨੇ ਕੋਈ ਦਸਤਾਵੇਜ਼ ਦਿਖਾਉਣ ਤੋਂ ਇਨਕਾਰ ਕਰ ਦਿੱਤਾ।

ਸੋਸ਼ਲ ਮੀਡੀਆ ‘ਤੇ ਇਸ ਨੂੰ ਲੈ ਕੇ ਕਾਫੀ ਸਵਾਲ ਖੜ੍ਹੇ ਹੋ ਰਹੇ ਹਨ। ਡਿਜ਼ਾਇਨਰ ਦਾ ਨਾਂਅ ਅਨਰੇਲਡ ਪੁਟਰਾ ਹੈ। ਉਸ ਨੂੰ ਇੰਸਟਾਗ੍ਰਾਮ ‘ਤੇ ‘ਰਿਚ ਕਿਡਸ’ ਦੇ ਗਰੁੱਪ ਵਿਚ ਸ਼ਾਮਿਲ ਕੀਤਾ ਜਾ ਚੁੱਕਾ ਹੈ। ਅਕਸਰ ਉਹ ਅਪਣੀ ਗਲੈਮਰਸ ਲਾਈਫ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਦਾ ਰਹਿੰਦਾ ਹੈ।

ਅਨਰੇਲਡ ਨੇ ਅਮਰੀਕਾ ਦੇ ਲਾਸ ਏਂਜਲਸ ਵਿਚ 2016 ਵਿਚ ਹੀ ਇਸ ਬੈਗ ਨੂੰ ਤਿਆਰ ਕਰ ਲਿਆ ਸੀ। ਪਰ ਸੋਸ਼ਲ ਮੀਡੀਆ ‘ਤੇ ਇਸ ਸਬੰਧੀ ਇਕ ਪੋਸਟ ਵਾਇਰਲ ਹੋਣ ਨਾਲ ਉਹ ਸੁਰਖੀਆਂ ਵਿਚ ਆ ਗਿਆ। ਇਕ ਇੰਟਰਵਿਊ ਦੌਰਾਨ ਅਨਰੇਲਡ ਨੇ ਕਿਹਾ ਕਿ ਪ੍ਰਾਈਵੇਸੀ ਸਮਝੌਤੇ ਕਾਰਨ ਉਹ ਇਨਸਾਨ ਦੀ ਹੱਡੀ ਖਰੀਦਣ ਦੇ ਕਾਗਜ਼ ਨਹੀਂ ਦਿਖਾ ਸਕਦੇ।

ਇਸ ਬੈਗ ਦੀ ਮਾਰਕਿਟਿੰਗ ‘ਆਈਡੀਅਲ ਸਟੇਟਮੈਂਟ ਪੀਸ’ ਦੇ ਤੌਰ ‘ਤੇ ਕੀਤੀ ਜਾ ਰਹੀ ਸੀ। ਉੱਥੇ ਹੀ ਕੁਝ ਮਾਹਿਰਾਂ ਦਾ ਕਹਿਣਾ ਹੈ ਕਿ ਕੈਨੇਡਾ ਦੀ ਕਿਸੇ ਮੈਡੀਕਲ ਸੰਸਥਾ ਵਿਚ ਸਰਪਲੱਸ ਹੋਣ ਦੀ ਸਥਿਤੀ ਵਿਚ ਇਨਸਾਨ ਦੀ  ਹੱਡੀ ਖਰੀਦਣਾ ਸੰਭਵ ਹੈ।

ਰਿਪੋਰਟ ਮੁਤਾਬਕ ਅਨਰੇਲਡ ਨੇ ਇੰਸਟਾਗ੍ਰਾਮ ‘ਤੇ ਇਹ ਵੀ ਲਿਖਿਆ ਸੀ ਕਿ ਇਸ ਬੈਗ ਨੂੰ ਬੱਚੇ ਦੀ ਰੀੜ ਦੀ ਹੱਡੀ ਨਾਲ ਤਿਆਰ ਕੀਤਾ ਗਿਆ ਹੈ। ਪਰ ਜਦੋਂ ਇਸ ਬਾਰੇ ਉਹਨਾਂ ਕੋਲੋਂ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਉਹ ਨਿੱਜੀ ਤੌਰ ‘ਤੇ ਅਕਾਊਂਟ ਨੂੰ ਹੈਂਡਲ ਨਹੀਂ ਕਰਦੇ।