ਓਵਰਕੋਟ (ਭਾਗ 2)
ਪਾਰਟੀ ਹਾਲੇ ਚਲ ਰਹੀ ਸੀ। ਤਕਰੀਬਨ ਅੱਧੀ ਰਾਤ ਦਾ ਵੇਲਾ ਸੀ ਜਦ ਮੈਂ ਘਰ ਜਾਣ ਲਈ ਉਠਿਆ। ਮੈਂ ਕੌਫ਼ੀ ਪੀ ਚੁਕਿਆ ਸੀ ਤੇ ਹੁਣ ਮੈਨੂੰ ਨੀਂਦ ਆ ਰਹੀ ਸੀ। ਜਿਵੇਂ ...
ਪਾਰਟੀ ਹਾਲੇ ਚਲ ਰਹੀ ਸੀ। ਤਕਰੀਬਨ ਅੱਧੀ ਰਾਤ ਦਾ ਵੇਲਾ ਸੀ ਜਦ ਮੈਂ ਘਰ ਜਾਣ ਲਈ ਉਠਿਆ। ਮੈਂ ਕੌਫ਼ੀ ਪੀ ਚੁਕਿਆ ਸੀ ਤੇ ਹੁਣ ਮੈਨੂੰ ਨੀਂਦ ਆ ਰਹੀ ਸੀ। ਜਿਵੇਂ ਹੀ ਮੈਂ ਅਪਣੇ ਮੇਜ਼ਬਾਨਾਂ ਨੂੰ ਕ੍ਰਿਸਮਿਸ ਦੀਆਂ ਸ਼ੁਭ ਇਛਾਵਾਂ ਦਿਤੀਆਂ ਤੇ ਸ਼ੁਭ ਰਾਤਰੀ ਕਿਹਾ, ਜੂਲੀ ਨੇ ਅਪਣੀ ਬਾਂਹ ਮੇਰੀ ਬਾਂਹ 'ਚ ਪਾਈ ਤੇ ਕਿਹਾ ਕਿ ਉਹ ਵੀ ਹੁਣ ਅਪਣੇ ਘਰ ਜਾਏਗੀ। ਜਦ ਅਸੀ ਬਾਹਰ ਆਏ ਤਾਂ ਮੈਂ ਪੁਛਿਆ, ''ਜੂਲੀ, ਤੁਸੀ ਇਥੇ ਕਿਥੇ ਰਹਿੰਦੇ ਹੋ?'' ''ਵੁਲਫ਼ਸਬਰਨ ਵਿਖੇ, ਪਹਾੜੀ ਦੀ ਚੋਟੀ 'ਤੇ'' ਉਸ ਨੇ ਜਵਾਬ ਦਿਤਾ।
''ਅੱਜ ਬਹੁਤ ਠੰਢੀ ਹਵਾ ਚਲ ਰਹੀ ਏ। ਤੁਹਾਡੀ ਪੋਸ਼ਾਕ ਬਹੁਤ ਵਧੀਆ ਹੈ ਪਰ ਇਹ ਨਿਘੀ ਨਹੀਂ ਜਾਪਦੀ। ਤੁਸੀ ਮੇਰਾ ਕੋਟ ਪਹਿਨ ਲਉ ਤਾਂ ਚੰਗਾ ਹੋਵੇਗਾ। ਮੈਂ ਕਾਫ਼ੀ ਗਰਮ ਕਪੜੇ ਪਾਏ ਹੋਏ ਹਨ।'' ਮੈਂ ਕਿਹਾ। ਉਸ ਨੇ ਕੋਈ ਵਿਰੋਧ ਨਾ ਕੀਤਾ। ਮੈਂ ਕੋਟ ਉਸ ਦੇ ਮੋਢਿਆਂ 'ਤੇ ਪਾ ਦਿਤਾ। ਫਿਰ ਅਸੀ ਵਾਪਸ ਚੱਲ ਪਏ। ਮੈਨੂੰ ਪੂਰਾ ਰਸਤਾ ਉਸ ਦੇ ਨਾਲ ਜਾਣ ਦੀ ਲੋੜ ਨਹੀਂ ਪਈ ਕਿਉਂਕਿ ਤਕਰੀਬਨ ਉਸੇ ਥਾਂ 'ਤੇ ਆ ਕੇ ਜਿਥੇ ਅਸੀ ਆਉਣ ਵੇਲੇ ਮਿਲੇ ਸੀ, ਉਸ ਨੇ ਕਿਹਾ, ''ਇਥੋਂ ਇਕ ਛੋਟਾ ਰਸਤਾ ਉਪਰ ਨੂੰ ਜਾਂਦਾ ਹੈ। ਮੈਂ ਇਸੇ ਰਸਤੇ ਤੋਂ ਉਪਰ ਪਹਾੜੀ 'ਤੇ ਪਹੁੰਚ ਜਾਵਾਂਗੀ।'' ''ਤੁਸੀ ਇਹ ਰਸਤਾ ਚੰਗੀ ਤਰ੍ਹਾਂ ਜਾਣਦੇ ਵੀ ਹੋ?'' ਮੈਂ ਪੁਛਿਆ।
''ਵਾਹ! ਕੀ ਗੱਲ ਕਰਦੇ ਹੋ। ਮੈਂ ਇਸ ਰਸਤੇ ਦੇ ਹਰ ਪੱਥਰ ਨੂੰ ਪਛਾਣਦੀ ਹਾਂ। ਮੈਂ ਹਮੇਸ਼ਾ ਇਸੇ ਰਸਤਿਉਂ ਆਉੁਂਦੀ ਜਾਂਦੀ ਹਾਂ। ਉਂਜ ਵੀ ਅੱਜ ਕਿੰਨੀ ਖਿੜੀ ਚਾਨਣੀ ਰਾਤ ਹੈ।'' ''ਠੀਕ ਹੈ, ਕੋਟ ਪਾਈ ਰੱਖੋ।'' ਮੈਂ ਕਿਹਾ। ''ਮੈਂ ਕਲ ਆਪੇ ਆ ਕੇ ਲੈ ਜਾਵਾਂਗਾ।'' ਉਹ ਮੁਸਕਰਾਈ ਤੇ ਸਹਿਮਤੀ 'ਚ ਸਿਰ ਹਿਲਾਇਆ। ਫਿਰ ਉਹ ਉਪਰ ਪਹਾੜੀ ਵਲ ਨੂੰ ਜਾਂਦੇ ਰਸਤੇ ਵਿਚ ਅਲੋਪ ਹੋ ਗਈ। ਮੈਂ ਅਪਣੇ ਘਰ ਵਾਪਸ ਆ ਗਿਆ। ਅਗਲੇ ਦਿਨ ਮੈਂ ਵੁਲਫ਼ਸਬਰਨ ਵਲ ਨੂੰ ਚਲ ਪਿਆ। ਰਾਹ ਵਿਚ ਇਕ ਛੋਟਾ ਜਿਹਾ ਨਾਲਾ ਪਾਰ ਕਰਨਾ ਪਿਆ। ਸ਼ਾਇਦ ਇਸ ਦੇ ਨਾਮ 'ਤੇ ਹੀ ਉਸ ਘਰ ਦਾ ਇਹ ਨਾਮ ਪਿਆ ਸੀ।
ਇਕ ਖੁੱਲ੍ਹੇ ਗੇਟ ਰਾਹੀਂ ਮੈਂ ਅੰਦਰ ਦਾਖ਼ਲ ਹੋਇਆ ਪਰ ਘਰ ਦੇ ਨਾਮ 'ਤੇ ਉਥੇ ਕੁੱਝ ਬਚਿਆ ਹੀ ਨਹੀਂ ਸੀ। ਜੋ ਹੈ ਸੀ, ਉਹ ਸੀ ਬਸ ਬਿਨਾਂ ਛੱਤ ਦਾ ਇਕ ਖੰਡਰ, ਪੱਥਰਾਂ ਦਾ ਢੇਰ, ਟੁੱਟੀ ਹੋਈ ਚਿਮਨੀ, ਕੁੱਝ ਡੋਰਿਕ ਸਟਾਈਲ ਦੇ ਖੰਭੇ ਜੋ ਕਿਸੇ ਵੇਲੇ ਵਰਾਂਡੇ ਦਾ ਸਹਾਰਾ ਰਹੇ ਹੋਣਗੇ। (ਚਲਦਾ)