ਹੁਣ ਨਹੀਂ ਰਿਹਾ ਘੁੰਡ ਕੱਢਣ ਦਾ ਰਿਵਾਜ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਫ਼ੈਸ਼ਨ

ਉਹ ਹੁਣ ਸਮੇਂ ਨਹੀਂ ਰਹੇ ਜਦੋਂ ਵਿਆਹੀਆਂ ਔਰਤਾਂ ਕਦੇ ਘੁੰਡ ਕਢਿਆ ਕਰਦੀਆਂ ਸਨ |

Now there is no longer the custom of having ghund

ਉਹ ਹੁਣ ਸਮੇਂ ਨਹੀਂ ਰਹੇ ਜਦੋਂ ਵਿਆਹੀਆਂ ਔਰਤਾਂ ਕਦੇ ਘੁੰਡ ਕਢਿਆ ਕਰਦੀਆਂ ਸਨ | ਉਦੋਂ ਰਿਵਾਜ ਸੀ ਕਿ ਵਿਆਹੀਆਂ ਔਰਤਾਂ ਅਪਣੇ ਸਹੁਰੇ ਜਾਂ ਜੇਠ ਜਿਸ ਨੂੰ  ਸਤਿਕਾਰ ਵਜੋਂ ਭਾਈ ਜੀ ਕਿਹਾ ਜਾਂਦਾ ਸੀ | ਉਸ ਤੋਂ ਚੁੰਨੀ ਦੇ ਪੱਲੇ ਨਾਲ ਮੂੰਹ ਢੱਕ ਲੈਂਦੀਆਂ ਜਾਂ ਸਿਰ ਤੋਂ ਚੁੰਨੀ ਦਾ ਇਕ ਪਾਸਾ ਖਿੱਚ ਕੇ ਉਹਲਾ ਕਰ ਲੈਣਾ ਜਿਸ ਨੂੰ  ਘੁੰਡ ਕਿਹਾ ਜਾਂਦਾ ਸੀ |

ਖੁਲ੍ਹੀ ਚੁੰਨੀ ਦੀ ਬੁਕਲ ਮਾਰ ਲੈਣੀ ਤੇ ਅਪਣੇ ਥਾਂ ਸਿਰ ਲਗਦੇ ਵੱਡਿਆਂ ਤੋਂ ਸਿਰ ਢੱਕ ਕੇ ਰਖਣਾ, ਚੁੰਨੀ ਸ਼ਰਮ ਹਿਆ ਇੱਜ਼ਤ ਦੀ ਪ੍ਰਤੀਕ ਸੀ | ਔਰਤਾਂ  ਕਿਸੇ ਆਪ ਤੋਂ ਵੱਡੇ ਬੰਦੇ ਨਾਲ ਗੱਲ ਕਰਨ 'ਤੇ ਵੀ ਸ਼ਰਮ ਮਹਿਸੂਸ ਕਰਦੀਆਂ ਸਨ | ਜਿਥੇ ਚਾਰ ਬੰਦੇ ਬੈਠੇ ਹੁੰਦੇ, ਉਥੋਂ ਦੀ ਪਾਸਾ ਕਰ ਕੇ ਲੰਘ ਜਾਣਾ | ਉਨ੍ਹਾਂ ਵੇਲਿਆਂ ਵਿਚ ਜਦੋਂ ਕਿਸੇ ਨਵੀਂ ਵਿਆਹੀ ਕੁੜੀ ਵਹੁਟੀ ਨੇ ਅਪਣੇ ਪੇਕਿਆਂ ਤੋਂ ਸਹੁਰੇ ਘਰ ਭਾਵ ਪਿੰਡ ਆਉਣਾ ਤਾਂ ਦੂਰਾੋ ਹੀ ਘੁੰਡ ਕੱਢ ਲੈਣਾ, ਕਿਸੇ ਗਾਇਕ ਨੇ ਬੜੇ ਖ਼ੂਬਸੂਰਤ ਤਰੀਕੇ ਨਾਲ ਗੀਤ ਗਾਇਆ 

'ਘੁੰਡ ਕੱਢ ਲੈ ਪਤਲੀਏ ਨਾਰੇ ਸਹੁਰਿਆਂ ਦਾ ਪਿੰਡ ਆ ਗਿਆ' 
ਅਣਗਿਣਤ ਲੋਕ ਗੀਤਾਂ-ਬੋਲੀਆਂ ਵਿਚ ਵੱਖ- ਵੱਖ ਢੰਗਾਂ ਦੁਆਰਾ ਘੁੰਡ ਦਾ ਵਰਨਣ ਕੀਤਾ ਹੈ | ਅੱਜ ਦੇ ਸਮੇਂ ਨਾਲ ਪੁਰਾਣੇ ਸਮੇਂ ਦੀ ਤੁਲਨਾ ਕਰ ਕੇ ਮੇਰੇ ਬਹੁਤ ਹੀ ਸਤਿਕਾਰਯੋਗ ਗੁਰਦਾਸ ਮਾਨ ਨੇ ਬੜੇ ਵਧੀਆ ਤਰੀਕੇ ਨਾਲ ਘੁੰਡ ਬਾਰੇ ਗੀਤ ਅਪਣੇ ਅੰਦਾਜ਼ ਵਿਚ ਗਾਇਆ 
ਘੁੰਡ ਵੀ ਗਏ ਤੇ ਘੁੰਡਾਂ ਵਾਲੀਆਂ ਵੀ ਗਈਆਂ

ਅੱਜ ਦੇ ਸਮੇਂ ਮੁਤਾਬਕ ਬਿਲਕੁਲ ਸੱਚ ਹੈ | ਨਾ ਹੀ ਕੋਈ ਨਵੀਂ ਵਿਆਹੀ ਘੁੰਡ ਕਢਦੀ ਹੈ ਤੇ ਨਾ ਹੀ ਕਿਸੇ ਕੁੜੀ ਨੂੰ  ਘੁੰਡ ਕਢਣਾ ਆਉਂਦਾ ਹੈ | ਅਜੋਕੀ ਪੀੜ੍ਹੀ ਨੂੰ  ਤਾਂ ਘੁੰਡ ਬਾਰੇ ਪਤਾ ਵੀ ਨਹੀਂ ਹੋਣਾ, ਹਾਂ ਕਈ ਪਿੰਡਾਂ ਵਿਚ ਅੱਜ ਵੀ ਪੁਰਾਣੀਆਂ ਔਰਤਾਂ ਘੁੰਡ  ਕਢਦੀਆਂ ਹਨ | ਸਾਡੇ ਪੁਰਾਣੇ ਸਭਿਆਚਾਰ ਰੀਤੀ ਰਿਵਾਜਾਂ ਨੂੰ  ਨਿਤ ਵਧਦੇ ਫ਼ੈਸ਼ਨਾਂ ਨੇ ਸਾਥੋਂ ਕੋਹਾਂ ਦੂਰ ਕਰ ਦਿਤਾ | ਸਾਡੇ ਵਿਰਸੇ ਸਭਿਆਚਾਰ ਤੇ ਪਛਮੀ ਸਭਿਆਚਾਰ ਭਾਰੂ ਹੋ ਗਿਆ | ਨਵੀਂ ਪੀੜ੍ਹੀ ਲਈ ਜ਼ਮਾਨਾ ਬੜੀ ਰਫ਼ਤਾਰ ਨਾਲ ਬਦਲਿਆ | ਪੰਜਾਬੀ ਸੂਟ ਸਿਰਾਂ ਤੋਂ ਚੁੰਨੀਆਂ ਗ਼ਾਇਬ ਹੋਣ ਲੱਗੀਆਂ |

ਪੰਜਾਬੀ ਪਹਿਰਾਵੇ ਦੀ ਥਾਂ ਜੀਨ ਟਾਪਾਂ ਚੁੰਨੀ ਦੀ ਥਾਂ ਸਟੋਲਾਂ ਸੁਕਾਰਫ਼ਾਂ ਵੱਖ-ਵੱਖ ਵਾਲਾਂ ਦੇ ਸਟਾਈਲਾਂ ਨੇ ਲੈ ਲਈ | ਵਿਆਹੀਆਂ ਅਤੇ ਕੁਆਰੀਆਂ ਕੁੜੀਆਂ ਵਿਚ ਫ਼ਰਕ ਕਰਨਾ ਬਹੁਤ ਮੁਸ਼ਕਲ ਹੋ ਗਿਆ ਹੈ | ਅੱਜ ਜੇ ਕਿਸੇ ਕੁੜੀ ਕੋਲ ਚੁੰਨੀ ਹੈ ਤਾਂ ਇਕ ਸ਼ੌਕੀਆਂ ਤੌਰ 'ਤੇ ਸਿਰ ਉਤੇ ਨਹੀਂ ਸਿਰਫ਼ ਗਲ ਵਿਚ ਪਾਈ ਹੁੰਦੀ ਹੈ | ਪਛਮੀ ਸਭਿਆਚਾਰ ਨੇ ਪੰਜਾਬੀ ਲੋਕਾਂ ਦੇ ਪਹਿਰਾਵੇ ਨਾਲ ਖਾਣ-ਪੀਣ ਵੀ ਬਦਲ ਦਿਤਾ ਜੋ ਕਦੇ ਪੰਜਾਬੀ ਪਹਿਰਾਵੇ ਤੋਂ ਪੰਜਾਬੀ ਹੋਣ ਦੀ ਵਖਰੀ ਪਛਾਣ ਸੀ | ਉਹ ਹੁਣ ਖ਼ਤਮ ਹੋਣ ਕਿਨਾਰੇ ਹੈ | ਆਉ ਅਸੀਂ ਪੰਜਾਬੀ ਹੋਣ ਦੀ ਵਖਰੀ ਪਹਿਚਾਣ ਬਣਾਈਏ |
-ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ, 94658-21417