ਸਰਦੀਆਂ ਵਿਚ ਬੁੱਲ੍ਹਾਂ ਨੂੰ ਮੁਲਾਇਮ ਰੱਖਣ ਲਈ ਮੱਖਣ ਸਮੇਤ ਇਨ੍ਹਾਂ ਚੀਜ਼ਾਂ ਦੀ ਕਰੋ ਵਰਤੋਂ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਫ਼ੈਸ਼ਨ

ਬਦਾਮ ਤੇਲ, ਚਮੜੀ ਦੇ ਮਰੇ ਸੈੱਲਾਂ ਨੂੰ ਹਟਾ ਕੇ ਤੁਹਾਡੇ ਬੁੱਲ੍ਹਾਂ ਨੂੰ ਤਾਜ਼ਗੀ ਦਿੰਦਾ ਹੈ।

lips care

ਨਵੀਂ ਦਿੱਲੀ : ਸਰਦੀ ਦਾ ਮੌਸਮ ਸਾਰਿਆਂ ਨੂੰ ਪਸੰਦ ਹੁੰਦਾ ਹੈ ਪਰ ਇਸ ਦੇ ਨੁਕਸਾਨ ਵੀ ਲੋਕਾਂ ਨੂੰ ਭੁਗਤਣੇ ਪੈਂਦੇ ਹਨ ਜਿਵੇਂ ਸਰਦੀ-ਜ਼ੁਕਾਮ, ਖੁਸ਼ਕੀ ਆਦਿ। ਸਰਦੀ ਲੱਗਣ ਨਾਲ ਸਿਹਤ ਖ਼ਰਾਬ ਹੋਣ ਦਾ ਡਰ ਹੁੰਦਾ ਹੀ ਹੈ, ਨਾਲ ਹੀ ਤੁਹਾਡੀ ਚਮੜੀ ਵੀ ਕਾਫ਼ੀ ਪ੍ਰਭਾਵਤ ਹੁੰਦੀ ਹੈ ਕਿਉਂਕਿ ਇਸ ਮੌਸਮ ਵਿਚ ਖੁਸ਼ਕ ਵਾਤਾਵਰਣ ਤੁਹਾਡੀ ਚਮੜੀ ਅਤੇ ਬੁੱਲ੍ਹਾਂ ’ਤੇ ਕਾਫ਼ੀ ਅਸਰ ਪਾਉਂਦਾ ਹੈ। ਅੱਜ ਅਸੀਂ ਤੁਹਾਡੇ ਲਈ ਕੁੱਝ ਉਪਾਅ ਲੈ ਕੇ ਆਏ ਹਾਂ ਜਿਨ੍ਹਾਂ ਦੀ ਵਰਤੋਂ ਕਰ ਕੇ ਤੁਸੀਂ ਅਪਣੇ ਬੁੱਲ੍ਹਾਂ ਨੂੰ ਠੀਕ ਰੱਖ ਸਕਦੇ ਹੋ।

ਖੰਡ ਵਿਚ ਐਂਟੀ-ਆਕਸੀਡੈਂਟ ਦੀ ਭਰਪੂਰ ਮਾਤਰਾ ਹੁੰਦੀ ਹੈ ਜੋ ਬੁੱਲ੍ਹਾਂ ਨੂੰ ਖੁਸ਼ਕੀ ਤੋਂ ਬਚਾਉਂਦੀ ਹੈ। ਸ਼ੂਗਰ ਵਿਚ ਗਲਾਈਕੋਲਿਕ ਐਸਿਡ ਹੁੰਦਾ ਹੈ ਜੋ ਬੁੱਲ੍ਹਾਂ ਨੂੰ ਜ਼ਹਿਰੀਲੇ ਤੱਤਾਂ ਤੋਂ ਬਚਾਉਂਦਾ ਹੈ। ਇਸ ਨੂੰ ਸ਼ਹਿਦ ਵਿਚ ਮਿਲਾ ਕੇ ਬੁੱਲ੍ਹਾਂ ’ਤੇ ਲਗਾਉ ਅਤੇ ਹਲਕੀ ਮਾਲਿਸ਼ ਕਰੋ। ਇਸ ਨਾਲ ਇਕ ਤਾਂ ਰੁੱਖਾਪਨ ਦੂਰ ਹੋਵੇਗਾ ਦੂਜਾ ਇਸ ਨਾਲ ਬੁੱਲ੍ਹਾਂ ਦਾ ਕਾਲਾਪਨ ਵੀ ਦੂਰ ਹੋਵੇਗਾ ਅਤੇ ਬੁੱਲ੍ਹਾਂ ’ਤੇ ਹਲਕੀ ਲਾਲੀ ਵੀ ਆਵੇਗੀ ਜਿਸ ਨਾਲ ਤੁਹਾਡੀ ਖ਼ੂਬਸੂਰਤੀ ਹੋਰ ਨਿਖਰੇਗੀ।

ਬਦਾਮ ਤੇਲ, ਚਮੜੀ ਦੇ ਮਰੇ ਸੈੱਲਾਂ ਨੂੰ ਹਟਾ ਕੇ ਤੁਹਾਡੇ ਬੁੱਲ੍ਹਾਂ ਨੂੰ ਤਾਜ਼ਗੀ ਦਿੰਦਾ ਹੈ। ਇਸ ਨਾਲ ਫਟੇ ਹੋਏ ਬੁੱਲ੍ਹ ਅਤੇ ਚਮੜੀ ਕੋਮਲ ਹੁੰਦੀ ਹੈ। ਬਦਾਮ ਦਾ ਤੇਲ ਫ਼ੈਟੀ ਐਸਿਡ ਭਰਪੂਰ ਹੁੰਦਾ ਹੈ ਜੋ ਨਮੀ ਨੂੰ ਬਣਾਈ ਰੱਖਣ ਵਿਚ ਮਦਦ ਕਰਦਾ ਹੈ। ਇਸ ਲਈ ਬੁੱਲ੍ਹਾਂ ਨੂੰ ਕੁਦਰਤੀ ਤਰੀਕਿਆਂ ਨਾਲ ਮਾਇਸਚੁਰਾਈਜ਼ ਕਰਨ ਲਈ ਬਾਦਾਮ ਦਾ ਤੇਲ ਜ਼ਰੂਰ ਲਗਾਉ।

ਖੀਰਾ ਹਾਈਡ੍ਰੇਟਿੰਗ ਗੁਣਾਂ ਲਈ ਜਾਣਿਆ ਜਾਂਦਾ ਹੈ। ਇਹ ਤੁਹਾਡੇ ਬੁੱਲ੍ਹਾਂ ਤੋਂ ਸਾਰੀ ਖੁਸ਼ਕੀ ਨੂੰ ਹਟਾ ਦੇਵੇਗਾ। ਇਸ ਵਿਚ ਜ਼ਰੂਰੀ ਵਿਟਾਮਿਨ ਮੌਜੂਦ ਹੁੰਦੇ ਹਨ। ਇਹ ਸਰਦੀਆਂ ਵਿਚ ਸੁੱਕੇ ਬੁੱਲ੍ਹਾਂ ’ਤੇ ਕਾਫ਼ੀ ਅਸਰਦਾਇਕ ਹੁੰਦਾ ਹੈ। ਤੁਸੀਂ ਜਾਂ ਤਾਂ ਅਪਣੇ ਬੁੱਲ੍ਹਾਂ ’ਤੇ ਖੀਰੇ ਦੇ ਟੁਕੜੇ ਹੌਲੀ ਜਿਹੀ ਰਗੜ ਸਕਦੇ ਹੋ ਜਾਂ ਇਸ ਦਾ ਰਸ ਲਗਾ ਸਕਦੇ ਹੋ। 10-15 ਮਿੰਟ ਖੀਰੇ ਦੀ ਸਲਾਈਸ ਨੂੰ ਅਪਣੇ ਬੁੱਲ੍ਹਾਂ ’ਤੇ ਰਗੜੋ। ਇਹ ਤੁਹਾਡੇ ਬੁੱਲ੍ਹਾਂ ਨੂੰ ਕੁਦਰਤੀ ਤਰੀਕਿਆਂ ਨਾਲ ਹਾਈਡ੍ਰੇਟ ਕਰਦਾ ਹੈ।

ਗੁਲਾਬ ਜਲ ਵੀ ਤੁਹਾਡੇ ਬੁੱਲ੍ਹਾਂ ਨੂੰ ਕੋਮਲ ਬਣਾ ਸਕਦਾ ਹੈ। ਇਸ ਲਈ ਇਕ ਚਮਚਾ ਸ਼ਹਿਦ ’ਚ ਗੁਲਾਬ ਜਲ ਦੀ ਇਕ ਬੂੰਦ ਮਿਲਾਉ ਅਤੇ ਅਪਣੇ ਬੁੱਲ੍ਹਾਂ ’ਤੇ ਲਗਾਉ। ਦਿਨ ਵਿਚ ਦੋ ਤੋਂ ਤਿੰਨ ਵਾਰ ਅਜਿਹਾ ਕਰੋ। 15 ਮਿੰਟ ਤਕ ਇਸ ਨੂੰ ਇੰਜ ਹੀ ਬੁੱਲ੍ਹਾਂ ’ਤੇ ਰੱਖ ਦਿਉ ਫਿਰ ਪਾਣੀ ਨਾਲ ਧੋ ਲਉ। ਰੋਜ਼ਾਨਾ ਅਜਿਹਾ ਕਰਨ ਨਾਲ ਤੁਹਾਡੇ ਬੁੱਲ੍ਹ ਮੁਲਾਇਮ ਹੋ ਜਾਣਗੇ। ਫਟੇ ਅਤੇ ਸੁੱਕੇ ਬੁੱਲ੍ਹਾਂ ਤੋਂ ਛੁਟਕਾਰਾ ਪਾਉਣ ਲਈ ਐਲੋਵੇਰਾ ਜੈੱਲ ਨਾਲ ਮਾਲਿਸ਼ ਕਰੋ। ਤੁਸੀਂ ਫਟੇ ਬੁੱਲ੍ਹਾਂ ਦੀ ਸਮੱਸਿਆ ਨੂੰ ਦੂਰ ਕਰਨ ਲਈ ਐਲੋਵੇਰਾ ਲਿਪਬਾਮ ਦੀ ਵੀ ਵਰਤੋਂ ਕਰ ਸਕਦੇ ਹੋ।

ਮੱਖਣ ਬੁੱਲ੍ਹਾਂ ਲਈ ਇਕ ਚੰਗੇ ਮਾਇਸਚੁਰਾਈਜ਼ਰ ਦੀ ਤਰ੍ਹਾਂ ਕੰਮ ਕਰਦਾ ਹੈ। ਰਾਤ ਨੂੰ ਸੌਣ ਤੋਂ ਪਹਿਲਾਂ ਮੱਖਣ ਨੂੰ ਬੁੱਲ੍ਹਾਂ ’ਤੇ ਲਗਾ ਲਉ। ਤੁਸੀਂ ਚਾਹੋ ਤਾਂ ਸੁੱਕੇ ਬੁੱਲ੍ਹਾਂ ਦੀ ਸਮੱਸਿਆ ਨੂੰ ਦੂਰ ਕਰਨ ਲਈ ਘਿਉ ਦੀ ਵਰਤੋਂ ਵੀ ਕਰ ਸਕਦੇ ਹੋ। ਨਿੰਬੂ ਅਤੇ ਸ਼ਹਿਦ ਵਿਚ ਬਲੀਚਿੰਗ ਏਜੰਟ ਦੇ ਗੁਣ ਹੁੰਦੇ ਹਨ, ਜੋ ਬੁੱਲ੍ਹਾਂ ਨੂੰ ਮੁਲਾਇਮ ਬਣਾਉਂਦੇ ਹਨ। ਇਸ ਸਮੱਸਿਆ ਨੂੰ ਦੂਰ ਕਰਨ ਲਈ 1 ਚਮਚਾ ਨਿੰਬੂ ਦੇ ਰਸ ਅਤੇ ਸ਼ਹਿਦ ਨੂੰ ਮਿਕਸ ਕਰ ਕੇ ਬੁੱਲ੍ਹਾਂ ਦੀ ਮਾਲਿਸ਼ ਕਰੋ। ਇਸ ਨੂੰ ਕੁੱਝ ਦੇਰ ਲਗਾਉਣ ਤੋਂ ਬਾਅਦ ਬੁੱਲ੍ਹਾਂ ਨੂੰ ਸਾਫ਼ ਕਰ ਲਉ।