ਬਾਹਰਲੀਆਂ ਚੀਜ਼ਾਂ ਦੀ ਬਜਾਏ ਘਰੇਲੂ ਚੀਜ਼ਾਂ ਨਾਲ ਪਾਉ ਬੇਦਾਗ਼ ਸੁੰਦਰਤਾ

ਏਜੰਸੀ

ਜੀਵਨ ਜਾਚ, ਫ਼ੈਸ਼ਨ

ਅੱਜ ਤੁਹਾਨੂੰ ਕੁੱਝ ਇਸੇ ਤਰ੍ਹਾਂ ਦੇ ਸੁੰਦਰਤਾ ਦੇ ਨੁਸਖ਼ਿਆਂ ਬਾਰੇ ਦਸਾਂਗੇ

beauty hold with household items

 

ਹਰ ਕੁੜੀ ਚਾਹੁੰਦੀ ਹੈ ਕਿ ਉਹ ਹੋਰਨਾਂ ਕੁੜੀਆਂ ਤੋਂ ਜ਼ਿਆਦਾ ਸੋਹਣੀ ਲੱਗੇ। ਸੁੰਦਰ ਵਿਖਾਈ ਦੇਣ ਲਈ ਕੁੜੀਆਂ ਕਈ ਤਰ੍ਹਾਂ ਦੇ ਮਹਿੰਗੇ ਤੋਂ ਮਹਿੰਗੇ ਮੇਕਅੱਪ ਪ੍ਰੋਡਕਟ ਦੀ ਵਰਤੋਂ ਕਰਦੀਆਂ ਹਨ। ਬਹੁਤ ਸਾਰੀਆਂ ਕੁੜੀਆਂ ਅਜਿਹੀਆਂ ਵੀ ਹਨ, ਜੋ ਸੁੰਦਰ ਦਿਖਣ ਲਈ ਪਾਰਲਰ ਜਾਂਦੀਆਂ ਹਨ ਅਤੇ ਉਥੇ ਜਾ ਕੇ ਫ਼ੇਸ਼ੀਅਲ ਕਰਾਉਂਦੀਆਂ ਹਨ, ਤਾਂ ਜੋ ਚਿਹਰੇ ਦੀ ਚਮਕ ਗੁਆਚ ਨਾ ਜਾਵੇ। ਫ਼ੈਸ਼ੀਅਲ ਅਤੇ ਹੋਰ ਕਈ ਤਰ੍ਹਾਂ ਦੇ ਮੈਕਅੱਪ ਪ੍ਰੋਡਕਟ ਇਸਤੇਮਾਲ ਕਰਨ ਦੀ ਥਾਂ ਅਸੀਂ ਕੁੱਝ ਘਰੇਲੂ ਨੁਸਖ਼ਿਆਂ ਨਾਲ ਵੀ ਪਾਰਲਰ ਵਰਗੀ ਚਮਕ ਪ੍ਰਾਪਤ ਕਰ ਸਕਦੇ ਹਾਂ। ਅੱਜ ਤੁਹਾਨੂੰ ਕੁੱਝ ਇਸੇ ਤਰ੍ਹਾਂ ਦੇ ਸੁੰਦਰਤਾ ਦੇ ਨੁਸਖ਼ਿਆਂ ਬਾਰੇ ਦਸਾਂਗੇ :

ਗੁਲਾਬ ਅਤੇ ਨਿੰਬੂ: ਗੁਲਾਬ ਜਲ ਅਤੇ ਨਿੰਬੂ ਨੂੰ ਬਰਾਬਰ ਮਾਤਰਾ ਵਿਚ ਮਿਲਾਉ ਅਤੇ ਇਸ ਨੂੰ ਤੀਹ ਮਿੰਟ ਲਈ ਚਿਹਰੇ ’ਤੇ ਲਗਾਉ। ਇਸ ਤੋਂ ਬਾਅਦ ਚਿਹਰੇ ਨੂੰ ਠੰਢੇ ਪਾਣੀ ਨਾਲ ਧੋ ਲਉ। ਇਸ ਦਾ ਅਸਰ ਤੁਹਾਡੇ ਚਿਹਰੇ ’ਤੇ ਤੁਰਤ ਵਿਖਾਈ ਦੇਣਾ ਸ਼ੁਰੂ ਹੋ ਜਾਵੇਗਾ।
ਮੁਲਤਾਨੀ ਮਿੱਟੀ: ਇਕ ਚਮਚ ਮੁਲਤਾਨੀ ਮਿੱਟੀ ਵਿਚ ਗੁਲਾਬ ਜਲ ਮਿਲਾ ਕੇ ਇਕ ਪੇਸਟ ਤਿਆਰ ਕਰੋ। ਇਸ ਨੂੰ ਚਿਹਰੇ ’ਤੇ ਤੀਹ ਮਿੰਟ ਲਈ ਲਾਉ। ਫਿਰ ਚਿਹਰੇ ਨੂੰ ਪਾਣੀ ਨਾਲ ਧੋ ਲਉ। ਤੁਹਾਨੂੰ ਇਸ ਤੋਂ ਤੁਰਤ ਤਾਜ਼ਗੀ ਮਿਲੇਗੀ ਅਤੇ ਕੋਈ ਨੁਕਸਾਨ ਨਹੀਂ ਹੋਵੇਗਾ।

ਅਨਾਰ ਅਤੇ ਨਿੰਬੂ ਦਾ ਫੇਸ ਮਾਸਕ: ਅਨਾਰ ਅਤੇ ਨਿੰਬੂ ਦੇ ਫੇਸ ਮਾਸਕ ਵਿਚ ਵਿਟਾਮਿਨ ਤੇ ਐਂਟੀ ਆਕਸੀਡੈਂਟ ਹੁੰਦੇ ਹਨ, ਜੋ ਚਮੜੀ ਦੀ ਸਮੱਸਿਆ ਨੂੰ ਦੂਰ ਕਰਦੇ ਹਨ ਅਤੇ ਇਸ ਨੂੰ ਚਮਕਦਾਰ ਬਣਾਉਂਦੇ ਹਨ। ਅਨਾਰ ਅਤੇ ਨਿੰਬੂ ਦਾ ਰਸ ਮਿਲਾਉ ਅਤੇ ਚਿਹਰੇ ’ਤੇ ਤੀਹ ਮਿੰਟ ਲਈ ਲਾਉ। ਫਿਰ ਠੰਢੇ ਪਾਣੀ ਨਾਲ ਧੋ ਲਉ।
ਪਪੀਤਾ: ਜੇ ਤੁਹਾਡੇ ਚਿਹਰੇ ’ਤੇ ਮੁਹਾਸੇ ਹਨ ਤਾਂ ਤੁਸੀਂ ਪਪੀਤੇ ਦੀ ਵਰਤੋਂ ਕਰ ਸਕਦੇ ਹੋ। ਇਸ ਲਈ ਕੱਚੇ ਪਪੀਤੇ ਦਾ ਰਸ ਕੱਢ ਕੇ ਚਿਹਰੇ ’ਤੇ ਲਾਉ। ਇਹ ਚਿਹਰੇ ’ਤੇ ਕਿੱਲ ਮੁਹਾਸੇ ਦੂਰ ਕਰੇਗਾ ਅਤੇ ਚਿਹਰੇ ’ਤੇ ਚਮਕ ਆਵੇਗੀ।

ਟਮਾਟਰ: ਕੱਚੇ ਟਮਾਟਰ ਨੂੰ ਚੰਗੀ ਤਰ੍ਹਾਂ ਪੀਸੋ ਅਤੇ ਚਿਹਰੇ ’ਤੇ 15 ਮਿੰਟ ਲਈ ਲਗਾਉ। ਇਸ ਤੋਂ ਬਾਅਦ ਚਿਹਰੇ ਨੂੰ ਠੰਢੇ ਪਾਣੀ ਨਾਲ ਧੋ ਲਉ। ਕੁੱਝ ਦਿਨ ਇਸੇ ਤਰ੍ਹਾਂ ਕਰਨ ਨਾਲ ਤੁਸੀਂ ਚਿਹਰੇ ਦੀ ਚਮਕ ’ਚ ਇਕ ਫ਼ਰਕ ਵੇਖ ਸਕੋਗੇ।