ਪੰਜਾਬੀ ਜੁੱਤੀ 'ਤੇ ਪਈ ਫ਼ੈਸ਼ਨ ਦੀ ਮਾਰ

ਜੀਵਨ ਜਾਚ, ਫ਼ੈਸ਼ਨ

ਬਠਿੰਡਾ, 31 ਜਨਵਰੀ (ਵਿਕਾਸ ਕੌਸ਼ਲ) : ਬਠਿੰਡਾ ਸ਼ਹਿਰ ਵਿਚ ਰਵੀਦਾਸੀਏ ਭਾਈਚਾਰੇ ਦੀ ਪੰਜਾਹ ਦੇ ਕਰੀਬ ਜੁੱਤੀਆਂ ਬਣਾਉਣ ਦੀਆਂ ਦੁਕਾਨਾਂ ਹਨ। ਇਸ ਦੁਕਾਨਾਂ ਉਪਰ ਹੁਣ ਤਕ ਪਿਤਾ ਪੁਰਖੀ ਕੰਮ ਕੀਤਾ ਜਾ ਰਿਹਾ ਸੀ। ਅੱਜ ਦੇ ਦੌਰ ਵਿਚ ਪੰਜਾਬੀ ਜੁੱਤੀ ਦਾ ਕੰਮ ਬਹੁਤ ਘੱਟ ਚੁੱਕਿਆ ਹੈ, ਜਿਸ ਦਾ ਅਸਰ ਸਾਫ਼ ਦਿਖਾਈ ਦੇ ਰਿਹਾ ਹੈ। ਬਠਿੰਡਾ ਸ਼ਹਿਰ ਦੇ ਬਸ ਅੱਡੇ ਦੇ ਪਿੱਛੇ ਪੂਰਨ ਚੰਦ ਮੋਚੀ ਨੇ ਦਸਿਆ ਕਿ ਸਾਡੇ ਧੰਦੇ ਉਪਰ ਬਹੁਤ ਮੰਦੀ ਆ ਚੁੱਕੀ ਹੈ, ਜਿਸ ਦੇ ਕਈ ਕਾਰਨ ਹਨ ਉਨ੍ਹਾਂ ਵਿਚੋ ਮੁੱਖ ਕਾਰਨ ਕੱਪੜੇ, ਰਬੜ ਦੇ ਰੈਡੀਮੈਂਟ ਜੁੱਤਿਆਂ ਦਾ ਚਲਨ ਹੈ। ਜਿਸ ਕਾਰਨ ਹਰ ਉਮਰ ਦਾ ਬੰਦਾ ਰੈਡੀਮੈਂਟ ਬੂਟ ਹੀ ਖ਼ਰੀਦ ਰਿਹਾ ਹੈ, ਕਿਉਂÎਕ ਕੁਝ ਸਾਲਾਂ ਤੋ ਚਮੜੇ ਦੇ ਰੇਟ ਵੀ ਵੱਧ ਚੁੱਕੇ ਹਨ। ਪੰਜਾਬੀ ਜੁੱਤੀਆਂ ਦੇ ਸ਼ੋਕ ਰੱਖਣ ਵਾਲੇ ਹੁਣ ਸਿਰਫ਼ 10 ਫ਼ੀ ਸਦੀ ਦੇ ਕਰੀਬ ਹੀ ਰਹਿ ਗਏ ਹਨ। ਉਸ ਨੇ ਕਿਹਾ ਕਿ ਸਾਡਾ ਜ਼ਿਆਦਾਤਰ ਚਮੜਾ ਜਲੰਧਰ ਸ਼ਹਿਰ ਤੋ ਆਉਂਦਾ ਹੈ, ਸਭ ਤੋਂ ਪਹਿਲਾਂ ਤਲਾ ਬਣਾਇਆ ਜਾਂਦਾ ਹੈ ਫਿਰ ਛੱਤ ਨੂੰ ਤਿਆਰ ਕਰਨ ਤੋਂ ਬਾਅਦ ਛੱਤ ਉਪਰ ਕਢਾਈ ਕੀਤੀ ਜਾਂਦੀ ਹੈ। ਇਸ ਤੋਂ ਬਾਅਦ ਪੰਜੇ ਬਣਾਏ ਜਾਦੇ ਹਨ ਸਭ ਕੁੱਝ ਡੋਰੀ ਕਰ ਕੇ ਜੁੱਤੀ ਵਿਚ ਲੱਕੜ ਦਾ ਕਲਬੂਤ ਪਾ ਕੇ ਦੋ ਦਿਨ ਲਈ ਜੁੱਤੀ ਨੂੰ ਰੱਖ ਦਿਤਾ ਜਾਂਦਾ ਹੈ, ਇਸ ਤੋਂ ਬਾਅਦ ਜੁੱਤੀ ਨੂੰ ਸਜ਼ਾਵਟੀ ਕੰਮ ਕਰ ਕੇ ਉਸ ਨੂੰ ਸੋਹਣਾ ਰੂਪ ਦਿਤਾ ਜਾਂਦਾ ਹੈ। 

ਕ੍ਰਿਸ਼ਨ ਚੰਦ ਮੋਚੀ ਨੇ ਕਿਹਾ ਕਿ ਇਸ ਕੰਮ ਵਿਚ ਦਿਹਾੜੀ ਦੋ ਜਾਂ ਢਾਈ ਸੌ ਤੋ ਵੱਧ ਨਹੀ ਮਿਲਦੀ ਜਿਸ ਕਾਰਨ ਸਾਨੂੰ ਕਾਮਿਆਂ ਦੀ ਕਮੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਵਾਲੇ ਖੇਤ ਮਜ਼ਦੂਰ, ਛੋਟੀ ਕਿਸਾਨੀ ਜ਼ਿਆਦਾਤਰ ਰਬੜ ਤੇ ਕੱਪੜੇ ਦੇ ਬੂਟ ਹੀ ਖਰੀਦ ਰਹੇ ਹਨ। ਅੱਜ ਕਲ ਜੁੱਤੀਆਂ ਨੂੰ ਸਿਰਫ਼ ਸ਼ੋਕ ਅਤੇ ਵਿਆਹ ਸ਼ਾਦੀ ਦੇ ਮੌਕੇ ਤੇ ਹੀ ਪਾਇਆ ਜਾਦਾ ਹੈ।  ਪੂਰਨ ਸਿੰਘ ਮੋਚੀ ਨੇ ਜਾਣਕਾਰੀ ਦਿੰਦਿਆ ਕਿਹਾ ਕਿ ਪੰਜਾਬੀ ਜੁੱਤੀਆਂ ਵਿਚੋ ਲੱਕ ਮਾਰਨੀ ਜੁੱਤੀ ਸਭ ਤੋ ਵੱਧ ਪ੍ਰਚਲਿਤ ਹੈ। ਦੇਸੀ ਜੁੱਤੀ ਨੂੰ ਕਿਸਾਨੀ ਵਰਗ ਜ਼ਿਆਦਾ ਪਸੰਦ ਕਰਦਾ ਹੈ ਅਤੇ ਵੱਡੇ ਜਿੰਮੀਂਦਾਰ ਖੋਸਾ, ਜਲਸਾ, ਨੋਕ ਵਾਲੀ ਕੱਢੀ ਹੋਈ ਜੁੱਤੀ ਪਸੰਦ ਕਰਦੇ ਹਨ। ਫ਼ਾਜਿਲਕਾ ਵਾਲੀ ਜੁੱਤੀ ਵਿਆਹ ਦੇ ਮੌਕੇ 'ਤੇ ਖਰੀਦਦੇ ਹਨ, ਜੋ ਕਿ 2000 ਤੋ 7000 ਦੇ ਕਰੀਬ ਹੱਥ ਨਾਲ ਕੱਢੀ ਹੋਈ ਜੁੱਤੀ ਹੁੰਦੀ ਹੈ। ਅੱਜ ਕਲ ਔਰਤਾਂ ਵੀ ਪੰਜਾਬੀ ਜੁੱਤੀ ਘੱਟ ਖ਼ਰੀਦ ਰਹੀਆਂ ਹਨ, ਉਹ ਜ਼ਿਆਦਾਤਰ ਸਰਦ ਮੌਸਮ ਅਤੇ ਵਿਆਹ ਦੇ ਮੌਕੇ ਤੇ ਜੁੱਤੀ ਦੀ ਖ਼ਰੀਦਦਾਰੀ ਕਰਦੇ ਹਨ। ਬੱਚਿਆਂ ਦੀ ਜੁੱਤੀ ਜਿਸ ਨੂੰ ਮੋਜਾ ਕਿਹਾ ਜਾਂਦਾ ਹੈ ਉਸ ਦੀ ਖ਼ਰੀਦ ਕਿਸੇ ਵਿਸ਼ੇਸ਼ ਦਿਨ ਲਈ ਖ਼ਰੀਦ ਕੀਤੀ ਜਾਂਦੀ ਹੈ।