Momos Recipe: ਬਣਾਉਣ ਦੀ ਵਿਧੀ: 1 ਕੱਪ ਸੂਜੀ ਅਤੇ 1 ਚਮਚ ਨਮਕ ਨੂੰ ਬਲੈਂਡਰ ਵਿਚ ਪਾ ਕੇ ਚੰਗੀ ਤਰ੍ਹਾਂ ਪੀਸ ਕੇ ਮੁਲਾਇਮ ਪਾਊਡਰ ਬਣਾ ਲਵੋ। ਹੁਣ ਇਕ ਕਟੋਰੀ ਵਿਚ ਪੀਸੀ ਹੋਈ ਸੂਜੀ ਪਾਉ ਅਤੇ ਥੋੜ੍ਹਾ-ਥੋੜ੍ਹਾ ਪਾਣੀ ਪਾ ਕੇ ਨਰਮ ਆਟੇ ਨੂੰ ਗੁਨ੍ਹੋ। ਇਸ ਤੋਂ ਬਾਅਦ ਆਟੇ ’ਤੇ ਥੋੜ੍ਹਾ ਜਿਹਾ ਤੇਲ ਲਗਾ ਕੇ ਢੱਕ ਦਿਉ ਅਤੇ 20 ਤੋਂ 30 ਮਿੰਟ ਲਈ ਇਕ ਪਾਸੇ ਰੱਖ ਦਿਉ।
ਹੁਣ ਇਕ ਫ਼ਰਾਈਪੈਨ ਵਿਚ 1 ਚਮਚ ਤੇਲ ਪਾ ਕੇ ਗਰਮ ਕਰੋ। ਇਸ ਤੋਂ ਬਾਅਦ ਇਸ ਵਿਚ 1 ਚਮਚ ਲੱਸਣ ਅਤੇ 1 ਚਮਚ ਕੱਟੀਆਂ ਹਰੀਆਂ ਮਿਰਚਾਂ ਪਾ ਕੇ ਤੇਜ਼ ਅੱਗ ’ਤੇ ਭੁੰਨ ਲਵੋ। ਕੁੱਝ ਦੇਰ ਭੁੰਨਣ ਤੋਂ ਬਾਅਦ ਇਸ ਮਿਸ਼ਰਣ ਵਿਚ ਅੱਧਾ ਕੱਪ ਕੱਟੀ ਹੋਈ ਗਾਜਰ, 1 ਕੱਪ ਗੋਭੀ ਅਤੇ 1 ਕੱਪ ਬਾਰੀਕ ਕਟਿਆ ਪਿਆਜ਼ ਪਾਉ ਅਤੇ ਸੱਭ ਕੁੱਝ ਚੰਗੀ ਤਰ੍ਹਾਂ ਨਾਲ ਮਿਲਾਉ ਅਤੇ ਤੇਜ਼ ਅੱਗ ’ਤੇ ਭੁੰਨ ਲਉ। ਹੁਣ 1 ਚਮਚ ਕਾਲੀ ਮਿਰਚ ਪਾਊਡਰ ਅਤੇ ਸਵਾਦ ਅਨੁਸਾਰ ਨਮਕ ਪਾ ਕੇ ਮਿਕਸ ਕਰ ਲਵੋ। ਕੁੱਝ ਦੇਰ ਭੁੰਨਣ ਤੋਂ ਬਾਅਦ ਸਟਫਿੰਗ ਨੂੰ ਇਕ ਪਾਸੇ ਰੱਖ ਦਿਉ।
ਹੁਣ ਇਕ ਕੜਾਹੀ ਵਿਚ ਪਾਣੀ ਪਾ ਕੇ ਗਰਮ ਕਰੋ। ਕੜਾਹੀ ਦੇ ਉਪਰ ਇਕ ਛਾਨਣੀ ਰੱਖੋ ਅਤੇ ਇਸ ਨੂੰ ਤੇਲ ਲਗਾ ਕੇ ਇਸ ਨੂੰ ਚਿਕਨਾ ਕਰ ਲਵੋ ਤਾਂ ਜੋ ਮੋਮੋਜ਼ ਇਸ ਉਤੇ ਚਿਪਕਨ ਨਾ। ਹੁਣ ਆਟੇ ਦਾ ਥੋੜ੍ਹਾ ਜਿਹਾ ਹਿੱਸਾ ਲਵੋ ਅਤੇ ਇਸ ਨੂੰ ਰੋਲ ਕਰੋ। ਹੁਣ ਚਮਚ ਦੀ ਮਦਦ ਨਾਲ ਸਟਫਿੰਗ ਨੂੰ ਕੇਂਦਰ ਵਿਚ ਰੱਖੋ ਅਤੇ ਇਸ ਨੂੰ ਸੀਲ ਕਰਨ ਲਈ ਬੰਦ ਕਰੋ। ਇਸ ਤੋਂ ਬਾਅਦ ਮੋਮੋਜ਼ ਦੇ ਕਿਨਾਰਿਆਂ ਨੂੰ ਇਕੱਠੇ ਚਿਪਕਾਉ। ਮੋਮੋਜ਼ ਤਿਆਰ ਕਰਨ ਤੋਂ ਬਾਅਦ, ਉਨ੍ਹਾਂ ਨੂੰ 10 ਤੋਂ 15 ਮਿੰਟ ਲਈ ਛਾਨਣੀ ’ਤੇ ਰੱਖ ਦਿਉ। ਤਿਆਰ ਹੋਣ ਤੋਂ ਬਾਅਦ ਇਨ੍ਹਾਂ ਨੂੰ ਬਾਹਰ ਕੱਢ ਲਵੋ। ਤੁਹਾਡੇ ਮੋਮੋਜ਼ ਬਣ ਕੇ ਤਿਆਰ ਹਨ। ਹੁਣ ਇਨ੍ਹਾਂ ਨੂੰ ਲਾਲ ਚਟਣੀ ਨਾਲ ਖਾਉ।