ਅਲਸੀ ਅਤੇ ਗੂੰਦ ਦੇ ਲੱਡੂ ਸਿਹਤ ਲਈ ਬਹੁਤ ਲਾਭਦਾਇਕ, ਜਾਣੋ ਫਾਇਦੇ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਅਲਸੀ ਅਤੇ ਗੂੰਦ ਦੇ ਲੱਡੂ ਦੀ ਵਰਤੋਂ ਵੱਖ-ਵੱਖ ਬਿਮਾਰੀਆਂ ਦੇ ਇਲਾਜ ਲਈ ਕੀਤੀ ਜਾਂਦੀ ਹੈ।

photo

ਚੰਡੀਗੜ੍ਹ: ਅਲਸੀ ਦੇ ਬੀਜ ਅਤੇ ਗੂੰਦ ਦੋਵੇਂ ਚਿਕਿਤਸਕ ਗੁਣਾਂ ਨਾਲ ਭਰਪੂਰ ਹੁੰਦੇ ਹਨ। ਇਨ੍ਹਾਂ ਦੋਵਾਂ ਦੀ ਵਰਤੋਂ ਵੱਖ-ਵੱਖ ਬਿਮਾਰੀਆਂ ਦੇ ਇਲਾਜ ਲਈ ਕੀਤੀ ਜਾਂਦੀ ਹੈ। ਅਲਸੀ ਅਤੇ ਗੂੰਦ ਦੋਹਾਂ 'ਚ ਪੋਸ਼ਣ ਹੁੰਦਾ ਹੈ, ਅਜਿਹੇ 'ਚ ਜੇਕਰ ਤੁਸੀਂ ਲੱਡੂ ਖਾਓਗੇ ਤਾਂ ਸਰੀਰ ਨੂੰ ਫਾਇਦਾ ਹੋਵੇਗਾ। ਸਰਦੀਆਂ ਵਿਚ ਆਪਣੇ ਆਪ ਨੂੰ ਸਿਹਤਮੰਦ ਰੱਖਣ ਲਈ ਅਲਸੀ ਅਤੇ  ਗੂੰਦ ਦੇ ਲੱਡੂ ਦਾ ਸੇਵਨ ਕਰਨਾ ਚਾਹੀਦਾ ਹੈ। ਆਓ ਜਾਣਦੇ ਹਾਂ ਅਲਸੀ ਅਤੇ ਗੂੰਦ ਦੇ ਲੱਡੂ ਖਾਣ ਦੇ ਅਨੇਕਾਂ ਫਾਇਦੇ।


-ਪਾਚਨ ਵਿਚ ਸੁਧਾਰ: 
ਅਲਸੀ ਦੇ ਬੀਜਾਂ ਵਿਚ ਕੈਲਸ਼ੀਅਮ, ਫਾਈਬਰ, ਮੈਗਨੀਸ਼ੀਅਮ, ਫਾਸਫੋਰਸ ਅਤੇ ਪੋਟਾਸ਼ੀਅਮ ਜ਼ਿਆਦਾ ਮਾਤਰਾ ਵਿਚ ਪਾਇਆ ਜਾਂਦਾ ਹੈ। ਦੂਜੇ ਪਾਸੇ ਗੂੰਦ ਵਿਚ ਪ੍ਰੋਟੀਨ, ਫਾਈਬਰ, ਕਾਰਬੋਹਾਈਡਰੇਟ ਅਤੇ ਸਿਹਤਮੰਦ ਚਰਬੀ ਹੁੰਦੀ ਹੈ। ਜੇਕਰ ਪਾਚਨ ਕਿਰਿਆ ਖਰਾਬ ਹੈ ਤਾਂ ਅਲਸੀ ਅਤੇ ਗੂੰਦ ਦੇ ਲੱਡੂ ਨੂੰ ਡਾਈਟ 'ਚ ਸ਼ਾਮਲ ਕਰੋ, ਇਨ੍ਹਾਂ ਨੂੰ ਖਾਣ ਨਾਲ ਪਾਚਨ ਕਿਰਿਆ ਮਜ਼ਬੂਤ ​​ਹੁੰਦੀ ਹੈ। ਅਲਸੀ ਅਤੇ ਗੂੰਦ ਵਿਚ ਫਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਫਾਈਬਰ ਭੋਜਨ ਨੂੰ ਪਚਾਉਣ ਦਾ ਕੰਮ ਕਰਦਾ ਹੈ, ਨਾਲ ਹੀ ਗੈਸ ਅਤੇ ਕਬਜ਼ ਦੀ ਸਮੱਸਿਆ ਤੋਂ ਵੀ ਰਾਹਤ ਦਿੰਦਾ ਹੈ। 
-ਭਾਰ ਘਟਾਉਣ ਵਿਚ ਮਦਦਗਾਰ
ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਅਲਸੀ ਅਤੇ ਗੂੰਦ ਦੇ ਲੱਡੂ ਤੁਹਾਡੇ ਲਈ ਫਾਇਦੇਮੰਦ ਸਾਬਤ ਹੋ ਸਕਦੇ ਹਨ। ਅਲਸੀ ਦੇ ਬੀਜ ਅਤੇ ਗੂੰਦ ਵਿਚ ਮੌਜੂਦ ਫਾਈਬਰ ਪੇਟ ਨੂੰ ਲੰਬੇ ਸਮੇਂ ਤੱਕ ਭਰਿਆ ਰੱਖਦਾ ਹੈ, ਭੁੱਖ ਘੱਟ ਕਰਦਾ ਹੈ, ਭਾਰ ਘਟਾਉਣ ਵਿਚ ਮਦਦ ਵੀ ਕਰਦਾ ਹੈ।
-ਦਿਲ ਲਈ ਫਾਇਦੇਮੰਦ
ਦਿਲ ਨੂੰ ਸਿਹਤਮੰਦ ਰੱਖਣ ਲਈ ਅਲਸੀ ਅਤੇ ਗੂੰਦ ਦੇ ਲੱਡੂ ਦਾ ਸੇਵਨ ਵੀ ਕੀਤਾ ਜਾ ਸਕਦਾ ਹੈ। ਅਲਸੀ ਦੇ ਬੀਜ ਵਿਚ ਅਲਫ਼ਾ-ਲਿਨੋਲੇਨਿਕ ਐਸਿਡ ਹੁੰਦਾ ਹੈ, ਜੋ ਐਲਡੀਐਲ ਕੋਲੇਸਟ੍ਰੋਲ ਨੂੰ ਘੱਟ ਕਰਨ ਵਿਚ ਮਦਦ ਕਰ ਸਕਦਾ ਹੈ। ਇਸ ਦੇ ਨਾਲ ਹੀ ਇਹ ਭਾਰ ਘਟਾ ਕੇ ਦਿਲ ਦੇ ਰੋਗਾਂ ਦੇ ਖਤਰੇ ਨੂੰ ਵੀ ਘੱਟ ਕਰਦਾ ਹੈ। ਅਲਸੀ ਅਤੇ ਗੂੰਦ ਦੇ ਬਣੇ ਲੱਡੂ ਵੀ ਬਲੱਡ ਸ਼ੂਗਰ ਦੇ ਪੱਧਰ ਨੂੰ ਘੱਟ ਕਰਨ ਵਿਚ ਮਦਦ ਕਰਦੇ ਹਨ।
-ਹੱਡੀਆਂ ਦੀ ਮਜ਼ਬੂਤੀ
ਅਲਸੀ ਅਤੇ ਗੂੰਦ ਦੇ ਲੱਡੂ ਖਾਣ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਅਤੇ ਹੱਡੀਆਂ ਦੇ ਦਰਦ ਤੋਂ ਰਾਹਤ ਵੀ ਮਿਲਦੀ ਹੈ, ਇਸ ਲਈ ਬੁਢਾਪੇ ਵਿਚ ਅਲਸੀ ਅਤੇ ਗੂੰਦ ਦੇ ਲੱਡੂ ਨੂੰ ਖੁਰਾਕ ਵਿਚ ਸ਼ਾਮਲ ਕਰਨਾ ਚਾਹੀਦਾ ਹੈ।


ਜਾਣੋ ਅਲਸੀ ਅਤੇ ਗੂੰਦ ਦੇ ਲੱਡੂ ਕਿਵੇਂ ਬਣਾਈਏ: ਅਲਸੀ ਅਤੇ ਗੁੜ ਦੇ ਲੱਡੂ ਬਣਾਉਣਾ ਬਹੁਤ ਆਸਾਨ ਹੈ, ਤੁਸੀਂ ਇਨ੍ਹਾਂ ਨੂੰ ਥੋੜ੍ਹੇ ਸਮੇਂ ਵਿਚ ਬਣਾ ਸਕਦੇ ਹੋ।
-ਪਹਿਲਾਂ ਅਲਸੀ ਦੇ ਬੀਜਾਂ ਨੂੰ ਭੁੰਨ ਲਓ ਅਤੇ ਪੀਸ ਲਓ।
-ਹੁਣ ਇੱਕ ਪੈਨ ਵਿਚ ਘਿਓ ਗਰਮ ਕਰੋ।
-ਇਸ ਵਿਚ ਕਣਕ ਦਾ ਆਟਾ ਪਾ ਕੇ ਸੁਨਹਿਰੀ ਹੋਣ ਤੱਕ ਭੁੰਨ ਲਓ।
-ਹੁਣ ਇਸ ਨੂੰ ਇਕ ਵੱਖਰੀ ਪਲੇਟ 'ਚ ਕੱਢ ਲਓ ਅਤੇ ਦੇਸੀ ਘਿਓ 'ਚ ਗੁੜ ਮਿਲਾ ਕੇ ਫਰਾਈ ਕਰੋ।
-ਗੂੰਦ ਨੂੰ ਹਲਕਾ ਭੂਰਾ ਹੋਣ ਦਿਓ ਅਤੇ ਫੁਲ ਜਾਣ ਤੋਂ ਬਾਅਦ, ਇਸਨੂੰ ਪਲੇਟ ਵਿਚ ਕੱਢ ਲਓ।
-ਜਦੋਂ ਇਹ ਦੋਵੇਂ ਚੰਗੀ ਤਰ੍ਹਾਂ ਪਕ ਜਾਣ ਤਾਂ ਇਨ੍ਹਾਂ ਨੂੰ ਪਲੇਟ 'ਚ ਕੱਢ ਲਓ ਅਤੇ ਡਰਾਈਫਰੂਟਸ ਪਾ ਦਿਓ।
-ਹੁਣ ਇਨ੍ਹਾਂ ਨੂੰ ਲੱਡੂ ਦਾ ਆਕਾਰ ਦਿਓ।
-ਹੁਣ ਇਨ੍ਹਾਂ ਲੱਡੂਆਂ ਨੂੰ ਗੁੜ ਦੀ ਬਣੀ ਚਾਸ਼ਨੀ ਵਿਚ ਪਾਓ। 
ਤਿਆਰ ਕੀਤੇ ਲੱਡੂ ਤੁਸੀਂ ਰੋਜ਼ਾਨਾ ਖਾ ਸਕਦੇ ਹੋ।