ਰਾਗੀ ਖਾਉ ਸਿਹਤਮੰਦ ਹੋ ਜਾਉ ਭਾਗ-2

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਚਮੜੀ ਨੂੰ ਝੁਰੜੀਆਂ ਤੋਂ ਬਚਾਉਣ ਲਈ ਰਾਗੀ ਦਾ 'ਐਂਟੀਏਜਿੰਗ ਡਰਿੰਕ' ਬਹੁਤ ਆਮ ਵਰਤਿਆ ਜਾਂਦਾ ਹੈ।

Rongi

ਪਾਠਕੋ ਡੱਬਾ ਬੰਦ ਚੀਜ਼ਾਂ ਸਾਡੇ ਸ੍ਰੀਰ ਦਾ ਨਾਸ ਮਾਰ ਰਹੀਆਂ ਹਨ। ਰਾਗੀ ਹਮੇਸ਼ਾ ਤੋਂ ਪਿੰਡਾਂ ਵਿਚ ਵਰਤੀ ਜਾਂਦੀ ਸੀ ਪਰ ਹੌਲੀ-ਹੌਲੀ ਸ਼ਹਿਰੀ ਮਾਹੌਲ ਵਿਚ ਰਚ ਜਾਣ ਸਦਕਾ ਇਹ ਅਲੋਪ ਹੁੰਦੀ ਜਾ ਰਹੀ ਹੈ। ਬਰੈੱਡ, ਪਾਸਤਾ, ਬਿਸਕੁਟ, ਬਰਗਰ ਖਾ-ਖਾ ਕੇ ਸਾਡੇ ਪੇਂਡੂ ਬੱਚੇ ਵੀ ਮੋਟਾਪੇ ਤੇ ਹੋਰ ਅਨੇਕਾਂ ਬੀਮਾਰੀਆਂ ਦਾ ਸ਼ਿਕਾਰ ਹੋ ਚੁਕੇ ਹਨ। ਘੱਟ ਪਾਣੀ ਮੰਗਦੀ ਰਾਗੀ ਜਿੱਥੇ ਪੰਜਾਬ ਦੇ ਧਰਤੀ ਹੇਠਲੇ ਪਾਣੀ ਦੀ ਸਮੱਸਿਆ ਦਾ ਹੱਲ ਕਰ ਸਕਦੀ ਹੈ। ਆਉ ਹੁਣ ਰਾਗੀ ਦੇ ਹੋਰ ਫ਼ਾਇਦਿਆਂ ਬਾਰੇ ਜਾਣਦੇ ਹਾਂ।

ਚਮੜੀ ਨੂੰ ਜਵਾਨ ਰਖਣਾ : ਚਮੜੀ ਨੂੰ ਝੁਰੜੀਆਂ ਤੋਂ ਬਚਾਉਣ ਲਈ ਰਾਗੀ ਦਾ 'ਐਂਟੀਏਜਿੰਗ ਡਰਿੰਕ' ਬਹੁਤ ਆਮ ਵਰਤਿਆ ਜਾਂਦਾ ਹੈ। ਰਾਗੀ ਵਿਚਲੇ ਅਮਾਈਨੋ ਏਸਿਡ 'ਮੀਥਾਇਓਨੀਨ' ਤੇ 'ਲਾਈਸੀਨ', ਕੋਲਾਜਨ ਬਣਾਉਂਦੇ ਹਨ। ਕੋਲਾਜਨ ਨਾਲ ਚਮੜੀ ਢਿੱਲੀ ਨਹੀਂ ਪੈਂਦੀ ਤੇ ਝੁਰੜੀਆਂ ਵੀ ਛੇਤੀ ਨਹੀਂ ਪੈਂਦੀਆਂ। ਇਸੇ ਲਈ ਰਾਗੀ ਖਾਣ ਵਾਲੇ ਜ਼ਿਆਦਾ ਦੇਰ ਤਕ ਜਵਾਨ ਦਿਸਦੇ ਰਹਿੰਦੇ ਹਨ।

ਰਾਗੀ ਨੂੰ ਖਾਣ ਦਾ ਤਰੀਕਾ : 1. ਪੰਜ ਕਿਲੋ ਮਲਟੀਗਰੇਨ (ਛੋਲੇ, ਸੋਇਆਬੀਨ, ਕਣਕ, ਜੁਆਰ, ਬਾਜਰਾ, ਸੱਤੂ) ਆਟੇ ਵਿਚ ਇਕ ਕਿਲੋ ਛਾਣਬੂਰਾ ਤੇ ਇਕ ਕਿਲੋ ਰਾਗੀ ਪਾ ਕੇ ਰੱਖ ਲਉ। ਇਸ ਦਾ ਆਟਾ ਗੁੰਨ੍ਹ ਕੇ ਰੋਟੀ ਬਣਾਉਣ ਨਾਲ ਸ੍ਰੀਰ ਸਿਹਤਮੰਦ ਰਖਿਆ ਜਾ ਸਕਦਾ ਹੈ।

ਰਾਗੀ ਦਾ ਸ਼ਰਬਤ ਬਣਾਉਣ ਲਈ : ਇਕ ਕੱਪ ਪਾਣੀ ਲਉ, ਇਸ ਵਿਚ ਤਿੰਨ ਚਮਚ ਸ਼ੱਕਰ, ਇਕ ਚਮਚ ਛੋਟੀ ਲਾਚੀ ਪੀਸੀ ਹੋਈ, ਦੁਧ 1/4 ਕੱਪ, ਰਾਗੀ ਦਾ ਆਟਾ 1/2 ਕੱਪ। ਰਾਗੀ ਦੇ ਆਟੇ ਨੂੰ ਵੱਡੇ ਭਾਂਡੇ ਵਿਚ ਪਾ ਕੇ ਹੌਲੀ-ਹੌਲੀ ਵਿਚ ਪਾਣੀ ਮਿਲਾਉ ਤੇ ਲਗਾਤਾਰ ਹਿਲਾਉਂਦੇ ਰਹੋ ਤਾਕਿ ਢੇਲੇ ਨਾ ਬਣ ਜਾਣ। ਗਾੜ੍ਹਾ ਪੇਸਟ ਬਣ ਜਾਣ ਤੇ ਇਸ ਨੂੰ ਪਾਸੇ ਰੱਖ ਦਿਉ। ਦੁਧ ਉਬਾਲੋ ਤੇ ਗਾੜ੍ਹੇ ਪੇਸਟ ਨੂੰ ਦੁਧ ਵਿਚ ਹੌਲੀ-ਹੌਲੀ ਹਿਲਾਉਂਦੇ ਹੋਏ ਮਿਲਾ ਦਿਉ।

ਵਿਚ ਸ਼ੱਕਰ ਤੇ ਲਾਚੀ ਪਾ ਦਿਉ। ਹੌਲੀ ਕੀਤੀ ਹੋਈ ਗੈਸ ਉਤੇ ਭਾਂਡਾ ਰੱਖ ਕੇ ਹੌਲੀ-ਹੌਲੀ ਹਿਲਾਉਂਦੇ ਰਹੋ। ਫਿਰ ਠੰਢਾ ਕਰ ਕੇ ਵਿਚ ਬਦਾਮ, ਕਾਜੂ ਤੇ ਅਖਰੋਟ ਦੇ ਟੋਟੇ ਪਾ ਲਉ। ਲਉ ਜੀ ਹੋ ਗਈ ਤਿਆਰ ਗਰਮੀਆਂ ਵਾਸਤੇ ਠੰਢੀ ਸੌਗਾਤ ਤੇ ਸਰਦੀਆਂ ਲਈ ਗਰਮ ਸੌਗਾਤ। ਇਸ ਤੋਂ ਵਧੀਆ ਹੋਰ ਕੋਈ ਸਿਹਤਮੰਦ ਸ਼ਰਬਤ ਹੋ ਹੀ ਨਹੀਂ ਸਕਦਾ। (ਸ਼ੱਕਰ ਰੋਗੀ ਸ਼ੱਕਰ ਤੋਂ ਬਗ਼ੈਰ ਪੀਣ)

ਰਾਗੀ ਦਾ ਸੂਪ : ਜੇ ਕੋਈ ਭਾਰ ਘਟਾਉਣ ਬਾਰੇ ਸੋਚ ਰਿਹਾ ਹੈ ਤੇ ਸਿਹਤਮੰਦ ਰਹਿਣ ਦਾ ਫ਼ੈਸਲਾ ਕਰ ਚੁਕਿਆ ਹੈ ਤਾਂ ਰਾਗੀ ਦਾ ਸੂਪ ਪੀਤੇ ਬਿਨਾਂ ਅਗਲਾ ਦਿਨ ਚੜ੍ਹਨਾ ਹੀ ਨਹੀਂ ਚਾਹੀਦਾ। ਬਿਨਾਂ ਘਿਉ ਦੇ ਪਰ ਸਬਜ਼ੀਆਂ ਦੇ ਸਾਰੇ ਜ਼ਰੂਰੀ ਤੱਤਾਂ ਸਮੇਤ ਬਣਿਆ ਇਹ ਸੂਪ ਪੂਰਨ ਸੰਤੁਲਿਤ ਖ਼ੁਰਾਕ ਹੈ। 3/4 ਕੱਪ ਰਾਗੀ ਦਾ ਆਟਾ, ਇਕ ਕਟਿਆ ਹੋਇਆ ਟਮਾਟਰ, ਇਕ ਕਟਿਆ ਹੋਇਆ ਪਿਆਜ਼, 1/2 ਕੱਪ ਫੁੱਲ ਗੋਭੀ ਕੱਦੂਕਸ ਕੀਤੀ ਹੋਈ, 1/4 ਕੱਪ ਹਰੇ ਮਟਰ, 1/4 ਕੱਪ ਗਾਜਰਾਂ ਕੱਟੀਆਂ ਹੋਈਆਂ, ਚਾਰ ਥੋਮ ਤੁਰੀਆਂ ਬਰੀਕ ਕੱਟੀਆਂ ਹੋਈਆਂ, ਇਕ ਲਿਟਰ ਪਾਣੀ, ਦੋ ਕੱਪ ਦੁਧ, ਦੋ ਚਮਚ ਖੰਡ,Ñਲੂਣ ਤੇ ਮਿਰਚ ਸਵਾਦ ਅਨੁਸਾਰ, ਦੋ ਚਮਚ ਨਾਰੀਅਲ ਦਾ ਤੇਲ, ਦੋ ਚਮਚ ਜੀਰਾ, ਦੋ ਕੜ੍ਹੀ ਪੱਤਾ।

ਵਿਧੀ : ਪੈਨ ਵਿਚ ਪਾਣੀ ਪਾ ਕੇ ਉਬਾਲੋ। ਉਸ ਵਿਚ ਪਿਆਜ਼, ਥੋਮ, ਗਾਜਰਾਂ, ਫੁੱਲਗੋਭੀ, ਹਰੇ ਮਟਰ, ਟਮਾਟਰ, ਲੂਣ, ਮਿਰਚ ਤੇ ਖੰਡ ਮਿਲਾ ਦਿਉ। ਇਸਨੂੰ 10 ਮਿੰਟ ਉਬਾਲੋ। ਇਕ ਵਖਰੇ ਪੈਨ ਵਿਚ ਖੋਪੇ ਦਾ ਤੇਲ ਗਰਮ ਕਰ ਕੇ ਜ਼ੀਰਾ ਤੇ ਕੜ੍ਹੀ ਪੱਤਾ ਪਾ ਕੇ ਭੁੰਨ ਲਉ ਤੇ ਬਾਕੀ ਦੇ ਉਬਲੇ ਪਾਣੀ ਵਿਚ ਮਿਲਾ ਦਿਉ। ਫਿਰ ਵਿਚ ਦੁਧ ਮਿਲਾਉ। ਅਖ਼ੀਰ ਵਿਚ ਪਾਣੀ ਵਿਚ ਘੁਲਿਆ ਰਾਗੀ ਦਾ ਆਟਾ ਮਿਲਾ ਦਿਉ। ਇਸ ਸਾਰੇ ਮਿਸ਼ਰਨ ਨੂੰ ਹਲਕੀ ਅੱਗ ਉੱਤੇ 10 ਮਿੰਟ ਲਈ ਰਿੰਨ੍ਹੋ। ਫਿਰ ਤਾਜ਼ਾ ਹਰਾ ਧਨੀਆ ਬਰੀਕ ਕੱਟ ਕੇ ਉੱਤੇ ਪਾ ਦਿਉ ਤੇ ਗਰਮਾ ਗਰਮ ਪੀ ਲਉ।

ਰਾਗੀ ਦਾ ਉਪਮਾ : ਆਮ ਤੌਰ ਉੱਤੇ ਉਪਮਾ ਚੌਲਾਂ ਨੂੰ ਫੇਹ ਕੇ  ਬਣਾਇਆ ਜਾਂਦਾ ਹੈ ਪਰ ਰਾਗੀ ਦਾ ਉਪਮਾ ਉਸ ਤੋਂ ਕਿਤੇ ਵੱਧ ਸਿਹਤਮੰਦ ਹੈ। ਰਾਗੀ ਦਾ ਆਟਾ ਇਕ ਕੱਪ, ਰਾਈ ਅੱਧਾ ਚਮਚ, ਜੀਰਾ ਅੱਧਾ ਚਮਚ, ਤੇਲ ਚਾਰ ਚਮਚ, ਛੋਲਿਆਂ ਦੀ ਦਾਲ ਅੱਧਾ ਚਮਚ, ਹਲਦੀ ਇਕ ਚੂੰਢੀ, ਦੋ ਕਟੀਆਂ ਹੋਈਆਂ ਹਰੀਆਂ ਮਿਰਚਾਂ, ਇਕ ਪਿਆਜ਼ ਕਟਿਆ ਹੋਇਆ, ਇਕ ਟਮਾਟਰ ਕਟਿਆ ਹੋਇਆ, ਚਾਰ ਕੜ੍ਹੀ ਪੱਤਾ, ਚਾਰ ਚਮਚ ਧਨੀਆ ਕਟਿਆ ਹੋਇਆ, ਲੂਣ ਸਵਾਦ ਅਨੁਸਾਰ, ਦੋ ਕੱਪ ਪਾਣੀ, ਚਾਰ ਚਮਚ ਨਿੰਬੂ ਦਾ ਰਸ।

ਵਿਧੀ : ਇਕ ਚਮਚ ਤੇਲ ਪੈਨ ਵਿਚ ਗਰਮ ਕਰ ਕੇ ਉਸ ਵਿਚ ਰਾਗੀ ਦੇ ਆਟੇ ਨੂੰ ਭੁੰਨ ਲਉ। ਬਾਕੀ ਦੇ ਤੇਲ ਨੂੰ ਹੋਰ ਪੈਨ ਵਿਚ ਗਰਮ ਕਰ ਕੇ ਜੀਰਾ ਤੇ ਰਾਈ ਭੁੰਨੋ। ਉਸ ਵਿਚ ਦਾਲ ਪਾ ਕੇ ਫਿਰ ਭੁੰਨੋ। ਜਦੋਂ ਹਲਕਾ ਭੂਰਾ ਹੋ ਜਾਵੇ ਤਾਂ ਵਿਚ ਕੜ੍ਹੀ ਪੱਤਾ, ਪਿਆਜ਼ ਤੇ ਟਮਾਟਰ ਪਾ ਕੇ ਹੋਰ ਭੁੰਨੋ। ਫਿਰ ਵਿਚ ਲੂਣ ਤੇ ਪਾਣੀ ਪਾ ਕੇ ਉਬਾਲੋ। ਲਗਾਤਾਰ ਹਿਲਾਉਂਦੇ ਹੋਏ ਰਾਗੀ ਦਾ ਭੁੰਨਿਆ ਆਟਾ ਮਿਲਾਉ ਤੇ ਪੰਜ ਮਿੰਟ ਤਕ ਢਕ ਕੇ ਹਲਕੀ ਅੱਗ ਉਤੇ ਪਕਾਉ। ਫਿਰ ਨਿੰਬੂ ਤਰੋਂਕ ਕੇ, ਹਰਾ ਧਨੀਆ ਕੱਟ ਕੇ, ਉਤੇ ਛਿੜਕੋ ਤੇ ਗਰਮਾ ਗਰਮ ਛਕੋ।

ਰਾਗੀ ਇਡਲੀ : ਸੱਭ ਤੋਂ ਮਸ਼ਹੂਰ ਇਡਲੀ ਜਿਸ ਵਿਚ ਫ਼ਾਈਬਰ, ਪੋਟਾਸ਼ੀਅਮ ਤੇ ਕੈਲਸ਼ੀਅਮ ਭਰਿਆ ਪਿਆ ਹੈ, ਉਹ ਰਾਗੀ ਦੀ ਬਣੀ ਇਡਲੀ ਹੀ ਹੈ। ਨਾਸ਼ਤੇ ਵਿਚ ਖਾਧੀ ਰਾਗੀ ਇਡਲੀ ਨਾ ਸਿਰਫ਼ ਕੈਲੋਸਟਰੋਲ ਬਲਕਿ ਸ਼ੱਕਰ ਦੀ ਮਾਤਰਾ ਵੀ ਖ਼ੂਨ ਵਿਚੋਂ ਘਟਾਉਂਦੀ ਹੈ। ਜੇਕਰ ਇਸ ਵਿਚ ਗਾਜਰਾਂ, ਫਲੀਆਂ ਤੇ ਸ਼ਿਮਲਾ ਮਿਰਚ ਕੱਦੂਕਸ ਕਰ ਕੇ ਮਿਲਾ ਲਈਆਂ ਜਾਣ ਜਾਂ ਇਡਲੀ ਨਾਲ ਖਾਣ ਲਈ ਵੱਖ ਚਟਣੀ ਵਿਚ ਮਿਲਾ ਲਈ ਜਾਵੇ ਤਾਂ ਸੁਆਦ ਦੁਗਣਾ ਹੋ ਸਕਦਾ ਹੈ।  ਇਕ ਕੱਪ ਰਾਗੀ ਦਾ ਆਟਾ, ਅੱਧਾ ਕੱਪ ਰਵਾ ਇਡਲੀ ਚੌਲਾਂ ਦਾ ਪਾਊਡਰ, ਪਾਣੀ ਲੋੜ ਅਨੁਸਾਰ, ਲੂਣ ਲੋੜ ਅਨੁਸਾਰ, ਇਕ ਚੂੰਢੀ ਮਿੱਠਾ ਸੋਡਾ, ਤਿੰਨ ਚਮਚ ਤੇਲ।

ਵਿਧੀ : ਛੋਲਿਆਂ ਦੀ ਦਾਲ ਤੇ ਚੌਲਾਂ ਨੂੰ ਵੱਖੋ-ਵਖ ਇਕ ਘੰਟੇ ਲਈ ਪਾਣੀ ਵਿਚ ਭਿਉਂ ਦਿਉ। ਫਿਰ ਵਾਧੂ ਪਾਣੀ ਕੱਢ ਕੇ ਮਿਕਸੀ ਵਿਚ ਬਰੀਕ ਕਰ ਲਉ। ਫਿਰ ਰਾਗੀ ਦਾ ਆਟਾ ਮਿਲਾ ਦਿਉ ਤੇ ਚੰਗੀ ਤਰ੍ਹਾਂ ਹਿਲਾ ਦਿਉ। ਰਾਤ ਭਰ ਇਸ ਮਿਸ਼ਰਨ ਨੂੰ ਗਰਮ ਥਾਂ ਉੱਤੇ ਢੱਕ ਕੇ ਰੱਖ ਦਿਉ। ਸਵੇਰੇ ਰਤਾ ਕੁ ਲੂਣ ਤੇ ਮਿੱਠਾ ਸੋਡਾ ਮਿਲਾ ਦਿਉ। ਫਿਰ ਇਡਲੀ ਸਟੈਂਡ ਦੇ ਖੋਲਾਂ ਵਿਚ ਹਲਕਾ ਤੇਲ ਲਗਾ ਕੇ, ਉੱਤੇ ਇਹ ਮਿਸ਼ਰਨ ਪਾ ਦਿਉ। ਪੰਦਰਾਂ ਤੋਂ 20 ਮਿੰਟ ਭਾਫ਼ ਦੇ ਕੇ ਕੱਢ ਲਉ ਤੇ ਟਮਾਟਰ ਦੀ ਚਟਨੀ ਨਾਲ ਖਾ ਲਉ।
ਸੰਪਰਕ : 0175-2216783