ਸਰਦੀਆਂ ਵਿਚ ਬਣਾਉ ਇਹ ਬਾਜਰੇ ਦੇ ਬਣੇ ਸਵਾਦਿਸ਼ਟ ਪਕਵਾਨ, ਸਿਹਤ ਲਈ ਹਨ ਬਹੁਤ ਫ਼ਾਇਦੇਮੰਦ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਬਾਜਰੇ ਨੂੰ ਕਈ ਰੂਪਾਂ ਵਿਚ ਖਾਧਾ ਜਾ ਸਕਦਾ ਹੈ ਜਿਵੇਂ ਖਿਚੜੀ, ਪੂੜੀ, ਰੋਟੀ, ਹਲਵਾ, ਲੱਡੂ, ਚਿੱਲਾ, ਚੂਰਮਾ ਆਦਿ।

Representational Image

ਬਾਜਰੇ ਨੂੰ ਕਿਸੇ ਵੀ ਰੂਪ ਵਿਚ ਖਾਧਾ ਜਾ ਸਕਦਾ ਹੈ। ਬਾਜਰੇ ਨੂੰ ਕਈ ਰੂਪਾਂ ਵਿਚ ਖਾਧਾ ਜਾ ਸਕਦਾ ਹੈ ਜਿਵੇਂ ਖਿਚੜੀ, ਪੂੜੀ, ਰੋਟੀ, ਹਲਵਾ, ਲੱਡੂ, ਚਿੱਲਾ, ਚੂਰਮਾ ਆਦਿ। ਬਾਜਰੇ ਵਿਚ ਆਇਰਨ, ਫ਼ਾਸਫ਼ੋਰਸ, ਪ੍ਰੋਟੀਨ, ਕਾਰਬੋਹਾਈਡਰੇਟ, ਕੈਲਸ਼ੀਅਮ ਅਤੇ ਵਿਟਾਮਿਨ ਏ ਭਰਪੂਰ ਮਾਤਰਾ ਵਿਚ ਹੁੰਦਾ ਹੈ।

ਬਾਜਰੇ ਦੀ ਰੋਟੀ ਨੂੰ ਸ਼ੁਧ ਘਿਉ ਵਿਚ ਬਣਾ ਕੇ ਗੁੜ ਨਾਲ ਖਾਧਾ ਜਾਂਦਾ ਹੈ। ਕੈਲਸ਼ੀਅਮ ਦੀ ਕਮੀ ਨੂੰ ਪੂਰਾ ਕਰਨ ਲਈ ਗਰਭਵਤੀ ਔਰਤਾਂ ਨੂੰ ਬਾਜਰੇ ਦੀ ਰੋਟੀ ਖਾਣੀ ਚਾਹੀਦੀ ਹੈ। ਜੇਕਰ ਬਾਜਰੇ ਦੇ ਆਟੇ ਵਿਚ ਤਿਲ ਮਿਲਾ ਕੇ ਰੋਟੀ ਬਣਾਈ ਜਾਵੇ ਤਾਂ ਜ਼ਿਆਦਾ ਲਾਭ ਮਿਲਦਾ ਹੈ। ਬਾਜਰੇ ਵਿਚ ਫ਼ਾਈਬਰ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਇਹ ਮੋਟਾਪਾ ਘੱਟ ਕਰਨ ਵਿਚ ਵੀ ਫ਼ਾਇਦੇਮੰਦ ਹੈ। ਇਸ ਦਾ ਸੇਵਨ ਕਰਨ ਨਾਲ ਲੰਮੇ ਸਮੇਂ ਤਕ ਭੁੱਖ ਨਹੀਂ ਲਗਦੀ, ਅਜਿਹੇ ਵਿਚ ਜੋ ਲੋਕ ਡਾਈਟਿੰਗ ਕਰਦੇ ਹਨ, ਉਹ ਅਕਸਰ ਬਾਜਰੇ ਦੀ ਰੋਟੀ ਹੀ ਖਾਣਾ ਪਸੰਦ ਕਰਦੇ ਹਨ।

ਰਾਜਸਥਾਨ ਦੇ ਮਸ਼ਹੂਰ ਪਕਵਾਨਾਂ ਵਿਚੋਂ ਇਕ ਬਾਜਰਾ ਖਿਚੜੀ ਹੈ। ਇਹ ਦੇਸੀ ਘਿਉ ਵਿਚ ਵੀ ਬਣਾਈ ਜਾਂਦੀ ਹੈ। ਕਿਤੇ ਇਸ ਨੂੰ ਮਿੱਠਾ ਅਤੇ ਨਮਕੀਨ ਦੋਵੇਂ ਤਰ੍ਹਾਂ ਨਾਲ ਬਣਾਇਆ ਜਾਂਦਾ ਹੈ। ਠੰਢੇ ਮੌਸਮ ਵਿਚ ਇਹ ਬਹੁਤ ਫ਼ਾਇਦੇਮੰਦ ਹੁੰਦੀ ਹੈ। ਦੂਜੇ ਪਾਸੇ ਬਾਜਰੇ ਦੀ ਖਿਚੜੀ ਵੀ ਬਹੁਤ ਸਵਾਦਿਸ਼ਟ ਹੁੰਦੀ ਹੈ। ਇਕ ਕਟੋਰੀ ਬਾਜਰੇ ਅਤੇ ਇਕ ਛੋਟੀ ਕਟੋਰੀ ਮੁੰਗੀ ਦੀ ਦਾਲ ਨੂੰ ਰਾਤ ਨੂੰ ਭਿਉਂ ਦਿਉ ਅਤੇ ਸਵੇਰੇ ਇਸ ਨੂੰ ਕੁਕਰ ਵਿਚ ਗਾਜਰ, ਸ਼ਿਮਲਾ ਮਿਰਚ, ਟਮਾਟਰ, ਮਟਰ ਆਦਿ ਪਾ ਕੇ ਪਕਾਉ। ਇਸ ਨੂੰ ਦੇਸੀ ਘਿਉ ਵਿਚ ਬਣਾਉਣ ਨਾਲ ਇਹ ਬਹੁਤ ਹੀ ਸਵਾਦਿਸ਼ਟ ਬਣ ਜਾਂਦੀ ਹੈ।

ਸਰਦੀਆਂ ਆਉਂਦੇ ਹੀ ਘਰਾਂ ਵਿਚ ਕਈ ਤਰ੍ਹਾਂ ਦੇ ਲੱਡੂ ਬਣਾਏ ਜਾਂਦੇ ਹਨ। ਤੁਸੀਂ ਬਾਜਰੇ ਦੇ ਲੱਡੂ ਵਿਚ ਕਈ ਤਰ੍ਹਾਂ ਦੇ ਮੇਵੇ ਵੀ ਮਿਲਾ ਸਕਦੇ ਹੋ। ਜੇਕਰ ਠੰਢ ਵਿਚ ਰੋਜ਼ਾਨਾ ਇਕ ਬਾਜਰੇ ਦੇ ਲੱਡੂ ਦਾ ਸੇਵਨ ਕੀਤਾ ਜਾਵੇ ਤਾਂ ਕਈ ਤਰ੍ਹਾਂ ਦੀਆਂ ਮੌਸਮੀ ਬੀਮਾਰੀਆਂ ਤੋਂ ਬਚਿਆ ਜਾ ਸਕਦਾ ਹੈ।