ਘਰ ਦੀ ਰਸੋਈ ਵਿਚ ਬਣਾਉ ਰਸ ਮਲਾਈ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਦੁੱਧ 1 ਲੀਟਰ (ਛੇਨਾ ਬਣਾਉਣ ਲਈ), ਨਿੰਬੂ ਦਾ ਰਸ 2 ਚਮਚ, ਖੰਡ ਦੀ ਚਾਸ਼ਨੀ, ਦੁੱਧ 1 ਲੀਟਰ (ਰਸ ਮਲਾਈ ਦੇ ਦੁੱਧ ਲਈ)

Ras malai

ਸਮੱਗਰੀ: ਦੁੱਧ 1 ਲੀਟਰ (ਛੇਨਾ ਬਣਾਉਣ ਲਈ), ਨਿੰਬੂ ਦਾ ਰਸ 2 ਚਮਚ, ਖੰਡ ਦੀ ਚਾਸ਼ਨੀ, ਦੁੱਧ 1 ਲੀਟਰ (ਰਸ ਮਲਾਈ ਦੇ ਦੁੱਧ ਲਈ), ਕੇਸਰ 10-15 ਧਾਗੇ, ਕਾਜੂ 15-16 (ਪਤਲੇ-ਪਤਲੇ ਟੁਕੜੇ ਕੱਟ ਲਉ), ਪਿਸਤੇ 15-16 (ਪਤਲੇ-ਪਤਲੇ ਕੱਟੇ ਹੋਏ ਟੁਕੜੇ), ਛੋਟੀ ਇਲਾਇਚੀ 3-4 (ਛਿੱਲ ਕੇ ਪੀਸ ਲਉ)
ਛੇਨਾ ਬਣਾਉਣ ਲਈ: ਦੁੱਧ ਨੂੰ ਕਿਸੇ ਭਾਰੀ ਥੱਲੇ ਵਾਲੇ ਭਾਂਡੇ ’ਚ ਪਾ ਕੇ ਗਰਮ ਕਰ ਲਉ। ਉਬਾਲਾ ਆਉਣ ਤੋਂ ਬਾਅਦ ਗੈਸ ਤੋਂ ਉਤਾਰ ਲਉ ਅਤੇ ਉਸ ਵਿਚ ਥੋੜ੍ਹਾ ਨਿੰਬੂ ਦਾ ਰਸ ਜਾਂ ਵੈਨੇਗਰ ਪਾਉਂਦੇ ਹੋਏ ਚਮਚੇ ਨਾਲ ਹਿਲਾਉ।

ਦੁੱਧ ਜਦੋਂ ਪੂਰੀ ਤਰ੍ਹਾਂ ਫਟ ਜਾਵੇ, ਦੁੱਧ ’ਚ ਛੇਨਾ ਤੇ ਪਾਣੀ ਵੱਖ ਦਿਖਾਈ ਦੇਣ ਲੱਗੇ ਤਾਂ ਨਿੰਬੂ ਦਾ ਰਸ ਜਾਂ ਵੈਨੇਗਰ ਪਾਉਣਾ ਬੰਦ ਕਰ ਦਿਉ। ਛੇਨੇ ਨੂੰ ਕਪੜੇ ’ਚ ਛਾਣੋ ਤੇ ਉਪਰੋਂ ਠੰਢੇ ਪਾਣੀ ਨਾਲ ਧੋ ਦਿਉ ਤਾਕਿ ਨਿੰਬੂ ਦਾ ਸਵਾਦ ਛੇਨਾ ’ਚ ਨਾ ਰਹੇ। ਕਪੜੇ ਨੂੰ ਚਾਰੇ ਪਾਸਿਉ ਉਠਾ ਕੇ ਹੱਥ ਨਾਲ ਦਬਾਅ ਕੇ ਵਾਧੂ ਪਾਣੀ ਕੱਢ ਦਿਉ। ਰਸ ਮਲਾਈ ਬਣਾਉਣ ਲਈ ਛੇਨਾ ਤਿਆਰ ਹੈ

ਰਸ ਮਲਾਈ ਬਣਾਉਣ ਲਈ: ਛੇਨਾ ਨੂੰ ਕਿਸੇ ਥਾਲੀ ’ਚ ਪਾਉ ਤੇ ਹੱਥ ਨਾਲ ਮਲ-ਮਲ ਕੇ ਚੀਕਣਾ ਤੇ ਨਰਮ ਕਰ ਲਉ। ਛੇਨਾ ਬਹੁਤ ਹੀ ਨਰਮ ਤੇ ਗੁੰਨ੍ਹੇ ਹੋਏ ਆਟੇ ਵਰਗਾ ਬਣ ਜਾਂਦਾ ਹੈ, ਇਹ ਛੇਨਾ ਰਸ ਮਲਾਈ ਬਣਾਉਣ ਲਈ ਤਿਆਰ ਹੈ। ਇਸ ਛੇਨੇ ’ਚੋਂ ਥੋੜ੍ਹਾ ਜਿਹਾ ਕੱਢ ਲਉ, ਗੋਲ ਟਿੱਕੀ ਦਾ ਆਕਾਰ ਬਣਾਉ। ਸਾਰੇ ਗੋਲੇ ਇਸ ਤਰ੍ਹਾਂ ਬਣਾ ਕੇ ਪਲੇਟ ’ਚ ਰੱਖ ਲਉ। ਇੰਨੇ ਛੇਨੇ ’ਚੋਂ 10 ਜਾਂ 12 ਰਸ ਮਲਾਈਆਂ ਬਣ ਜਾਣਗੀਆਂ।

ਰਸ ਮਲਾਈ ਲਈ ਦੁੱਧ: ਦੁੱਧ ਨੂੰ ਭਾਰੀ ਭਾਂਡੇ ’ਚ ਗਾੜ੍ਹਾ ਕਰਨ ਲਈ ਗੈਸ ’ਤੇ ਰੱਖ ਦਿਉ। ਉਬਾਲਾ ਆਉਣ ’ਤੇ ਥੋੜ੍ਹੀ-ਥੋੜ੍ਹੀ ਦੇਰ ਬਾਅਦ ਚਮਚ ਨਾਲ ਹਿਲਾਉਂਦੇ ਰਹੋ। ਦੁੱਧ ’ਚ ਕੇਸਰ ਜਾਂ ਮੇਵੇ ਪਾ ਦਿਉ। ਜਦੋਂ ਦੁੱਧ ਦੀ ਮਾਤਰਾ ਅੱਧੀ ਹੋ ਜਾਵੇ, ਗੈਸ ਬੰਦ ਕਰ ਦਿਉੁ। ਦੁੱਧ ’ਚ ਖੰਡ ਤੇ ਇਲਾਇਚੀ ਮਿਲਾ ਦਿਉ। ਰਸ ਮਲਾਈ ਲਈ ਦੁੱਧ ਤਿਆਰ ਹੈ। ਰਸ ਮਲਾਈ ਨੂੰ ਖੰਡ ਦੇ ਪਾਣੀ ’ਚੋਂ ਕੱਢ ਕੇ ਦੁੱਧ ’ਚ ਪਾ ਦਿਉ। ਫ਼ਰਿਜ ’ਚ ਰੱਖ ਕੇ ਠੰਢਾ ਕਰ ਲਉ। ਤੁਹਾਡੀ ਰਸ ਮਲਾਈ ਬਣ ਕੇ ਤਿਆਰ ਹੈ।