ਸਮੱਗਰੀ: 4 ਜਾਂ 5 ਕੱਪ ਕੱਟੀ ਹੋਈ ਪਾਲਕ, 1 ਕੱਪ ਚਿੱਟੇ ਛੋਲੇ, ਇਕ ਵੱਡਾ ਟਮਾਟਰ, 3 ਤੋਂ 4 ਚਮਚ ਤੇਲ, ਇਕ ਤਿਹਾਈ ਚਮਚ ਅਨਾਰ ਦੇ ਬੀਜ ਜਾਂ ਸੁੱਕਾ ਅੰਬ, 1 ਚਮਚ ਕਸੂਰੀ ਮੇਥੀ, 1 ਵੱਡਾ ਪਿਆਜ਼, 1 ਜਾਂ ਦੋ ਹਰੀਆਂ ਮਿਰਚਾਂ, 3 ਤੋਂ 4 ਲੱਸਣ ਦੇ ਟੁਕੜੇ, ਅੱਧਾ ਇੰਚ ਅਦਰਕ, 1 ਇੰਚ ਦਾਲਚੀਨੀ, 3 ਲੌਂਗ, 2 ਛੋਟੀਆਂ ਇਲਾਇਚੀਆਂ, 1 ਵੱਡੀ ਇਲਾਇਚੀ, 1 ਤੇਜ ਪੱਤਾ, ਅੱਧਾ ਚਮਚ ਜੀਰਾ ਪਾਊਡਰ, 1 ਚਮਚ ਧਨੀਆ ਪਾਊਡਰ, ਅੱਧਾ ਚਮਚ ਲਾਲ ਮਿਰਚ ਪਾਊਡਰ, ਇਕ ਚੌਥਾਈ ਚਮਚ ਹਲਦੀ, ਤਿੰਨ ਚੌਥਾਈ ਚਮਚ ਪੰਜਾਬ ਗਰਮ ਮਸਾਲਾ ਪਾਊਡਰ ਜਾਂ ਚਨਾ ਮਸਾਲਾ।
ਤਿਆਰੀ: ਸੁੱਕੇ ਚਿੱਟੇ ਛੋਲਿਆਂ ਨੂੰ ਰਾਤ 7 ਤੋਂ 8 ਘੰਟਿਆਂ ਤਕ ਭਿਉਂ ਕੇ ਰੱਖੋ। ਇਸ ਤੋਂ ਬਾਅਦ ਇਨ੍ਹਾਂ ’ਚੋਂ ਪਾਣੀ ਕੱਢ ਕੇ ਤਾਜ਼ਾ 3-4 ਕੱਪ ਪਾਣੀ ਸਮੇਤ ਪ੍ਰੈਸ਼ਰ ਕੁੱਕਰ ’ਚ ਪਾਉ। ਇਸ ’ਚ ਅੱਧਾ ਚਮਚ ਨਮਕ ਵੀ ਪਾ ਦਿਉ। ਛੋਲਿਆਂ ਨੂੰ ਚੰਗੀ ਤਰ੍ਹਾਂ ਪਕ ਜਾਣ ਤਕ ਪ੍ਰੈਸ਼ਰ ਕੁੱਕਰ ’ਚ ਰੱਖੋ। ਤੁਸੀ ਛੋਲਿਆਂ ਨੂੰ ਪਤੀਲੇ ਜਾਂ ਪੈਨ ’ਚ ਵੀ ਪਕਾ ਸਕਦੇ ਹੋ। ਇਸ ਦੌਰਾਨ ਹਰੀ ਮਿਰਚ, ਅਦਰਕ ਅਤੇ ਲੱਸਣ ਸਮੇਤ ਪਿਆਜ਼ਾਂ ਦਾ ਪੇਸਟ ਬਣਾਉ। ਟਮਾਟਰ ਦੀ ਚਟਣੀ ਬਣਾ ਕੇ ਅੰਦਰ ਰੱਖੋ। ਪਾਲਕ ਦੇ ਪੱਤਿਆਂ ਨੂੰ ਚੰਗੀ ਤਰ੍ਹਾਂ ਪਾਣੀ ’ਚ ਧੋ ਕੇ ਕੱਟ ਲਵੋ। ਛੋਲਿਆਂ ਵਿਚੋਂ ਪਾਣੀ ਕੱਢ ਕੇ ਅੰਦਰ ਰੱਖ ਲਉ।
ਵਿਧੀ: ਇਕ ਪੈਨ ’ਚ ਤੇਲ ਗਰਮ ਕਰ ਲਉ। ਸਾਰੇ ਸਾਬਤ ਮਸਾਲਿਆਂ ਨੂੰ ਰੰਗ ਬਦਲਣ ਤਕ ਭੁੰਨ ਲਉ। ਪਿਆਜ਼ ਦਾ ਪੇਸਟ ਮਿਲਾਉ ਅਤੇ ਹਲਕਾ ਭੂਰਾ ਹੋਣ ਤਕ ਗਰਮ ਕਰੋ। ਟਮਾਟਰ ਦੀ ਚਟਣੀ ਅਤੇ ਉੱਪਰ ਲਿਖੇ ਸਾਰੇ ਮਸਾਲਿਆਂ ਦੇ ਪਾਊਡਰ ਪਾਉ। ਜਦੋਂ ਤਕ ਮਸਾਲਾ ਤੇਲ ਨਾ ਛੱਡ ਦੇਵੇ ਅਤੇ ਭੂਰੇ ਰੰਗ ਦਾ ਨਾ ਹੋ ਜਾਵੇ ਉਦੋਂ ਤਕ ਗਰਮ ਕਰੋ। ਹੁਣ ਇਸ ’ਚ ਕੱਟੀ ਹੋਈ ਪਾਲਕ ਅਤੇ ਨਮਕ ਪਾਉ।
4 ਤੋਂ 5 ਮਿੰਟਾਂ ਤਕ ਪਕਾਉ। ਇਸ ’ਚ ਛੋਲੇ ਅਤੇ ਡੇਢ-ਦੋ ਕੱਪ ਪਾਣੀ ਮਿਲਾ ਦਿਉ। ਇਸ ’ਚ ਪੀਸੇ ਹੋਏ ਅਨਾਰ ਦੇ ਬੀਜਾਂ ਦਾ ਪਾਊਡਰ ਜਾਂ ਸੁੱਕੇ ਅੰਬ ਦਾ ਪਾਊਡਰ ਮਿਲਾਉ। ਕੁੱਝ ਛੋਲਿਆਂ ਨੂੰ ਚਮਚ ਨਾਲ ਪੀਸ ਦੇਵੋ। ਜਦੋਂ ਤਕ ਪਾਲਕ ਛੋਲਿਆਂ ਦਾ ਪਾਣੀ ਸੁੱਕ ਨਹੀਂ ਜਾਂਦਾ ਉਦੋਂ ਤਕ ਪਕਾਉ। ਅਖ਼ੀਰ ’ਚ ਇਸ ’ਚ ਪੀਸੀ ਹੋਈ ਕਸੂਰੀ ਮੇਥੀ ਪਾਉ ਅਤੇ 1 ਤੋਂ 2 ਮਿੰਟਾਂ ਤਕ ਹੌਲੀ ਤਾਪ ਤੇ ਪਕਾਉ। ਪਾਲਕ ਛੋਲਿਆਂ ਨੂੰ ਰੋਟੀ, ਨਾਨ ਜਾਂ ਉਬਲੇ ਚੌਲਾਂ ਨਾਲ ਪਰੋਸੋ।