ਗਰਮੀ ਵਿਚ ਬੇਨਜ਼ੀਰ ਤੋਹਫ਼ਾ - ਸ਼ਹਤੂਤ
ਸ਼ਹਤੂਤ ਫੱਲ ਦਿਮਾਗ਼ ਨੂੰ ਤਰਾਵਟ ਅਤੇ ਦਿਲ ਨੂੰ ਤਾਕਤ ਦੇਂਦਾ ਹੈ। ਸ਼ਹਤੂਤ ਦਾ ਰੁੱਖ ਤਰ੍ਹਾਂ ਤਰ੍ਹਾਂ ਦਾ ਹੁੰਦਾ ਹੈ। ਇਕ ਨੂੰ ਸ਼ਹਤੂਤ ਕਹਿੰਦੇ ਹਨ ਤੇ ਦੂਸਰੇ ਨੂੰ ਤੂਤ...
ਸ਼ਹਤੂਤ ਫੱਲ ਦਿਮਾਗ਼ ਨੂੰ ਤਰਾਵਟ ਅਤੇ ਦਿਲ ਨੂੰ ਤਾਕਤ ਦੇਂਦਾ ਹੈ। ਸ਼ਹਤੂਤ ਦਾ ਰੁੱਖ ਤਰ੍ਹਾਂ ਤਰ੍ਹਾਂ ਦਾ ਹੁੰਦਾ ਹੈ। ਇਕ ਨੂੰ ਸ਼ਹਤੂਤ ਕਹਿੰਦੇ ਹਨ ਤੇ ਦੂਸਰੇ ਨੂੰ ਤੂਤ। ਸ਼ਹਤੂਤ ਫੱਲ 2 ਇੰਚ ਤੋਂ 3 ਇੰਚ ਤਕ ਲੰਮਾ ਹੁੰਦਾ ਹੈ। ਇਸ ਦੇ ਫੱਲ ਦਾ ਰੰਗ ਕਾਲਾ ਲਾਲ ਹੁੰਦਾ ਹੈ। ਇਹ ਫੱਲ ਖਾਣ ਦੇ ਕੰਮ ਆਉਂਦਾ ਹੈ ਤੇ ਔਸ਼ਧੀਆਂ ਵਿਚ ਵਰਤਿਆ ਜਾਂਦਾ ਹੈ। ਤੂਤ ਨੂੰ ਫੱਲ ਛੋਟਾ ਲਗਦਾ ਹੈ। ਤੂਤ ਦੀ ਲਕੜੀ ਮਜ਼ਬੂਤ ਹੁੰਦੀ ਹੈ। ਦਿਹਾਤੀ ਇਲਾਕਿਆਂ ਵਿਚ ਇਸ ਦੀ ਲਕੜੀ ਦੇ ਬਾਲੇ ਅਤੇ ਛਤੀਰ ਬਣਾਏ ਜਾਂਦੇ ਹਨ। ਸ਼ਹਤੂਤ ਦੇ ਪੱਤਿਆਂ ਨੂੰ ਰੇਸ਼ਮ ਦੇ ਕੀੜੇ ਬੜੇ ਸੁਆਦ ਨਾਲ ਖਾਂਦੇ ਹਨ। ਸ਼ਹਤੂਤ ਦੀਆਂ ਛਮਕਾਂ ਨਾਲ ਟੋਕਰੇ ਵੀ ਬਣਾਏ ਜਾਂਦੇ ਹਨ।
ਕਿਉਂਕਿ ਸ਼ਹਤੂਤ ਦੀ ਲੱਕੜ ਮਜ਼ਬੂਤ ਹੁੰਦੀ ਹੈ, ਇਸ ਲਈ ਹਾਕੀ ਦਾ ਬੱਟ ਤੂਤ ਦੀ ਲੱਕੜ ਤੋਂ ਬਣਾਇਆ ਜਾਂਦਾ ਹੈ। ਤੂਤ ਦੀ ਲਕੜੀ ਨੂੰ ਜਦ ਸਾੜਿਆ ਜਾਂਦਾ ਹੈ ਤਾਂ ਚੰਗਿਆੜੇ ਛਡਦੀ ਹੈ। ਸ਼ਹਤੂਤ ਦਾ ਫੱਲ ਗਰਮੀ, ਪਿਆਸ ਦੂਰ ਕਰਦਾ ਹੈ ਅਤੇ ਗਰਮੀ ਵਿਚ ਲੂਅ ਲੱਗਣ ਤੋਂ ਬਚਾਉਂਦਾ ਹੈ। ਪਕਿਆ ਹੋਇਆ ਸ਼ਹਤੂਤ ਫੱਲ ਖਾਣ ਨਾਲ ਮੂੰਹ ਦੇ ਛਾਲੇ ਠੀਕ ਹੋ ਜਾਂਦੇ ਹਨ। ਆਯੁਰਵੈਦਿਕ ਔਸ਼ਧੀਆਂ ਵਿਚ ਸ਼ਹਤੂਤ ਦੇ ਪੱਤੇ ਅਤੇ ਫੱਲ ਪ੍ਰਯੋਗ ਕੀਤੇ ਜਾਂਦੇ ਹਨ। ਆਉ, ਤੁਹਾਨੂੰ ਇਸ ਲੇਖ ਰਾਹੀਂ ਕੁੱਝ ਘਰੇਲੂ ਪ੍ਰਯੋਗ ਦਸੀਏ ਜੋ ਬਹੁਤ ਗੁਣਕਾਰੀ ਹਨ।
ਬੁਖ਼ਾਰ : ਬੁਖ਼ਾਰ ਵਾਲੇ ਰੋਗੀ ਨੂੰ ਥੋੜੀ ਥੋੜੀ ਦੇਰ ਬਾਅਦ 2-2 ਚਮਚ ਸ਼ਰਬਤ ਸ਼ਹਤੂਤ ਪਿਆਉਣ ਨਾਲ ਬੁਖ਼ਾਰ ਕਾਰਨ ਮੂੰਹ ਦਾ ਸੁਕਣਾ, ਪਿਆਸ ਲਗਣਾ ਅਤੇ ਬੁਖ਼ਾਰ ਨਾਲ ਆਈ ਕਮਜ਼ੋਰੀ ਦੂਰ ਹੋ ਜਾਂਦੀ ਹੈ। ਸ਼ਹਤੂਤ ਫੱਲ ਦਾ ਮੌਸਮ ਹੋਵੇ ਤਾਂ ਵੈਸੇ ਵੀ ਖਾਇਆ ਜਾ ਸਕਦਾ ਹੈ।
ਗਲੇ ਖ਼ਰਾਬ ਲਈ : ਗਲਾ ਖ਼ਰਾਬ ਹੋਵੇ, ਗਲੇ ਵਿਚ ਖ਼ਾਰਿਸ਼ ਹੋਵੇ ਜਾਂ ਟਾਂਸਿਲ ਹੋਣ ਤਾਂ ਸ਼ਹਤੂਤ ਦੇ ਪੱਤਿਆਂ ਦਾ ਕਾਹੜਾ ਬਣਾ ਕੇ ਗਰਾਰੇ ਕਰਨ ਨਾਲ ਆਰਾਮ ਆ ਜਾਂਦਾ ਹੈ।
ਪੇਟ ਦੇ ਕੀੜੇ: ਸ਼ਹਤੂਤ ਦੇ ਪੱਤਿਆਂ ਦਾ ਕਾਹੜਾ 20 ਗਰਾਮ ਦੀ ਮਾਤਰਾ ਵਿਚ 2-3 ਦਿਨ ਸ਼ਾਮ ਨੂੰ ਲੈਣ ਨਾਲ ਪੇਟ ਸਾਫ਼ ਹੋ ਜਾਂਦਾ ਹੈ ਅਤੇ ਕੀੜੇ ਬਾਹਰ ਨਿਕਲ ਜਾਂਦੇ ਹਨ।
ਦਿਮਾਗ਼ੀ ਪ੍ਰੇਸ਼ਾਨੀ: ਦਿਮਾਗ਼ੀ ਪ੍ਰੇਸ਼ਾਨੀ ਹੋਵੇ ਜਾਂ ਸੁਭਾਅ ਵਿਚ ਚਿੜਚਿੜਾਪਨ ਹੋਵੇ ਤਾਂ ਰੋਜ਼ਾਨਾ 30 ਗਰਾਮ ਦੀ ਮਾਤਰਾ ਵਿਚ ਸ਼ਹਤੂਤ ਫੱਲ ਖਾਣ ਨਾਲ ਫ਼ਾਇਦਾ ਹੁੰਦਾ ਹੈ। ਸ਼ਹਤੂਤ ਫੱਲ ਦਾ ਰਸ ਦਿਨ ਵਿਚ 2-3 ਵਾਰ ਪੀਣ ਨਾਲ ਦਿਮਾਗ਼ੀ ਪ੍ਰੇਸ਼ਾਨੀ ਦੂਰ ਹੋ ਜਾਂਦੀ ਹੈ। ਇਹ ਪ੍ਰਯੋਗ ਚਾਲੀ ਦਿਨ ਜ਼ਰੂਰ ਇਸਤੇਮਾਲ ਕਰਨਾ ਚਾਹੀਦਾ ਹੈ।
ਪਿਆਸ ਲਈ: ਸ਼ਹਤੂਤ ਫੱਲ ਮੂੰਹ ਵਿਚ ਰੱਖ ਕੇ ਚੂਸਣ ਨਾਲ ਪਿਆਸ ਦੂਰ ਹੋ ਜਾਂਦੀ ਹੈ। ਪਿਆਸ ਤਾਂ ਬੁਝ ਹੀ ਜਾਏਗੀ ਪਰ ਨਾਲ ਨਾਲ ਗਲੇ ਦੀ ਖ਼ੁਸ਼ਕੀ, ਖ਼ਾਰਿਸ਼ ਨੂੰ ਵੀ ਫ਼ਾਇਦਾ ਹੋਵੇਗਾ। ਸ਼ਹਤੂਤ ਰਸ ਜਾਂ ਸ਼ਹਤੂਤ ਸ਼ਰਬਤ ਪੀਣ ਨਾਲ ਵੀ ਪਿਆਸ ਦੂਰ ਹੁੰਦੀ ਹੈ।
ਸ਼ਰਬਤ ਸ਼ਹਤੂਤ : ਸ਼ਹਤੂਤ ਫੱਲ ਦਾ ਰਸ ਇਕ ਕਿਲੋ ਅਤੇ ਡੇਢ ਕਿਲੋ ਖੰਡ ਲੈ ਕੇ ਚਾਸ਼ਨੀ ਬਣਾ ਕੇ ਸ਼ਰਬਤ ਬਣਾ ਲਵੋ। ਇਹ ਸ਼ਰਬਤ ਬਹੁਤ ਗੁਣਕਾਰੀ ਹੈ। ਪਿਆਸ, ਗਲੇ ਦਾ ਦਰਦ, ਬੁਖ਼ਾਰ ਅਤੇ ਦਿਮਾਗ਼ੀ ਪ੍ਰੇਸ਼ਾਨੀ ਦੂਰ ਕਰਦਾ ਹੈ।
ਅਜੋਕੀ ਖੋਜ : ਦੂਸਰੇ ਫਲਾਂ ਦੇ ਮੁਕਾਬਲੇ ਸ਼ਹਤੂਤ ਵਿਚ ਸੱਭ ਤੋਂ ਜ਼ਿਆਦਾ ਮਿਠਾਸ ਹੁੰਦੀ ਹੈ। ਇਸ ਵਿਚ ਸ਼ੱਕਰ, ਮਾਈਕਲੇਟ, ਸਾਈਟਰੇਡ ਅਤੇ ਪੈਕਟੀਨ ਨਾਮੀ ਤੱਤ ਪਾਏ ਜਾਂਦੇ ਹਨ। ਸ਼ਹਤੂਤ ਫੱਲ ਜ਼ਿਆਦਾ ਨਹੀਂ ਖਾਣਾ ਚਾਹੀਦਾ। ਵਾਤ ਰੋਗੀਆਂ ਨੂੰ ਇਸ ਦਾ ਪ੍ਰਯੋਗ ਨਹੀਂ ਕਰਨਾ ਚਾਹੀਦਾ।
- ਪ੍ਰੀਤਮ ਸਿੰਘ ਆਜ਼ਾਦ